ਚੰਡੀਗਡ਼੍ਹ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇਕ ਵਾਰ ਫਿਰ ਤੋਂ ਮੰਤਰੀ ਪਰਿਸ਼ਦ ਦੀ ਮੀਟਿੰਗ ਸੱਦੀ ਹੈ। ਇਹ ਮੀਟਿੰਗ 23 ਦਸੰਬਰ ਦਿਨ ਵੀਰਵਾਰ ਨੂੰ ਸ਼ਾਮ 5 ਵਜੇ ਪੰਜਾਬ ਭਵਨ, ਸੈਕਟਰ 3 ਚੰਡੀਗਡ਼੍ਹ ਵਿਖੇ ਹੋਵੇਗੀ। ਇਸ ਮੀਟਿੰਗ ਵਿੱਚ ਮੁਲਾਜ਼ਮਾਂ ਤੇ ਕਿਸਾਨਾਂ ਲਈ ਵੱਡੇ ਫੈਸਲੇ ਹੋ ਸਕਦੇ ਹਨ। ਮੁੱਖ ਮੰਤਰੀ ਚਰਨਜੀਤ ਚੰਨੀ ਅੱਜ ਕਿਸਾਨਾਂ ਨਾਲ ਮੀਟਿੰਗ ਕਰ ਰਹੇ ਹਨ। ਇਸ ਲਈ ਕਿਸਾਨਾਂ ਨਾਲ ਹੋਈ ਚਰਚਾ ਮਗਰੋਂ ਕੈਬਨਿਟ ਮੀਟਿੰਗ ਵਿੱਚ ਕੋਈ ਫੈਸਲਾ ਲਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਮੁਲਾਜ਼ਮਾਂ ਨੂੰ ਪੱਕੇ ਕਰਨ ਬਾਰੇ ਵੀ ਫੈਸਲੇ ਉੱਪਰ ਮੋਹਰ ਲਾਈ ਜਾ ਸਕਦੀ ਹੈ। ਇਸ ਦੇ ਨਾਲ ਹੀ ਵਿਧਾਨ ਸਭਾ ਚੋਣਾਂ ਨੂੰ ਵੇਖਦਿਆਂ ਤਿੰਨ ਨਵੀਆਂ ਤਹਿਸੀਲਾਂ ਬਣਾਏ ਜਾਣ ਨੂੰ ਹਰੀ ਝੰਡੀ ਦਿੱਤੇ ਜਾਣ ਦੀ ਸੰਭਾਵਨਾ ਹੈ। ਆਦਮਪੁਰ ਨੂੰ ਤਹਿਸੀਲ ਤੇ ਟਾਂਡਾ ਤੇ ਔੜ ਨੂੰ ਸਬ ਤਹਿਸੀਲ ਬਣਾਇਆ ਜਾ ਸਕਦਾ ਹੈ।
ਸਰਕਾਰੀ ਸੂਤਰਾਂ ਮੁਤਾਬਕ ਪੰਜਾਬ ਭਵਨ ਵਿੱਚ ਸ਼ਾਮ ਕਰੀਬ 5 ਵਜੇ ਕੈਬਨਿਟ ਮੀਟਿੰਗ ਹੋਵੇਗੀ। ਮੀਟਿੰਗ ਵਿੱਚ ਸੁਰਤਾਪੁਰ ਵਿਚ ਦਲਿਤ ਵਰਗ ਦੇ ਕਾਬਜ਼ ਲੋਕਾਂ ਨੂੰ ਜ਼ਮੀਨ ਦੀ ਮਾਲਕੀ ਦੇ ਹੱਕ ਦੇਣ ਦੀ ਵੀ ਸੰਭਾਵਨਾ ਹੈ। ਪਿਛਲੀ ਕੈਬਨਿਟ ਮੀਟਿੰਗ ਵਿੱਚ ਉਦਯੋਗ ਵਿਭਾਗ ਦੇ ਮੁਲਤਵੀ ਕੀਤੇ ਏਜੰਡੇ ਵੀ ਆਉਣ ਦੀ ਸੰਭਾਵਨਾ ਹੈ।