ਚੰਡੀਗੜ੍ਹ: PM Modi Punjab Visit : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜ ਜਨਵਰੀ ਨੂੰ ਫਿਰੋਜ਼ਪੁਰ ‘ਚ ਤਜਵੀਜ਼ਸ਼ੁਦਾ ਰੈਲੀ ਨੂੰ ਇਤਿਹਾਸ ਬਣਾਉਣ ਲਈ ਭਾਜਪਾ ਨੇ ਅੱਡੀ-ਚੋਟੀ ਦਾ ਜ਼ੋਰ ਲਗਾ ਦਿੱਤਾ ਹੈ। ਕੇਂਦਰੀ ਜਲ ਸ਼ਕਤੀ ਮੰਤਰੀ ਅਤੇ ਪੰਜਾਬ ਭਾਜਪਾ ਦੇ ਚੋਣ ਇੰਚਾਰਜ ਗਜੇਂਦਰ ਸ਼ੇਖਾਵਤ ਨੇ ਅੱਜ ਫਿਰੋਜ਼ਪੁਰ ‘ਚ ਮੀਟਿੰਗ ਕੀਤੀ। ਸ਼ੇਖਾਵਤ ਨੇ ਅੱਜ ਜਿੱਥੇ ਦੂਸਰੀਆਂ ਪਾਰਟੀਆਂ ਛੱਡ ਕੇ ਭਾਜਪਾ ‘ਚ ਸ਼ਾਮਲ ਹੋਣ ਵਾਲੇ ਵਰਕਰਾਂ ਦਾ ਸਨਮਾਨ ਕੀਤਾ, ਉੱਥੇ ਹੀ ਕਿਸਾਨ ਅੰਦੋਲਨ ਦੌਰਾਨ ਭਾਜਪਾ ਛੱਡ ਕੇ ਆਏ ਆਗੂਆਂ ਦੀ ਘਰ ਵਾਪਸੀ ਦੀ ਸੰਭਾਵਨਾ ਨੂੰ ਬਰਕਰਾਰ ਦੱਸਿਆ।
ਸਰਕਟ ਹਾਊਸ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ੇਖਾਵਤ ਨੇ ਕਿਹਾ ਕਿ ਪੰਜਾਬ ‘ਚ ਕਾਂਗਰਸ ਸਰਕਾਰ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ ਤੇ ਹੁਣ ਇਹ ਉਨ੍ਹਾਂ ਲਈ ਲਿਟਮਸ ਟੈਸਟ ਹੈ। ਨੌਕਰੀਆਂ ਲਈ ਸੜਕਾਂ ‘ਤੇ ਧਰਨੇ ਦੇਣ ਵਾਲੇ ਉਮੀਦਵਾਰਾਂ ਨੂੰ ਕਾਂਗਰਸ ਗੁੰਮਰਾਹ ਕਰ ਰਹੀ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਜਾਂ ਪਰਗਟ ਸਿੰਘ ਦੇ ਘਰਾਂ ਦੇ ਬਾਹਰ ਚੱਲ ਰਿਹਾ ਧਰਨਾ ਪ੍ਰਦਰਸ਼ਨ ਦਰਸਾਉਂਦਾ ਹੈ ਕਿ ਲੋਕ ਕਿੰਨੇ ਦੁਖੀ ਹਨ। ਸ਼ੇਖਾਵਤ ਨੇ ਦਾਅਵਾ ਕੀਤਾ ਕਿ ਚੋਣ ਜ਼ਾਬਤਾ ਲਾਗੂ ਹੁੰਦੇ ਹੀ ਪੰਜਾਬ ਵਿੱਚ ਵੱਡੀ ਤਬਦੀਲੀ ਦੇਖਣ ਨੂੰ ਮਿਲੇਗੀ।