ਕੇਂਦਰੀ ਮੰਤਰੀ ਰਿਜਿਜੂ ਬੋਲੇ- ਧਮਾਕੇ ‘ਤੇ ਸਿਆਸਤ ਨਾ ਕਰਨ CM ਚੰਨੀ, ਡਿਪਟੀ ਸੀਐੱਮ ਰੰਧਾਵਾ ਤੇ ਸਿੱਧੂ

ਲੁਧਿਆਣਾ : ਲੁਧਿਆਣਾ ‘ਚ ਕੇਂਦਰੀ ਕਾਨੂੰਨ ਮੰਤਰੀ ਕਿਰਨ ਰਿਜਿਜੂ ਨੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਉੱਥੇ ਹੀ ਉਨ੍ਹਾਂ ਦੇ ਨਾਲ ਮੰਤਰੀ ਸੋਮ ਪ੍ਰਕਾਸ਼, ਵਿਜੈ ਸਾਂਪਲਾ ਤੇ ਹੋਰ ਮੌਜੂਦ ਰਹੇ। ਉੱਥੇ ਹੀ ਜਾਇਜ਼ਾ ਲੈਣ ਤੋਂ ਬਾਅਦ ਕੇਂਦਰੀ ਕਾਨੂੰਨ ਮੰਤਰੀ ਕਿਰਨ ਰਿਜਿਜੂ ਨੇ ਪੰਜਾਬ ਦੇ ਮੁੱਖਮੰਤਰੀ, ਗ੍ਰਹਿ ਮੰਤਰੀ ਤੇ ਪੰਜਾਬ ਕਾਂਗਰਸ ਪ੍ਰੈਜ਼ੀਡੈਂਟ ਨਵਜੋਤ ਸਿੱਧੂ ਨੂੰ ਕਿਹਾ ਕਿ ਉਹ ਲੁਧਿਆਣਾ ਬਸਾਟ ‘ਤੇ ਸਿਆਸਤ ਨਾ ਕਰਨ। ਫਿਲਹਾਲ ਕੋਈ ਅਜਿਹਾ ਬਿਆਨ ਨਾ ਦੇਣ। ਇਹ ਸੰਵੇਦਨਸ਼ੀਲ ਮੁੱਦਾ ਹੈ। ਸਾਨੂੰ ਮਿਲ ਕੇ ਲੜਨਾ ਪਵੇਗਾ। ਰਿਜਿਜੂ ਧਮਾਕੇ ਵਾਲੀ ਥਾਂ ਦਾ ਜਾਇਜ਼ਾ ਲੈਣ ਤੋਂ ਬਾਅਦ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਮੁੱਖ ਮੰਤਰੀ ਨਾਲ ਗੱਲਬਾਤ ਹੋਈ ਹੈ। ਸੈਂਟਰਲ ਤੇ ਸਟੇਟ ਏਜੰਸੀਆਂ ਮਿਲ ਕੇ ਕੰਮ ਕਰਨਗੀਆੰ। ਇਸ ਤੋਂ ਪਹਿਲਾਂ ਕੇਂਦਰੀ ਮੰਤਰੀ ਨੇ ਸਿਵਲ ਹਸਪਤਾਲ ਜਾ ਕੇ ਮਰੀਜ਼ਾਂ ਦਾ ਹਾਲ ਜਾਣਿਆ

ਇੱਥੇ ਧਮਾਕੇ ‘ਚ ਮਾਰੇ ਗਏ ਵਿਅਕਤੀ ਦੀ ਜਾਂਚ ਲਈ ਐਨਆਈਏ ਦੀ ਮਾਹਿਰ ਟੀਮ ਲੁਧਿਆਣਾ ਦੇ ਸਿਵਲ ਹਸਪਤਾਲ ਪਹੁੰਚੀ, ਜਿੱਥੇ ਉਸ ਦਾ ਪੋਸਟਮਾਰਟਮ ਕੀਤਾ ਜਾਵੇਗਾ। ਐਨਆਈਏ ਦੀ ਟੀਮ ਦੇ ਨਾਲ ਜ਼ਿਲ੍ਹਾ ਸੈਸ਼ਨ ਜੱਜ ਮਨੀਸ਼ ਸਿੰਘਰ, ਪੁਲੀਸ ਕਮਿਸ਼ਨਰ ਗੁਰਪ੍ਰੀਤ ਭੁੱਲਰ ਵੀ ਮੌਜੂਦ ਸਨ। ਐਨਆਈਏ ਮਾਹਿਰਾਂ ਤੋਂ ਇਲਾਵਾ ਫੋਰੈਂਸਿਕ ਮਾਹਿਰਾਂ ਦੀਆਂ ਟੀਮਾਂ ਲਾਸ਼ ਨੂੰ ਸਿਵਲ ਹਸਪਤਾਲ ਦੇ ਐਕਸਰੇ ਰੂਮ ‘ਚ ਲੈ ਗਏ ਹਨ। ਉੱਥੇ ਵੱਖ-ਵੱਖ ਐਂਗਲ ਤੋਂ ਐਕਸ-ਰੇ ਲਏ ਜਾ ਰਹੇ ਹਨ। ਇਸ ਤੋਂ ਇਲਾਵਾ ਐਨਆਈਏ ਦੀ ਟੀਮ ਲਾਸ਼ ਦੀ ਜਾਂਚ ਕਰ ਰਹੀ ਹੈ।

ਤੁਹਾਨੂੰ ਦੱਸ ਦਈਏ ਕਿ ਹੁਣ ਤਕ ਦੀ ਜਾਂਚ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਮੌਕੇ ‘ਤੇ ਮਾਰਿਆ ਗਿਆ ਵਿਅਕਤੀ ‘ਵਿਸਫੋਟਕ ਕੈਰੀਅਰ’ ਸੀ ਤੇ ਸ਼ਾਇਦ ਧਮਾਕੇ ਲਈ ਇਮਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈਈਡੀ) ਦੀ ਵਰਤੋਂ ਕੀਤੀ ਗਈ ਹੋ ਸਕਦੀ ਹੈ। ਜੰਮੂ-ਕਸ਼ਮੀਰ ਦੀ ਵਿਸ਼ੇਸ਼ ਜਾਂਚ ਟੀਮ ਆਈ.ਈ.ਡੀ. ਦੀ ਵਰਤੋਂ ਦੀ ਸੰਭਾਵਨਾ ਨੂੰ ਦੇਖਦਿਆਂ ਲੁਧਿਆਣਾ ਪਹੁੰਚ ਗਈ ਹੈ, ਕਿਉਂਕਿ ਅੱਤਵਾਦੀ ਘਟਨਾਵਾਂ ਨੂੰ ਅੰਜਾਮ ਦੇਣ ਲਈ ਜ਼ਿਆਦਾਤਰ ਆਈ.ਈ.ਡੀ. ਦੀ ਵਰਤੋਂ ਜੰਮੂ-ਕਸ਼ਮੀਰ ‘ਚ ਕੀਤੀ ਜਾਂਦੀ ਹੈ।