ਸੁਖਬੀਰ ਬਾਦਲ ਨੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਕੀਤੇ ਵੱਡੇ ਐਲਾਨ

ਅਬੋਹਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਬੱਲੂਆਣਾ ਵਿਧਾਨ ਸਭਾ ਹਲਕੇ ਤੋਂ ਅਕਾਲੀ ਬਸਪਾ ਉਮੀਦਵਾਰ ਹਰਦੇਵ ਮੇਘ ਦੇ ਹੱਕ ਵਿਚ ਪ੍ਰਚਾਰ ਕੀਤਾ। ਇੱਥੇ ਉਨ੍ਹਾਂ ਵੱਲੋਂ ਵੱਖ ਵੱਖ ਰੈਲੀਆਂ ਨੂੰ ਸੰਬੋਧਨ ਕੀਤਾ ਜਾ ਰਿਹਾ ਹੈ। ਇਸ ਦੌਰਾਨ ਸੁਖਬੀਰ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬੀਆਂ ਦੀ ‘ਆਪ’ ਦੀ ਪਾਰਟੀ ਹੈ ਤੇ ਸੂਬੇ ਦਾ ਵਿਕਾਸ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਮੌਕੇ ਹੀ ਹੋਇਆ ਹੈ।

ਉਨ੍ਹਾਂ ਅਕਾਲੀ-ਬਸਪਾ ਸਰਕਾਰ ਬਣਨ ‘ਤੇ ਨੌਜਵਾਨਾਂ ਲਈ ਕਈ ਐਲਾਨ ਵੀ ਕੀਤੇ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਚ ਪੜ੍ਹਨ ਵਾਲੇ ਬੱਚਿਆਂ ਲਈ ਸਰਕਾਰੀ ਨੌਕਰੀਆਂ ਵਿੱਚ 33 ਫ਼ੀਸਦੀ ਰਾਖਵਾਂਕਰਨ ਹੋਵੇਗਾ। ਇਸ ਤੋਂ ਇਲਾਵਾ ਸਰਕਾਰੀ ਤੇ ਨਿੱਜੀ ਕਾਲਜਾਂ ਵਿੱਚ ਦਾਖ਼ਲੇ ਲਈ ਵੀ ਸਰਕਾਰੀ ਸਕੂਲਾਂ ਚ ਪੜ੍ਹਨ ਵਾਲੇ ਬੱਚਿਆਂ ਲਈ 33 ਫ਼ੀਸਦੀ ਰਾਖਵੀਆਂ ਸੀਟਾਂ ਹੋਣਗੀਆਂ। ਇਸ ਤੋਂ ਇਲਾਵਾ ਪੰਜ ਹਜ਼ਾਰ ਦੀ ਆਬਾਦੀ ਵਾਲੇ ਪਿੰਡਾਂ ਤੇ ਵੱਡੇ ਸਕੂਲ ਖੋਲ੍ਹੇ ਜਾਣਗੇ। ਇਸ ਦੌਰਾਨ ਉਨ੍ਹਾਂ ਨੇ ਹੋਰ ਵੀ ਕਈ ਵੱਡੇ ਐਲਾਨ ਕੀਤੇ। ਆਪਣੇ ਸੰਬੋਧਨ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਲੀਡਰਾਂ ਨੂੰ ਵੀ ਘੇਰਿਆ।