ਆਓ ਸਿੱਖੀਏ! ਕੰਪਿਊਟਰ ਦੀ ਏ ਬੀ ਸੀ

ਕੰਪਿਊਟਰ ਆਧੁਨਿਕ ਯੁੱਗ ਦਾ ਵਡਮੁੱਲਾ ਵਰਦਾਨ ਹੈ। ਮੌਜੂਦਾ ਸਮੇਂ ਸ਼ਾਇਦ ਹੀ ਕੋਈ ਅਜਿਹਾ ਖੇਤਰ ਹੋਵੇ, ਜਿੱਥੇ ਕੰਪਿਊਟਰ ਦੀ ਵਰਤੋਂ ਨਾ ਹੋ ਰਹੀ ਹੋਵੇ। ਵਿਦਿਆਰਥੀ ਇਸ ਦੀ ਹਾਂ-ਪੱਖੀ ਵਰਤੋਂ ਕਰ ਕੇ ਆਪਣੇ ਸੁਨਹਿਰੀ ਭਵਿੱਖ ਦੀ ਨੀਂਹ ਰੱਖ ਸਕਦੇ ਹਨ। ਆਓ ਸਿੱਖਦੇ ਹਾਂ ਕੰਪਿਊਟਰ ਵਿਸ਼ੇ ਨਾਲ ਸਬੰਧਤ ਅੰਗਰੇਜ਼ੀ ਦੀ ਵਰਣਮਾਲਾ:-

A (ਐਪਲ)

ਐਪਲ ਨਾਂ ਤੋਂ ਭੁਲੇਖਾ ਨਾ ਖਾ ਜਾਇਓ, ਇਹ ਕੋਈ ਖਾਣ ਵਾਲਾ ਫਲ ਨਹੀਂ ਹੈ ਸਗੋਂ ਇਹ ਅਮਰੀਕੀ ਬਹੁ-ਰਾਸ਼ਟਰੀ ਤਕਨਾਲੋਜੀ ਕੰਪਨੀ ਹੈ, ਜੋ ਇਲੈਕਟ੍ਰਾਨਿਕਸ, ਕੰਪਿਊਟਰ ਸਾਫਟਵੇਅਰ ਤੇ ਆਨਲਾਈਨ ਸੇਵਾਵਾਂ ’ਚ ਮਾਹਿਰ ਹੈ। ਐਪਲ ਦੀ ਸਥਾਪਨਾ 1976 ’ਚ ਸਟੀਵ ਜੌਬਸ, ਸਟੀਵ ਵੋਜਨਿਆਕ ਤੇ ਰੋਨਾਲਡ ਵੇਨ ਦੁਆਰਾ ਵੋਜਨਿਆਕ ਦੇ ‘ਐਪਲ-1’ ਨਿੱਜੀ ਕੰਪਿਊਟਰ ਨੂੰ ਵਿਕਸਤ ਕਰਨ ਤੇ ਵੇਚਣ ਲਈ ਕੀਤੀ ਗਈ ਸੀ।

B (ਬਿੱਟ)

ਇਕ ਬਿੱਟ (ਬਾਈਨਰੀ ਅੰਕ) ਮਾਪ ਦੀ ਸਭ ਤੋਂ ਛੋਟੀ ਇਕਾਈ ਹੈ, ਜੋ ਕੰਪਿਊਟਰ ਡਾਟਾ ਨੂੰ ਮਾਪਣ ਲਈ ਵਰਤੀ ਜਾਂਦੀ ਹੈ।

C (ਸੀਪੀਯੂ)

ਇਸ ਦਾ ਪੂਰਾ ਨਾਂ ‘ਸੈਂਟਰਲ ਪ੍ਰੋਸੈਸਿੰਗ ਯੂਨਿਟ’ ਹੈ। ਸੀਪੀਯੂ ਕੰਪਿਊਟਰ ਦਾ ਪ੍ਰਾਇਮਰੀ ਕੰਪੋਨੈਂਟ ਹੈ, ਜੋ ਹਦਾਇਤਾਂ ਦੀ ਪ੍ਰਕਿਰਿਆ ਕਰਦਾ ਹੈ।

D (ਡੈਸਕਟਾਪ)

ਜਦੋਂ ਤੁਸੀਂ ਆਪਣੇ ਕੰਪਿਊਟਰ ਨੂੰ ਬੂਟ ਕਰਦੇ ਹੋ ਤਾਂ ਸ਼ੁਰੂਆਤੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਡੈਸਕਟਾਪ ਪ੍ਰਦਰਸ਼ਤਿ ਹੁੰਦਾ ਹੈ ਜਾਂ ਦੂਜੇ ਸ਼ਬਦਾਂ ’ਚ ਕੰਪਿਊਟਰ ਦੀ ਮੁੱਢਲੀ ਸਕਰੀਨ ਨੂੰ ਡੈਸਕਟਾਪ ਕਿਹਾ ਜਾਂਦਾ ਹੈ।

E (ਈਮੇਲ)

ਇਸ ਦਾ ਪੂਰਾ ਨਾਂ ‘ਇਲੈਕਟ੍ਰਾਨਿਕ ਮੇਲ’ ਹੈ। ਵੈੱਬ ਦੇ ਨਾਲ-ਨਾਲ ਇੰਟਰਨੈੱਟ ਦੀਆਂ ਸਭ ਤੋਂ ਵੱਧ ਵਰਤੀਆਂ ਜਾਣ ਵਾਲੀਆਂ ਵਿਸ਼ੇਸ਼ਤਾਵਾਂ ਵਿੱਚੋਂ ਇਕ ਹੈ। ਇਹ ਤੁਹਾਨੂੰ ਦੁਨੀਆ ’ਚ ਕਿਤੇ ਵੀ ਈਮੇਲ ਪਤੇ ਵਾਲੇ ਕਿਸੇ ਵੀ ਵਿਅਕਤੀ ਨੂੰ ਸੰਦੇਸ਼ ਭੇਜਣ ਤੇ ਪ੍ਰਾਪਤ ਕਰਨ ਦੀ ਇਜਾਜ਼ਤ ਦਿੰਦੀ ਹੈ।

F (ਫਾਈਲ)

ਇਕ ਫਾਈਲ ਇਕ ਯੂਨਿਟ ’ਚ ਸਟੋਰ ਕੀਤੇ ਡਾਟੇ ਦਾ ਇਕ ਸੰਗ੍ਰਹਿ ਹੈ। ਇਕ ਫਾਈਲ ਨਾਂ ਦੁਆਰਾ ਪਛਾਣੀ ਜਾਂਦੀ ਹੈ। ਇਹ ਇਕ ਦਸਤਾਵੇਜ਼ ਤਸਵੀਰ, ਆਡੀਓ ਜਾਂ ਵੀਡੀਓ ਸਟ੍ਰੀਮ, ਡਾਟਾ ਲਾਇਬ੍ਰੇਰੀ, ਐਪਲੀਕੇਸ਼ਨ ਜਾਂ ਡਾਟਾ ਦਾ ਹੋਰ ਸੰਗ੍ਰਹਿ ਹੋ ਸਕਦਾ ਹੈ।

G (ਗੂਗਲ ਡਰਾਈਵ)

ਇਹ ਗੂਗਲ ਦੁਆਰਾ ਪੇਸ਼ ਕੀਤੀ ਗਈ ਇਕ ਸੇਵਾ ਹੈ, ਜੋ ਤੁਹਾਨੂੰ ਫਾਈਲਾਂ ਨੂੰ ਆਨਲਾਈਨ ਸਟੋਰ ਤੇ ਸ਼ੇਅਰ ਕਰਨ ਦੀ ਆਗਿਆ ਦਿੰਦੀ ਹੈ। ਇਹ ਸੇਵਾ 24 ਅਪ੍ਰੈਲ, 2012 ਨੂੰ ਸ਼ੁਰੂ ਕੀਤੀ ਗਈ ਸੀ ਤੇ 5 ਜੀਬੀ ਮੁਫਤ ਸਟੋਰੇਜ ਪ੍ਰਦਾਨ ਕਰਦੀ ਹੈ। ਵਾਧੂ ਸਟੋਰੇਜ ਮਹੀਨਾਵਾਰ ਫੀਸ ਨਾਲ ਖ਼ਰੀਦੀ ਜਾ ਸਕਦੀ ਹੈ।

H (ਹਾਰਡ ਡਿਸਕ)

ਜਦੋਂ ਤੁਸੀਂ ਡਾਟਾ ਕੰਪਿਊਟਰ ’ਤੇ ਸੁਰੱਖਿਅਤ ਕਰਦੇ ਹੋ ਜਾਂ ਆਪਣੇ ਕੰਪਿਊਟਰ ’ਤੇ ਪ੍ਰੋਗਰਾਮ ਸਥਾਪਿਤ ਕਰਦੇ ਹੋ ਤਾਂ ਜਾਣਕਾਰੀ ਆਮ ਤੌਰ ’ਤੇ ਤੁਹਾਡੀ ਹਾਰਡ ਡਿਸਕ ’ਤੇ ਲਿਖੀ ਜਾਂਦੀ ਹੈ। ਇਹ ਇਕ ਸਟੋਰੇਜ ਡਿਵਾਈਸ ਹੈ।

I (ਆਈਕਨ)

ਕੰਪਿਊਟਰ ਸਕਰੀਨ ’ਤੇ ਆਈਕਾਨ ਤੁਹਾਡੀ ਹਾਰਡ ਡਰਾਈਵ ’ਤੇ ਕਿਸੇ ਵਸਤੂ ਜਾਂ ਪ੍ਰੋਗਰਾਮ ਨੂੰ ਦਰਸਾਉਂਦਾ ਹੈ।

J (ਜਾਵਾ)

ਇਹ ਉੱਚ-ਪੱਧਰੀ ਪ੍ਰੋਗਰਾਮਿੰਗ ਭਾਸ਼ਾ ਹੈ, ਜੋ ਸਨ-ਮਾਈਕ੍ਰੋ ਸਿਸਟਮ ਦੁਆਰਾ ਵਿਕਸਤ ਕੀਤੀ ਗਈ ਹੈ। ਇਹ ਅਸਲ ’ਚ ਸੈੱਟਟਾਪ ਬਾਕਸ ਅਤੇ ਹੈਂਡਹੈਲਡ ਡਿਵਾਈਸਾਂ ਲਈ ਪ੍ਰੋਗਰਾਮਾਂ ਨੂੰ ਵਿਕਸਤ ਕਰਨ ਲਈ ਤਿਆਰ ਕੀਤਾ ਗਿਆ ਸੀ ਪਰ ਬਾਅਦ ’ਚ ਵੈੱਬ ਐਪਲੀਕੇਸ਼ਨ ਬਣਾਉਣ ਲਈ ਪ੍ਰਸਿੱਧ ਬਦਲ ਬਣ ਗਿਆ।

K (ਕੀਬੋਰਡ)

ਇਸ ਨੂੰ ‘ਕੀਜ਼ ਦਾ ਬੋਰਡ’ ਵੀ ਕਹਿੰਦੇ ਹਨ। ਮਾਊਸ ਨਾਲ ਕੀਬੋਰਡ ਕੰਪਿਊਟਰ ਨਾਲ ਵਰਤੇ ਜਾਣ ਵਾਲੇ ਪ੍ਰਾਇਮਰੀ ਇਨਪੁੱਟ ਯੰਤਰਾਂ ਵਿੱਚੋਂ ਇਕ ਹੈ।

L (ਲੈਪਟਾਪ)

ਇਸ ਨੂੰ ਨੋਟਬੁੱਕ ਵੀ ਕਿਹਾ ਜਾਂਦਾ ਹੈ। ਉਹ ਪੋਰਟੇਬਲ ਕੰਪਿਊਟਰ ਹੁੰਦੇ ਹਨ, ਜਿਨ੍ਹਾਂ ਨੂੰ ਤੁਸੀਂ ਆਪਣੇ ਨਾਲ ਲਿਜਾ ਸਕਦੇ ਹੋ ਅਤੇ ਵੱਖ-ਵੱਖ ਵਾਤਾਵਰਨਾਂ ’ਚ ਵਰਤ ਸਕਦੇ ਹੋ।

M (ਮਾਈਕ੍ਰੋਸਾਫਟ)

ਮਾਈਕ੍ਰੋਸਾਫਟ ਯੂਐੱਸ ਅਧਾਰਤ ਤਕਨਾਲੋਜੀ ਕੰਪਨੀ ਹੈ। ਇਸ ਦੀ ਸਥਾਪਨਾ ਬਿਲ ਗੇਟਸ ਤੇ ਪਾਲ ਐਲਨ ਵੱਲੋਂ 1975 ’ਚ ਕੀਤੀ ਗਈ ਸੀ ਤੇ ਤੇਜ਼ੀ ਨਾਲ ਵਿਸ਼ਵ ਦੀ ਸਭ ਤੋਂ ਵੱਡੀ ਸਾਫਟਵੇਅਰ ਕੰਪਨੀ ਬਣ ਗਈ।

N ( ਨੈੱਟਵਰਕ)

ਇਕ ਨੈੱਟਵਰਕ ’ਚ ਕਈ ਉਪਕਰਨ ਹੁੰਦੇ ਹਨ, ਜੋ ਇਕ-ਦੂਜੇ ਨਾਲ ਸੰਚਾਰ ਕਰਦੇ ਹਨ। ਇਹ ਦੋ ਕੰਪਿਊਟਰਾਂ ਜਿੰਨਾ ਛੋਟਾ ਜਾਂ ਅਰਬਾਂ ਯੰਤਰਾਂ ਜਿੰਨਾ ਵੱਡਾ ਹੋ ਸਕਦਾ ਹੈ।

O (ਓਪਰੇਟਿੰਗ ਸਿਸਟਮ)

ਇਹ ਸਿਸਟਮ ਸਾਫਟਵੇਅਰ ਹੈ, ਜੋ ਹਾਰਡਵੇਅਰ ਨਾਲ ਸੰਚਾਰ ਕਰਦਾ ਹੈ ਤੇ ਹੋਰ ਪ੍ਰੋਗਰਾਮਾਂ ਨੂੰ ਚਲਾਉਣ ਦੀ ਆਗਿਆ ਦਿੰਦਾ ਹੈ। ਇਸ ’ਚ ਸਿਸਟਮ ਸਾਫਟਵੇਅਰ ਤੇ ਤੁਹਾਡੇ ਕੰਪਿਊਟਰ ਨੂੰ ਬੂਟ ਹੋਣ ਤੇ ਕੰਮ ਕਰਨ ਲਈ ਲੋੜੀਂਦੀਆਂ ਬੁਨਿਆਦੀ ਫਾਈਲਾਂ ਸ਼ਾਮਿਲ ਹੁੰਦੀਆਂ ਹਨ।

P (ਪਿ੍ਰੰਟਰ)

ਪਿ੍ਰੰਟਰ ਆਉਟਪੁੱਟ ਉਪਕਰਨ ਹੈ, ਜੋ ਕੰਪਿਊਟਰ ਤੋਂ ਕਾਗਜ਼ ’ਤੇ ਜਾਣਕਾਰੀ ਛਾਪਦਾ ਹੈ। ਇਸ ’ਚ ਟੈਕਸਟ ਦਸਤਾਵੇਜ਼, ਚਿੱਤਰ ਜਾਂ ਦੋਵਾਂ ਦਾ ਸੁਮੇਲ ਸ਼ਾਮਲ ਹੈ।

Q (ਕਿਊਆਰ ਕੋਡ)

ਇਕ ਕਿਊਆਰ ਕੋਡ (ਤੁਰੰਤ ਜਵਾਬ) ਬਾਰਕੋਡ ਦੀ ਇਕ ਕਿਸਮ ਹੈ, ਜਿਸ ’ਚ ਬਿੰਦੀਆਂ ਦਾ ਇਕ ਮੈਟਰਿਕਸ ਹੁੰਦਾ ਹੈ। ਇਸ ਨੂੰ ਕਿਊਆਰ ਸਕੈਨਰ ਜਾਂ ਬਿਲਟ-ਇਨ ਕੈਮਰੇ ਵਾਲੇ ਸਮਾਰਟਫੋਨ ਦੀ ਵਰਤੋਂ ਕਰ ਕੇ ਸਕੈਨ ਕੀਤਾ ਜਾ ਸਕਦਾ ਹੈ।

R (ਰੀਸਾਈਕਲਬਿਨ)

ਜਦੋਂ ਤੁਸੀਂ ਵਿੰਡੋਜ਼ ’ਚ ਇਕ ਫਾਈਲ ਜਾਂ ਫੋਲਡਰ ਨੂੰ ਮਿਟਾਉਂਦੇ ਹੋ ਤਾਂ ਇਸ ਨੂੰ ਰੀਸਾਈਕਲਬਿਨ ’ਚ ਰੱਖਿਆ ਜਾਂਦਾ ਹੈ। ਆਈਟਮਾਂ ਨੂੰ ਉਪਭੋਗਤਾ ਦੁਆਰਾ ਸਥਾਈ ਤੌਰ ’ਤੇ ਮਿਟਾਉਣ ਤੋਂ ਪਹਿਲਾਂ ਰੀਸਾਈਕਲਬਿਨ ’ਚ ਅਸਥਾਈ ਤੌਰ ’ਤੇ ਸਟੋਰ ਕੀਤਾ ਜਾਂਦਾ ਹੈ।

S (ਸਕੈਨਰ)

ਸਕੈਨਰ ਇਨਪੁੱਟ ਡਿਵਾਈਸ ਹੈ, ਜੋ ਦਸਤਾਵੇਜ਼ਾਂ, ਜਿਵੇਂ ਫੋਟੋਆਂ ਤੇ ਟੈਕਸਟ ਦੇ ਪੰਨਿਆਂ ਨੂੰ ਸਕੈਨ ਕਰਦਾ ਹੈ। ਜਦੋਂ ਕੋਈ ਦਸਤਾਵੇਜ਼ ਸਕੈਨ ਕੀਤਾ ਜਾਂਦਾ ਹੈ ਤਾਂ ਇਹ ਇਕ ਡਿਜੀਟਲ ਫਾਰਮੈਟ ’ਚ ਬਦਲ ਜਾਂਦਾ ਹੈ।

T (ਟੈਬਲੇਟ)

ਟੈਬਲੇਟ ਜਾਂ ਟੈਬਲੇਟ ਪੀਸੀ ਪੋਰਟੇਬਲ ਕੰਪਿਊਟਰ ਹੈ, ਜੋ ਟੱਚ ਸਕਰੀਨ ਨੂੰ ਇਸ ਦੇ ਪ੍ਰਾਇਮਰੀ ਇਨਪੁੱਟ ਡਿਵਾਈਸ ਵਜੋਂ ਵਰਤਦਾ ਹੈ। ਜ਼ਿਆਦਾਤਰ ਟੈਬਲੇਟਾਂ ਥੋੜ੍ਹੀਆਂ ਛੋਟੀਆਂ ਹੁੰਦੀਆਂ ਹਨ ਤੇ ਔਸਤ ਲੈਪਟਾਪ ਤੋਂ ਘੱਟ ਵਜ਼ਨ ਵਾਲੀਆਂ ਹੁੰਦੀਆਂ ਹਨ।

U (ਯੂਐੱਸਬੀ)

ਇਸ ਦਾ ਪੂਰਾ ਨਾਂ ‘ਯੂਨੀਵਰਸਲ ਸੀਰੀਅਲ ਬੱਸ’ ਹੈ। ਆਧੁਨਿਕ ਕੰਪਿਊਟਰਾਂ ’ਤੇ ਪਾਈ ਜਾਣ ਵਾਲੀ ਸਭ ਤੋਂ ਆਮ ਕਿਸਮ ਦੀ ਪੋਰਟ ਹੈ। ਇਹ ਵੱਖ-ਵੱਖ ਪੈਰੀਫਿਰਲਾਂ, ਜਿਵੇਂ ਕੀਬੋਰਡ, ਮਾਊਸ, ਗੇਮ ਕੰਟਰੋਲਰ, ਪਿ੍ਰੰਟਰ, ਸਕੈਨਰ ਅਤੇ ਬਾਹਰੀ ਸਟੋਰੇਜ ਡਿਵਾਈਸਾਂ ਨੂੰ ਜੋੜਨ ਲਈ ਵਰਤਿਆ ਜਾਂਦਾ ਹੈ।

V (ਵਾਇਰਸ)

ਕੰਪਿਊਟਰ ਵਾਇਰਸ ਛੋਟੇ ਪ੍ਰੋਗਰਾਮ ਜਾਂ ਸਕਿ੍ਰਪਟ ਹੁੰਦੇ ਹਨ, ਜੋ ਤੁਹਾਡੇ ਕੰਪਿਊਟਰ ਨੂੰ ਨੁਕਸਾਨ ਕਰਨ ਲਈ ਬਣਾਏ ਗਏ ਹੁੰਦੇ ਹਨ। ਇਹ ਖ਼ਤਰਨਾਕ ਛੋਟੇ ਪ੍ਰੋਗਰਾਮ ਫਾਈਲਾਂ ਬਣਾ ਸਕਦੇ ਹਨ, ਫਾਈਲਾਂ ਨੂੰ ਮੂਵ ਕਰ ਸਕਦੇ ਹਨ, ਫਾਈਲਾਂ ਨੂੰ ਮਿਟਾ ਸਕਦੇ ਹਨ ਤੇ ਤੁਹਾਡੇ ਕੰਪਿਊਟਰ ਦੀ ਮੈਮੋਰੀ ਨੂੰ ਵਰਤ ਸਕਦੇ ਹਨ।

W (ਵਿੰਡੋਜ਼)

ਵਿੰਡੋਜ਼ ਮਾਈਕ੍ਰੋਸਾਫਟ ਵੱਲੋਂ ਵਿਕਸਤ ਡੈਸਕਟਾਪ ਓਪਰੇਟਿੰਗ ਸਿਸਟਮ ਹੈ। ਪਿਛਲੇ ਤਿੰਨ ਦਹਾਕਿਆਂ ਤੋਂ ਵਿੰਡੋਜ਼ ਨਿੱਜੀ ਕੰਪਿਊਟਰਾਂ ਲਈ ਸਭ ਤੋਂ ਪ੍ਰਸਿੱਧ ਓਪਰੇਟਿੰਗ ਸਿਸਟਮ ਰਿਹਾ ਹੈ।

X

ਇਸ ਦਾ ਪੂਰਾ ਨਾਮ ‘ਐਕਸਟੈਂਸੀਬਲ ਹਾਈਪਰਟੈਕਸਟ ਮਾਰਕਅੱਪ ਲੈਂਗੁਏਜ’ ਹੈ। ਇਹ ਮਾਰਕਅੱਪ ਭਾਸ਼ਾ ਹੈ, ਜੋ ਵੈੱਬਪੇਜ ਬਣਾਉਣ ਲਈ ਵਰਤੀ ਜਾਂਦੀ ਹੈ।

Y (ਯੋਟਾਬਾਈਟ)

ਇਕ ਯੋਟਾਬਾਈਟ (ਸੰਖੇਪ ਵਾਈ ਬੀ) 1,000 ਜੈਟਾਬਾਈਟ ਦੇ ਬਰਾਬਰ ਹੈ ਤੇ ਡਾਟਾ ਨੂੰ ਮਾਪਣ ਲਈ ਵਰਤੀ ਜਾਣ ਵਾਲੀ ਮਾਪ ਦੀ ਸਭ ਤੋਂ ਵੱਡੀਆਂ ਇਕਾਈਆਂ ਦੀ ਅੰਤਰਰਾਸ਼ਟਰੀ ਪ੍ਰਣਾਲੀ ਹੈ।

Z (ਜ਼ਿਪ)

ਜ਼ਿਪ ਇਕ ਆਮ ਕਿਸਮ ਦੀ ਫਾਈਲ ਕੰਪਰੈਸ਼ਨ ਹੈ। ਇਕ ਜਾਂ ਇਕ ਤੋਂ ਵੱਧ ਫਾਈਲਾਂ ਨੂੰ ਛੋਟੇ ਰੂਪ ’ਚ ਇਕ ਫਾਈਲ ਦੇ ਰੂਪ ’ਚ ਤਬਦੀਲ ਕਰ ਦਿੰਦਾ ਹੈ।

– ਜਗਜੀਤ ਸਿੰਘ ਗਣੇਸ਼ਪੁਰ