ਤਣਾਅ ਮੁਕਤ ਰਹਿ ਕੇ ਕਰੋ ਪ੍ਰੀਖਿਆਵਾਂ ਦੀ ਤਿਆਰੀ

ਸਾਡੀ ਜ਼ਿੰਦਗੀ ’ਚ ਬਹੁਤ ਸਾਰੀਆਂ ਪ੍ਰੀਖਿਆਵਾਂ ਆਉਂਦੀਆਂ ਹਨ, ਜਿਸ ਨੂੰ ਲੈ ਕੇ ਘਬਰਾਉਣ ਦੀ ਥਾਂ ਪੂਰੀ ਮਿਹਨਤ ਤੇ ਸੱਚੀ ਲਗਨ ਨਾਲ ਉਸ ਪ੍ਰੀਖਿਆ ਦੀ ਤਿਆਰੀ ਕਰਨੀ ਚਾਹੀਦੀ ਹੈ। ਫਿਰ ਸਾਨੂੰ ਉਸ ਪ੍ਰੀਖਿਆ ’ਚ ਸਫਲਤਾ ਹੀ ਨਹੀਂ ਮਿਲਦੀ ਸਗੋਂ ਹਰ ਔਖੀ ਤੋਂ ਔਖੀ ਪ੍ਰੀਖਿਆ ਵਿੱਚੋਂ ਨਿਕਲਣ ਦੀ ਜਾਚ ਵੀ ਆ ਜਾਂਦੀ ਹੈ।

ਸਮਾਂ ਸਾਰਨੀ ਬਣਾ ਕੇ ਪੜ੍ਹੋ

ਪ੍ਰੀਖਿਆਵਾਂ ਨੇੜੇ ਸਾਨੂੰ ਰੋਜ਼ਾਨਾ ਇਕਾਗਰ ਚਿੱਤ ਹੋ ਕੇ ਸਮਾਂ ਸਾਰਨੀ ਬਣਾ ਕੇ ਪੜ੍ਹਨਾ ਚਾਹੀਦਾ ਹੈ। ਔਖੇ ਸਵਾਲਾਂ ਨੂੰ ਲਿਖ ਕੇ ਯਾਦ ਕਰਨਾ ਚਾਹੀਦਾ ਹੈ। ਰਾਤ ਨੂੰ ਦੇਰ ਰਾਤ ਤਕ ਪੜ੍ਹਨ ਜਾਂ ਫਿਰ ਰੱਟੇ ਲਗਾਉਣ ਨਾਲ ਕੁਝ ਨਹੀਂ ਹੁੰਦਾ, ਜਿਹੜਾ ਸਮਾਂ ਸਾਰਨੀ ਬਣਾ ਕੇ ਇਕਾਗਰ ਚਿੱਤ ਹੋ ਕੇ ਪੱਲੇ ਪੈਂਦਾ ਹੈ। ਪੜ੍ਹਨ ਲਈ ਸਵੇਰੇ ਜਲਦੀ ਉੱਠਣਾ ਫ਼ਾਇਦੇਮੰਦ ਹੁੰਦਾ ਹੈ। ਬਹੁਤੇ ਬੱਚੇ ਪੇਪਰਾਂ ਦੇ ਦਿਨਾਂ ’ਚ ਐਵੈਂ ਹੀ ਤਣਾਅ ਪਾਲ ਲੈਂਦੇ ਹਨ ਤੇ ਮਾਪਿਆਂ ਨੂੰ ਵੀ ਪਰੇਸ਼ਾਨ ਕਰਦੇ ਹਨ।

ਪੇਪਰ ਵਾਲੇ ਦਿਨ ਮੌਕੇ ’ਤੇ ਕੋਈ ਨਾ ਕੋਈ ਚੀਜ਼ ਨਾ ਲੱਭਣ ’ਤੇ ਪੂਰਾ ਘਰ ਸਿਰ ’ਤੇ ਚੁੱਕ ਲੈਂਦੇ ਹਨ, ਜਦੋਂਕਿ ਚਾਹੀਦਾ ਤਾਂ ਇਹ ਹੈ ਕਿ ਇਕ ਦਿਨ ਪਹਿਲਾਂ ਹੀ ਪੇਪਰ ਦੇਣ ਸਬੰਧੀ ਆਪਣੀ ਸਟੇਸ਼ਨਰੀ ਤੇ ਹੋਰ ਸਾਮਾਨ ਇਕ ਜਗ੍ਹਾ ਸੰਭਾਲ ਕੇ ਰੱਖ ਲੈਣਾ ਚਾਹੀਦਾ ਹੈ ਤਾਂ ਜੋ ਸਮੇਂ ’ਤੇ ਆਸਾਨੀ ਨਾਲ ਮਿਲ ਜਾਵੇ ਤੇ ਪੇਪਰ ’ਚ ਪੁੱਜਣ ਲਈ ਦੇਰ ਨਾ ਹੋਵੇ। ਇੰਝ ਕਰਨ ਨਾਲ ਸਾਡਾ ਧਿਆਨ ਬੇਫ਼ਿਕਰ ਹੋ ਕੇ ਸਿਰਫ਼ ਪੜ੍ਹਾਈ ’ਚ ਹੀ ਰਹਿੰਦਾ ਹੈ, ਨਾ ਕਿ ਕਿਸੇ ਚੀਜ਼ ਦੇ ਭੁੱਲਣ ਦੇ ਡਰ ਨਾਲ ਇਧਰ-ਉੱਧਰ ਭਟਕਦਾ ਹੈ।

ਇਕਾਗਰਤਾ ਸਫਲਤਾ ਦੀ ਕੁੰਜੀ

ਪ੍ਰੀਖਿਆ ਸਥਾਨ ’ਤੇ ਸਮੇਂ ਤੋਂ ਪਹਿਲਾਂ ਹੀ ਪਹੁੰਚਣਾ ਸਮਝਦਾਰੀ ਹੈ ਤਾਂ ਜੋ ਤੁਹਾਨੂੰ ਤੁਹਾਡਾ ਕਮਰਾ ਨੰਬਰ, ਰੋਲ ਨੰਬਰ ਜਾਂ ਹੋਰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਹੱਲ ਲੱਭਣ ’ਚ ਸਮਾਂ ਬਰਬਾਦ ਨਾ ਕਰਨਾ ਪਵੇ। ਪ੍ਰੀਖਿਆ ਕੇਂਦਰ ’ਚ ਜਾ ਕੇ ਘਬਰਾਹਟ ਤਾਂ ਬਿਲਕੁਲ ਹੀ ਤਿਆਗ ਦਿਉ। ਖ਼ੁਦ ’ਤੇ ਯਕੀਨ ਰੱਖੋ, ਤੁਹਾਡੇ ਨਾਲ ਕੁਝ ਵੀ ਗ਼ਲਤ ਨਹੀਂ ਹੋਵੇਗਾ। ਇਕਾਗਰਤਾ ਸਫਲਤਾ ਦੀ ਕੁੰਜੀ ਹੈ, ਇਹ ਕਦੇ ਨਾ ਭੁੱਲੋ।

ਪ੍ਰਸ਼ਨ ਪੱਤਰ ਮਿਲਦਿਆਂ ਹੀ ਉਸ ਦੀਆਂ ਹਦਾਇਤਾਂ ਨੂੰ ਧਿਆਨ ਨਾਲ ਪੜ੍ਹੋ। ਲਘੂ ਪ੍ਰਸ਼ਨ ਪਹਿਲਾਂ ਹੱਲ ਕਰ ਲਵੋ, ਠੀਕ ਰਹੇਗਾ ਕਿਉਂਕਿ ਵੱਡੇ ਪ੍ਰਸ਼ਨਾਂ ਦੇ ਉੱਤਰ ਜ਼ਿਆਦਾ ਸਮਾਂ ਲੈਂਦੇ ਹਨ ਤੇ ਉਨ੍ਹਾਂ ਦੇ ਅੰਕ ਵੀ ਪੂਰੇ ਨਹੀਂ ਲਗਦੇ। ਲਘੂ ਸਵਾਲਾਂ ਦੇ ਅੰਕ ਪੂਰੇ ਮਿਲਦੇ ਹਨ। ਕੋਸ਼ਿਸ਼ ਕਰੋ ਕਿ ਤੁਹਾਡੀ ਲਿਖਾਈ ਸੁੰਦਰ ਜਾਂ ਸਪਸ਼ਟ ਹੋਵੇ। ਕਈ ਵਾਰ ਘਬਰਾਹਟ ਤੇ ਕਾਹਲ ’ਚ ਸਾਡੀ ਲਿਖਾਈ ਸੋਹਣੀ ਹੁੰਦਿਆਂ ਵੀ ਅਸੀਂ ਲਿਖਣ ’ਚ ਜਲਦਬਾਜ਼ੀ ਕਰਦੇ ਹਾਂ, ਜਿਸ ਦਾ ਨੁਕਸਾਨ ਇਹ ਹੁੰਦਾ ਹੈ ਕਿ ਮੁਲਾਂਕਣਕਰਤਾ ਨੂੰ ਕੋਈ ਉੱਤਰ ਸਮਝ ਨਾ ਆਉਣ ਦੀ ਸੂਰਤ ’ਚ ਸੰਦੇਹ ਪੈਦਾ ਹੁੰਦਾ ਹੈ ਤੇ ਉਹ ਤੁੱਕੇ ਨਾਲ ਪੂਰੇ ਅੰਕ ਦੇਣ ਦੀ ਬਜਾਇ ਇਕ-ਦੋ ਨੰਬਰ ਜਾਂ ਹੋਰ ਵੀ ਅੰਕ ਘੱਟ ਦਿੰਦਾ ਹੈ, ਜਿਸ ਦਾ ਖਮਿਆਜ਼ਾ ਪ੍ਰੀਖਿਆਰਥੀ ਨੂੰ ਭੁਗਤਣਾ ਪੈਂਦਾ ਹੈ।

ਚੰਗੀ ਤਰ੍ਹਾਂ ਦੇਖ ਲਵੋ ਉੱਤਰਸ਼ੀਟ

ਪੇਪਰ ਹੱਲ ਹੋਣ ਉਪਰੰਤ ਜੇ ਤੁਹਾਡੇ ਕੋਲ ਸਮਾਂ ਬਚਦਾ ਹੈ ਤਾਂ ਉਸ ਨੂੰ ਛੇਤੀ ਪ੍ਰੀਖਿਅਕ ਨੂੰ ਦੇਣ ਦੀ ਬਜਾਇ ਚੰਗੀ ਤਰ੍ਹਾਂ ਨਾਲ ਜਾਂਚ ਲਵੋ ਕਿ ਕਿਤੇ ਕੋਈ ਗ਼ਲਤੀ ਤਾਂ ਨਹੀਂ ਰਹਿ ਗਈ। ਨਕਸ਼ੇ ਵਾਲੇ ਪੇਪਰਾਂ ਵਿਚ ਨਕਸ਼ਾ ਉੱਤਰਸ਼ੀਟ ਨਾਲ ਚੰਗੀ ਤਰ੍ਹਾਂ ਨੱਥੀ ਕਰਨਾ ਚਾਹੀਦਾ ਹੈ। ਥੋੜ੍ਹੀ ਜਿਹੀ ਲਾਪਰਵਾਹੀ ਕਾਰਨ ਕਈ ਵਾਰ ਨਕਸ਼ਾ ਸ਼ੀਟ ਤੋਂ ਉੱਖੜ ਜਾਂਦਾ ਹੈ ਤੇ ਮੁਲਾਂਕਣਕਰਤਾ ਕੋਲ ਨਹੀਂ ਪਹੁੰਚਦਾ, ਜਿਸ ਕਾਰਨ ਪ੍ਰੀਖਿਅਰਥੀ ਅੰਕਾਂ ਤੋਂ ਵਾਂਝਾ ਰਹਿ ਜਾਂਦਾ ਹੈ। ਜੇ ਤੁਹਾਨੂੰ ਪ੍ਰਸ਼ਨ ਪੱਤਰ ਵਿਚ ਕੁਝ ਸਮਝ ਨਹੀਂ ਆਉਂਦਾ ਤਾਂ ਪ੍ਰੀਖਿਅਕ ਤੋਂ ਪੁੱਛਣ ਵਿਚ ਗੁਰੇਜ਼ ਨਾ ਕਰੋ ਕਿਉਂਕਿ ਇਹ ਤੁਹਾਡਾ ਹੱਕ ਹੈ ਅਤੇ ਪ੍ਰੀਖਿਅਕ ਦਾ ਫ਼ਰਜ਼। ਆਪਣੇ ਪੇਪਰ ਲਗਨ ਅਤੇ ਧਿਆਨ ਪੂਰਵਕ ਕਰਦੇ ਰਹੋ। ਕਈ ਵਾਰੀ ਕੋਈ ਪਿੱਛੇ ਜਾਂ ਅੱਗੇ ਬੈਠਾ ਪ੍ਰੀਖਿਆਰਥੀ ਨਕਲ ਲਈ ਤੁਹਾਨੂੰ ਆਖਦਾ ਜਾਂ ਕੋਈ ਸਵਾਲ-ਜਵਾਬ ਕਰਦਾ ਹੈ ਤਾਂ ਉਸ ਨੂੰ ਸਾਫ਼ ਮਨ੍ਹਾ ਕਰ ਦਿਉ ਕਿ ਇਸ ਮਾਮਲੇ ’ਚ ਤੁਸੀਂ ਉਸ ਦੀ ਕੋਈ ਮਦਦ ਨਹੀਂ ਕਰ ਸਕਦੇ। ਜੇ ਤੁਸੀਂ ਉਸ ਨਾਲ ਸਮਝੌਤਾ ਕਰਦੇ ਹੋ ਤਾਂ ਇਸ ਨਾਲ ਨਾ ਸਿਰਫ਼ ਤੁਹਾਡਾ ਕੀਮਤੀ ਸਮਾਂ ਖ਼ਰਾਬ ਹੁੰਦਾ ਹੈ ਸਗੋਂ ਤੁਸੀਂ ਨਕਲ ਕਰਵਾਉਣ ਲਈ ਅਪਰਾਧੀ ਵੀ ਮੰਨੇ ਜਾਂਦੇ ਹੋ।

ਅਭਿਆਸ ਸਫਲਤਾ ਦਾ ਮੂਲ ਮੰਤਰ

ਜੇ ਬੱਚਿਆਂ ਦੀਆਂ ਪ੍ਰੀਖਿਆਵਾਂ ਦੀ ਗੱਲ ਕਰੀਏ ਤਾਂ ਜ਼ਿਆਦਾਤਰ ਬੱਚੇ ਪੇਪਰਾਂ ਨੇੜੇ ਕਾਫ਼ੀ ਤਣਾਅ ’ਚ ਹੁੰਦੇ ਹਨ। ਖ਼ਾਸ ਕਰ ਇਹ ਸੋਚ ਕੇ ਕਿ ਇਸ ਵਾਰ ਉਹ ਆਪਣੇ ਮਾਪਿਆਂ ਤੇ ਅਧਿਆਪਕਾਂ ਦੀਆਂ ਉਮੀਦਾਂ ’ਤੇ ਖ਼ਰੇ ਉਤਰਨਗੇ ਜਾਂ ਨਹੀਂ। ਭਾਵੇਂ ਉਨ੍ਹਾਂ ਨੂੰ ਇਹ ਵਿਸ਼ਵਾਸ ਜ਼ਰੂਰ ਹੁੰਦਾ ਹੈ ਕਿ ਉਹ ਪਾਸ ਤਾਂ ਹੋ ਹੀ ਜਾਣਗੇ ਪਰ ਨਤੀਜਾ ਕੁਝ ਵਧੀਆ ਆਵੇ। ਇਸ ਮੁਕਾਬਲੇ ਦੇ ਯੁੱਗ ’ਚ ਹੁਸ਼ਿਆਰ ਵਿਦਿਆਰਥੀ ਵੀ ਡਿਪਰੈਸ਼ਨ ਤੋਂ ਨਹੀਂ ਬਚਦੇ। ਪ੍ਰੀਖਿਆਵਾਂ ਨੇੜੇ ਹਰ ਵਿਦਿਆਰਥੀ ਨੂੰ ਤਣਾਅ ਵਿੱਚੋਂ ਲੰਘਣਾ ਪੈਂਦਾ ਹੈ ਪਰ ਇਸ ਤਣਾਅ ਨੂੰ ਕਿਵੇਂ ਘਟਾਇਆ ਜਾਵੇ, ਸਵਾਲ ਇਹ ਪੈਦਾ ਹੁੰਦਾ ਹੈ। ਇਸ ਲਈ ਮਿਹਨਤ ਤੇ ਲਗਨ ਤਾਂ ਜ਼ਰੂਰੀ ਹੈ ਹੀ, ਨਿਰੰਤਰ ਅਭਿਆਸ ਵੀ ਸਫਲਤਾ ਦਾ ਮੂਲ ਮੰਤਰ ਹੈ। ਵਾਧੂ ਦੀ ਚਿੰਤਾ ਨਾਲ ਸਮੱਸਿਆ ਹੱਲ ਨਹੀਂ ਹੁੰਦੀ ਸਗੋਂ ਹੋਰ ਸਮੱਸਿਆ ਪੈਦਾ ਹੁੰਦੀ ਹੈ। ਕਈ ਵਾਰੀ ਤਾਂ ਘਬਰਾਹਟ ਤੇ ਅਫਰਾ-ਤਫਰੀ ’ਚ ਅਸੀਂ ਕੁਝ ਸਵਾਲ ਲਿਖਣੇ ਭੁੱਲ ਜਾਂਦੇ ਹਾਂ ਤੇ ਬਾਅਦ ਵਿਚ ਖ਼ੁੁਦ ਨੂੰ ਕੋਸਦੇ ਰਹਿੰਦੇ ਹਾਂ।

ਮੋਬਾਈਲ ਤੇ ਟੀਵੀ ਤੋਂ ਰੱਖੋ ਦੂਰੀ

ਪ੍ਰੀਖਿਆਵਾਂ ਦੇ ਦਿਨਾਂ ’ਚ ਮੋਬਾਈਲ ਤੇ ਟੀਵੀ ’ਚ ਦਿਲਚਸਪੀ ਨਾ ਰੱਖੋ। ਬਹੁਤੇ ਬੱਚੇ ਪੜ੍ਹਦੇ-ਪੜ੍ਹਦੇ ਟੀਵੀ ਦੇਖਦੇ ਰਹਿੰਦੇ ਹਨ ਤੇ ਮਾਪਿਆਂ ਨੂੰ ਇਹ ਗੱਲ ਕਹਿ ਕੇ ਸੰਤੁਸ਼ਟ ਕਰ ਦਿੰਦੇ ਹਨ ਕਿ ਉਹ ਜੋ ਪੜ੍ਹ ਰਹੇ ਹਨ, ਉਨ੍ਹਾਂ ਦੇ ਪੱਲੇ ਪੈ ਰਿਹਾ ਹੈ, ਇਸ ਲਈ ਥੋੜ੍ਹਾ-ਬਹੁਤ ਟੀਵੀ ਤੇ ਮੋਬਾਈਲ ਵੇਖ ਲੈਣ ’ਚ ਕੋਈ ਹਰਜ਼ ਨਹੀਂ ਪਰ ਇਹ ਗ਼ਲਤ ਹੈ। ਕੁਝ ਦਿਨਾਂ ਦੀ ਗੱਲ ਹੈ ਫਿਰ ਖ਼ੂਬ ਖੇਡਣਾ ਤੇ ਟੀਵੀ ਵੀ ਵੇਖਣਾ। ਸੋ ਬੀਤੇ ਸਮੇਂ ’ਚ ਕੀਤੀਆਂ ਗ਼ਲਤੀਆਂ ਨੂੰ ਭੁਲਾ ਕੇ ਅੱਜ ਤੋਂ ਹੀ ਨਹੀਂ, ਹੁਣੇ ਤੋਂ ਪੜ੍ਹਨ ਲਈ ਡਟ ਜਾਓ।

– ਹਰਿੰਦਰ ਸਿੰਘ ਗੋਗਨਾ