‘ਓਮੀਕ੍ਰੋਨ ਨੂੰ ਫੈਲਣ ਦਿਉ, ਸਾਰੇ ਲੋਕਾਂ ‘ਚ ਵਿਕਸਤ ਹੋ ਜਾਵੇਗੀ ਇਮਿਊਨਿਟੀ’, ਰਿਸਰਚਰ ਕਿਉਂ ਦੇ ਰਹੇ ਅਜਿਹੇ ਤਰਕ

ਕੋਰੋਨਾਵਾਇਰਸ ਦੇ ਓਮੀਕ੍ਰੋਨ ਵੇਰੀਐਂਟ ਨੇ ਦੁਨੀਆ ਭਰ ਵਿਚ ਤਬਾਹੀ ਮਚਾਈ ਹੋਈ ਹੈ। ਹਾਲੀਆ ਅਧਿਐਨਾਂ ‘ਚ ਕਿਹਾ ਗਿਆ ਹੈ ਕਿ ਓਮੀਕ੍ਰੋਨ ਵੇਰੀਐਂਟ ਲੋਕਾਂ ‘ਚ ਤੇਜ਼ੀ ਨਾਲ ਫੈਲ ਰਿਹਾ ਹੈ ਜਿਸ ਕਾਰਨ ਨਵੇਂ ਇਨਫੈਕਟਿਡਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਹਾਲਾਂਕਿ ਵਿਗਿਆਨੀਆਂ ਨੇ ਇਸ ਕਾਰਨ ਹੋਈਆਂ ਮੌਤਾਂ ਨੂੰ ਲੈ ਕੇ ਕੋਈ ਵੱਡਾ ਦਾਅਵਾ ਨਹੀਂ ਕੀਤਾ ਹੈ। ਜੇਕਰ ਅਸੀਂ ਦੱਖਣੀ ਅਫਰੀਕਾ ਅਤੇ ਬ੍ਰਿਟੇਨ ਦੇ ਅੰਕੜਿਆਂ ‘ਤੇ ਝਾਤ ਮਾਰੀਏ ਤਾਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਓਮੀਕ੍ਰੋਨ ਨਾਲ ਇਨਫੈਕਟਿਡ ਮਰੀਜ਼ਾਂ ਦੇ ਹਸਪਤਾਲ ‘ਚ ਭਰਤੀ ਹੋਣ ਜਾਂ ਮੌਤ ਹੋਣ ਦੇ ਮਾਮਲੇ ਬਹੁਤ ਘੱਟ ਹਨ। ਇਸ ਦੇ ਬਾਵਜੂਦ ਖੋਜਕਰਤਾ ਅਜੇ ਵੀ ਪੂਰੀ ਦੁਨੀਆ ਨੂੰ ਅਪੀਲ ਕਰ ਰਹੇ ਹਨ ਕਿ ਉਹ ਇਸ ਦਾ ਪ੍ਰਭਾਵ ਦੇਖਣ ਲਈ ਰੁਕਣ ਅਤੇ ਪੂਰੀ ਸਾਵਧਾਨੀ ਵਰਤਣ।

ਹਾਲਾਂਕਿ, ਇਸ ਦੌਰਾਨ ਬਹੁਤ ਸਾਰੇ ਡਾਕਟਰਾਂ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਓਮੀਕ੍ਰੋਨ ਬਹੁਤ ਘੱਟ ਖ਼ਤਰਨਾਕ ਹੈ। ਇਸ ਲਈ ਸਰਕਾਰਾਂ ਨੂੰ ਲਾਕਡਾਊਨ ਤੇ ਕਰਫਿਊ ਲਗਾ ਕੇ ਰੋਕਣ ਦੀ ਬਜਾਏ ਪੂਰੀ ਆਬਾਦੀ ਤਕ ਫੈਲਣ ਦੇਣਾ ਚਾਹੀਦਾ ਹੈ। ਜਿਨ੍ਹਾਂ ਡਾਕਟਰਾਂ ਵੱਲੋਂ ਇਹ ਗੱਲ ਕਹੀ ਗਈ ਹੈ, ਉਨ੍ਹਾਂ ਵਿਚ ਇਕ ਵੱਡਾ ਨਾਂ ਅਮਰੀਕੀ ਡਾਕਟਰ ਐਫਸ਼ਾਈਨ ਇਮਰਾਨੀ ਦਾ ਹੈ, ਜੋ ਕੈਲੀਫੋਰਨੀਆ ਸਥਿਤ ਲਾਸ ਏਂਜਲਸ ਦੇ ਇਕ ਜਾਣੇ-ਪਛਾਣੇ ਹਾਰਟ ਸਪੈਸ਼ਲਿਸਟ ਹਨ ਤੇ ਉਨ੍ਹਾਂ ਨੇ ਕੋਰੋਨਾ ਮਹਾਮਾਰੀ ਦੌਰਾਨ ਸੈਂਕੜੇ ਕੋਰੋਨਾ ਮਰੀਜ਼ਾਂ ਨੂੰ ਸੰਭਾਲਣ ਵਿੱਚ ਮਦਦ ਕੀਤੀ ਸੀ।

ਕੀ ਹਨ ਡਾਕਟਰਾਂ ਦੀਆਂ ਦਲੀਲਾਂ?

  • ਯੂਕੇ ਤੇ ਦੱਖਣੀ ਅਫ਼ਰੀਕਾ ਦੇ ਸਿਹਤ ਵਿਭਾਗ ਦੇ ਅਧਿਐਨਾਂ ਨੇ ਇਹ ਵੀ ਕਿਹਾ ਕਿ ਓਮੀਕ੍ਰੋਨ ਨਾਲ ਇਨਫੈਕਟਿਡ ਲੋਕਾਂ ਨੂੰ ਦੂਜੇ ਰੂਪਾਂ ਦੇ ਮੁਕਾਬਲੇ 70 ਫ਼ੀਸਦ ਘੱਟ ਹਸਪਤਾਲ ਦੇ ਦੌਰੇ ਦੀ ਲੋੜ ਹੁੰਦੀ ਹੈ।
  • ਇੰਨਾ ਹੀ ਨਹੀਂ ਓਮੀਕ੍ਰੋਨ ਨਾਲ ਲੋਕਾਂ ਦੇ ਮਰਨ ਦੀ ਸੰਭਾਵਨਾ ਵੀ ਬਹੁਤ ਘੱਟ ਹੈ। ਨਾਲ ਹੀ ਉਨ੍ਹਾਂ ‘ਚ ਕੋਰੋਨਾ ਦੇ ਖਿਲਾਫ ਇਮਿਊਨਿਟੀ ਵੀ ਵਿਕਸਿਤ ਹੋਵੇਗੀ, ਜੋ ਲੰਬੇ ਸਮੇਂ ਤਕ ਨਾਲ ਰਹੇਗੀ ਤੇ ਇੱਥੋਂ ਹੀ ਕੋਰੋਨਾ ਮਹਾਮਾਰੀ ਦਾ ਅੰਤ ਸ਼ੁਰੂ ਹੋ ਜਾਵੇਗਾ।
    • ਡਾਕਟਰ ਇਮਰਾਨੀ ਸਮੇਤ ਕਈ ਹੋਰ ਖੋਜੀਆਂ ਦਾ ਕਹਿਣਾ ਹੈ ਕਿ ਓਮੀਕ੍ਰੋਨ ਵੇਰੀਐਂਟ ਡੈਲਟਾ ਵੇਰੀਐਂਟ ਨਾਲੋਂ ਘੱਟ ਖ਼ਤਰਨਾਕ ਹੈ। ਇਸ ਕਾਰਨ ਨਾ ਤਾਂ ਲੋਕ ਗੰਭੀਰ ਰੂਪ ‘ਚ ਬਿਮਾਰ ਹੋਣਗੇ ਤੇ ਨਾ ਹੀ ਉਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਉਣਾ ਪਵੇਗਾ।

    ਇਹ ਹੈ ਵਿਗਿਆਨੀਆਂ ਦਾ ਤਰਕ

    ਕਿਉਂਕਿ ਓਮੀਕ੍ਰੋਨ ਵੇਰੀਐਂਟ ਡੈਲਟਾ ਨਾਲੋਂ ਹਵਾ ‘ਚ 70 ਗੁਣਾ ਤੇਜ਼ੀ ਨਾਲ ਚਲਦਾ ਹੈ, ਇਸ ਲਈ ਇਸ ਦੇ ਫੈਲਣ ਦੀ ਰਫ਼ਤਾਰ ਵੀ ਕਾਫੀ ਤੇਜ਼ ਹੈ ਪਰ ਹੁਣ ਤਕ ਇਹ ਖੋਜ ਲੋਕਾਂ ਨੂੰ ਡੈਲਟਾ ਵੇਰੀਐਂਟ ਦੀ ਤਰ੍ਹਾਂ ਬਿਮਾਰ ਕਿਉਂ ਨਹੀਂ ਕਰ ਰਹੀ ਹੈ, ਇਸ ਦੇ ਪਿੱਛੇ ਹੁਣ ਤਕ ਜਿਹੜੀ ਰਿਸਰਚ ਸਾਹਮਣੇ ਆਈ ਹੈ, ਉਸ ਵਿਚ ਪਾਇਆ ਗਿਆ ਹੈ ਕਿ ਓਮੀਕ੍ਰੋਨ ਵੇਰੀਐਂਟ ਬ੍ਰੌਂਕਸ, ਫੇਫੜਿਆਂ ਤੇ ਸਾਹ ਨਲੀ ਨੂੰ ਜੋੜਨ ‘ਚ ਖ਼ੁਦ ਨੂੰ ਤੇਜ਼ੀ ਨਾਲ ਵਧਾਉਂਦਾ ਹੈ। ਜਦਕਿ ਫੇਫੜਿਆਂ ‘ਤੇ ਇਸ ਦਾ ਜ਼ਿਆਦਾ ਅਸਰ ਨਹੀਂ ਹੁੰਦਾ।

    ਡਾਕਟਰਾਂ ਦਾ ਦਾਅਵਾ ਹੈ ਕਿ ਓਮੀਕ੍ਰੋਨ ਫੇਫੜਿਆਂ ਤਕ ਪਹੁੰਚਦਾ ਹੈ ਤੇ ਡੈਲਟਾ ਨਾਲੋਂ ਬਹੁਤ ਹੌਲੀ ਦਰ ਨਾਲ ਇਨਫੈਕਟ ਕਰਦਾ ਹੈ। ਇਸ ਲਈ ਓਮੀਕ੍ਰੋਨ ਇਨਫੈਕਟਿਡ ਲੋਕਾਂ ਨੂੰ ਆਕਸੀਜਨ ਦੀ ਲੋੜ ਨਹੀਂ ਪੈਂਦੀ। ਇਸ ਤੋਂ ਇਲਾਵਾ, ਸਾਡੀ ਸਾਹ ਨਲੀ ‘ਚ ਇਕ ਲੇਸਦਾਰ ਇਮਿਊਨ ਸਿਸਟਮ ਹੁੰਦਾ ਹੈ, ਜੋ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਣ ਦਾ ਕੇਂਦਰ ਹੁੰਦਾ ਹੈ। ਇਸ ਲਈ ਜਿਵੇਂ ਹੀ ਓਮੀਕ੍ਰੋਨ ਇੱਥੇ ਫੈਲਣਾ ਸ਼ੁਰੂ ਕਰਦਾ ਹੈ, ਇਹ ਕੇਂਦਰ ਆਪਣੇ-ਆਪ ਐਕਟਿਵ ਹੋ ਜਾਂਦਾ ਹੈ ਤੇ ਇਸ ਤੋਂ ਨਿਕਲਣ ਵਾਲੇ ਐਂਟੀਬਾਡੀਜ਼ ਓਮੀਕ੍ਰੋਨ ਨੂੰ ਮਾਰ ਦਿੰਦੇ ਹਨ। ਯਾਨੀ, ਓਮੀਕ੍ਰੋਨ ਸਰੀਰ ਵਿਚ ਆਪਣੇ ਆਪ ‘ਚ ਇਕ ਗੰਭੀਰ ਬਿਮਾਰੀ ਦੇ ਰੂਪ ‘ਚ ਨਹੀਂ ਵਧ ਪਾਉਂਦਾ।

    ਡਾਕਟਰ ਇਮਰਾਨੀ ਨੇ ਦਲੀਲ ਦਿੱਤੀ ਕਿ ਇਹ ਨਹੀਂ ਕਿਹਾ ਜਾ ਸਕਦਾ ਕਿ ਓਮੀਕ੍ਰੋਨ ਮੌਤ ਦਾ ਕਾਰਨ ਨਹੀਂ ਬਣੇਗਾ, ਪਹਿਲਾਂ ਹੀ ਕਿਸੇ ਬਿਮਾਰੀ ਤੋਂ ਪੀੜਤ ਲੋਕ ਤਾਂ ਪ੍ਰਭਾਵਿਤ ਹੋ ਸਕਦੇ ਹਨ, ਪਰ ਸਿਹਤਮੰਦ ਲੋਕਾਂ ਨੂੰ ਜ਼ਿਆਦਾ ਸਮੱਸਿਆਵਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਇਸੇ ਤਰ੍ਹਾਂ ਓਮੀਕ੍ਰੋਨ ਇਕ ਕੁਦਰਤੀ ਟੀਕਾ ਬਣ ਜਾਵੇਗਾ ਤੇ ਮਹਾਂਮਾਰੀ ਦਾ ਖ਼ਾਤਮ ਤੈਅ ਹੈ।

    ਕੀ ਇਨ੍ਹਾਂ ਦਾਅਵਿਆਂ ‘ਤੇ ਭਰੋਸਾ ਸੰਭਵ ਹੈ?

    ਕੋਰੋਨਾ ਦੀ ਪਹਿਲੀ ਲਹਿਰ ਦੌਰਾਨ ਕੋਰੋਨਾ ਦੇ ਡਰ ਨੂੰ ਖਤਮ ਕਰਨ ਕਈ ਦਾਅਵੇ ਕੀਤੇ ਗਏ ਸਨ। ਇਨ੍ਹਾਂ ਵਿਚ ਡਾਕਟਰ ਇਮਰਾਨੀ ਸਮੇਤ ਦੁਨੀਆ ਭਰ ਦੇ ਕਈ ਹੋਰ ਵਿਗਿਆਨੀਆਂ ਦੇ ਦਾਅਵੇ ਸ਼ਾਮਲ ਸਨ। ਉਦੋਂ ਕਿਹਾ ਗਿਆ ਸੀ ਕਿ ਲਾਕਡਾਊਨ ਦਾ ਕੋਰੋਨਾ ਮਾਮਲਿਆਂ ਤੇ ਮੌਤਾਂ ਨੂੰ ਰੋਕਣ ‘ਚ ਜ਼ਿਆਦਾ ਫਾਇਦਾ ਨਹੀਂ ਹੋਵੇਗਾ ਤੇ ਸਵੀਡਨ ਦਾ ਲਾਕਡਾਊਨ ਨਾ ਲਗਾਉਣ ਦਾ ਫੈਸਲਾ ਬਿਲਕੁਲ ਸਹੀ ਸੀ। ਡਾਕਟਰ ਇਮਰਾਨੀ ਨੇ ਨੌਜਵਾਨਾਂ ਤੇ ਸਿਹਤਮੰਦ ਲੋਕਾਂ ਨੂੰ ਟੀਕਾਕਰਨ ਨਾ ਕਰਨ ਦੀ ਵੀ ਵਕਾਲਤ ਕੀਤੀ ਸੀ। ਹਾਲਾਂਕਿ, ਬਾਅਦ ਵਿੱਚ ਉਸਦੇ ਦਾਅਵੇ ਗਲਤ ਸਾਬਤ ਹੋਏ।

    ਇਸ ਦੀ ਸਭ ਤੋਂ ਵੱਡੀ ਉਦਾਹਰਨ ਖੁਦ ਸਵੀਡਨ ‘ਚ ਦੇਖਣ ਨੂੰ ਮਿਲੀ, ਜਿੱਥੇ ਸਰਕਾਰ ਨੇ ਤਾਲਾਬੰਦੀ ਲਗਾਉਣ ਤੋਂ ਇਨਕਾਰ ਕਰ ਦਿੱਤਾ ਤੇ ਛੋਟਾਂ ਜਾਰੀ ਰੱਖੀਆਂ। ਇਸ ਦਾ ਅਸਰ ਇਹ ਹੋਇਆ ਕਿ ਸਵੀਡਨ ਨੂੰ ਆਪਣੇ ਗੁਆਂਢੀ ਮੁਲਕਾਂ (ਨਾਰਵੇ, ਫਿਨਲੈਂਡ ਅਤੇ ਡੈਨਮਾਰਕ) ਦੇ ਮੁਕਾਬਲੇ ਕੋਰੋਨਾ ਦਾ ਸਭ ਤੋਂ ਵੱਧ ਨੁਕਸਾਨ ਹੋਇਆ। ਜਿੱਥੇ ਨਾਰਵੇ ‘ਚ (ਪ੍ਰਤੀ ਕੇਸ ਮਿਲੀਅਨ) ਯਾਨੀ ਇਕ ਮਿਲੀਅਨ ‘ਚੋਂ ਸਿਰਫ 2699 ਲੋਕ ਇਨਫੈਕਟਿਡ ਹੋਏ ਸਨ, ਜਦੋਂਕਿ ਸਵੀਡਨ ਵਿੱਚ ਇਕ ਮਿਲੀਅਨ ‘ਚ 10 ਹਜ਼ਾਰ ਲੋਕ ਇਨਫੈਕਟਿਡ ਪਾਏ ਗਏ ਸਨ ਯਾਨੀ ਨਾਰਵੇ ਨਾਲੋਂ ਚਾਰ ਗੁਣਾ। ਦੂਜੇ ਪਾਸੇ, ਨਾਰਵੇ ‘ਚ ਪ੍ਰਤੀ 10 ਲੱਖ ਲੋਕਾਂ ‘ਚ 50 ਮੌਤਾਂ ਕੋਰੋਨਾ ਨਾਲ ਦਰਜ ਕੀਤੀਆਂ ਗਈਆਂ, ਜਦਕਿ ਸਵੀਡਨ ‘ਚ ਇਹ ਅੰਕੜਾ 575 ਰਿਹਾ ਯਾਨੀ ਆਪਣੇ ਗੁਆਂਢੀ ਮੁਲਕਾਂ ਦੇ ਮੁਕਾਬਲੇ ਕਰੀਬ 10 ਗੁਣਾ।

    ਦੂਜੇ ਪਾਸੇ ਉਹ ਦਾਅਵੇ ਵੀ ਗਲਤ ਸਾਬਿਤ ਹੋਏ, ਜਿਨ੍ਹਾਂ ਵਿੱਚ ਉਨ੍ਹਾਂ ਕਿਹਾ ਸੀ ਕਿ ਸਿਹਤਮੰਦ ਤੇ ਨੌਜਵਾਨਾਂ ਨੂੰ ਟੀਕੇ ਦੀ ਲੋੜ ਨਹੀਂ ਪਵੇਗੀ। ਡੈਲਟਾ ਦੇ ਪ੍ਰਕੋਪ ਦੌਰਾਨ ਇਹ ਪਾਇਆ ਗਿਆ ਕਿ ਇਹ ਵੇਰੀਐਂਟ ਪਹਿਲਾਂ ਤੋਂ ਬਿਮਾਰ ਲੋਕਾਂ ਦੇ ਨਾਲ-ਨਾਲ ਤੰਦਰੁਸਤ ਲੋਕਾਂ ਵਿਚ ਗੰਭੀਰ ਬਿਮਾਰੀਆਂ ਦਾ ਕਾਰਨ ਬਣ ਰਿਹਾ ਸੀ। ਇਸ ਦੇ ਨਾਲ ਹੀ ਬੱਚੇ ਵੀ ਵੱਡੀ ਗਿਣਤੀ ਵਿੱਚ ਇਨਫੈਕਟਿਡ ਪਾਏ ਗਏ। ਯਾਨੀ ਟੀਕੇ ਤੋਂ ਬਿਨਾਂ ਨੌਜਵਾਨਾਂ ਅਤੇ ਸਿਹਤਮੰਦ ਲੋਕਾਂ ‘ਤੇ ਖ਼ਤਰਾ ਲਗਾਤਾਰ ਵਧਦਾ ਗਿਆ।