ਆਕਲੈਂਡ : ਨਿਊਜ਼ੀਲੈਂਡ `ਚ 53ਵੀਂ ਪਾਰਲੀਮੈਂਟ ਦੀ 10ਵੀਂ ਯੂਥ ਪਾਰਲੀਮੈਂਟ ਵਾਸਤੇ ਦੋ ਹੋਰ ਪੰਜਾਬੀ ਕੁੜੀਆਂ ਨੂੰ ਯੂਥ ਪਾਰਲੀਮੈਂਟ ਮੈਂਬਰ ਬਣ ਗਈਆਂ ਹਨ। ਗਿਸਬੌਰਨ ਤੋਂ ਸੁਮੀਤਾ ਸਿੰਘ ਨੂੰ ਈਸਟ ਕੋਸਟ ਹਲਕੇ ਤੋਂ ਲੇਬਰ ਪਾਰਟੀ ਦੀ ਐਮਪੀ ਕੀਰੀ ਐਲਨ ਨੇ ਚੁਣਿਆ ਹੈ, ਜਦੋਂ ਨੂਰ ਰੰਧਾਵਾ ਦੀ ਚੋਣ ਆਕਲੈਂਡ ਦੇ ਐਪਸਮ ਹਲਕੇ ਤੋਂ ਲੇਬਰ ਪਾਰਟੀ ਦੀ ਲਿਸਟ ਐਮਪੀ ਕੈਮਿਲਾ ਬੈਲਿਚ ਨੇ ਕੀਤੀ ਹੈਪ੍ਰਾਪਤ ਜਾਣਕਾਰੀ ਅਨੁਸਾਰ ਸੁਮੀਤਾ ਸਿੰਘ ਦਾ ਪਰਿਵਾਰ ਕਈ ਸਾਲ ਪਹਿਲਾਂ ਨਿਊਜ਼ੀਲੈਂਡ ਆਇਆ ਸੀ ਅਤੇ ਅੱਜਕੱਲ੍ਹ ਗਿਸਬੌਰਨ `ਚ ਰਹਿ ਰਿਹਾ ਹੈ। ਉਸਨੇ ਗਿਸਬੌਰਨ ਗਲਰਜ ਹਾਈ ਸਕੂਲ `ਚੋਂ ਪੜ੍ਹਾਈ ਪੂਰੀ ਕਰ ਲਈ ਹੈ ਅਤੇ ਅਗਲੇ ਸਾਲ ਰਾਜਧਾਨੀ ਵਲੰਿਗਟਨ ਵਿੱਚ ਵਿਕਟੋਰੀਆ ਯੂਨੀਵਰਸਿਟੀ `ਚ ਪੜ੍ਹਾਈ ਸ਼ੁਰੂ ਕਰੇਗੀ। ਇਸ ਪ੍ਰਾਪਤੀ `ਤੇ ਪਰਿਵਾਰ ਦੇ ਮੈਂਬਰ ਬਹੁਤ ਖੁਸ਼ ਹਨ। ਸੁਮੀਤਾ ਸਕੂਲ ਟਾਈਮ ਤੋਂ ਪਹਿਲਾਂ ਅਤੇ ਬਾਅਦ `ਚ ਆਪਣੇ ਮਾਪਿਆਂ ਦੀ ਡੇਅਰੀ ਸ਼ੌਪ `ਤੇ ਵੀ ਕੰਮ ਕਰਦੀ ਹੈ ਅਤੇ ਸਕੂਲ ਤੇ ਕਮਿਊਨਿਟੀ ਕੰਮਾਂ ਵੀ ਬਹੁਤ ਦਿਲਚਸਪੀ ਨਾਲ ਭਾਗ ਲੈਂਦੀ ਹੈ।
ਸੁਮੀਤਾ ਦੇ ਪਿਤਾ ਰਣਜੀਤ ਸਿੰਘ ਸਾਲ 32 ਕੁ ਸਾਲ ਪਹਿਲਾਂ 1989 ਇਕੱਲੇ ਹੀ ਹੁਸਿ਼ਆਰਪੁਰ ਜਿ਼ਲ੍ਹੇ ਦੇ ਮਾਹਿਲਪੁਰ ਨੇੜੇ ਪਿੰਡ ਪਿੰਜੌਰ ਤੋਂ ਨਿਊਜ਼ੀਲੈਂਡ ਆਏ ਸਨ ਅਤੇ ਬਾਅਦ `ਚ ਵਿਆਹ ਕਰਾ ਕੇ ਆਉਣ ਪਿੱਛੋਂ ਪਰਿਵਾਰ ਇੱਥੇ ਹੀ ਸੈਟਲ ਹੋ ਗਿਆ। ਅੱਜਕੱਲ੍ਹ ਉਨ੍ਹਾਂ ਦਾ ਪਰਿਵਾਰ ਗਿਸਬੌਰਨ `ਚ ਵਿਲੀਜ ਡੇਅਰੀ ਦਾ ਕਾਰੋਬਾਰ ਕਰਦਾ ਹੈ। ਉਸਦੀ ਵੱਡੀ ਭੈਣ ਸੋਨੀਆ ਸੈਣੀ ਯੂਨੀਵਰਸਿਟੀ ਚੋਂ ਅਕਾਊਂਟਿੰਗ ਦੀ ਪੜ੍ਹਾਈ ਕਰ ਕੇ ਆਡੀਟਰ ਦੀ ਜੌਬ ਕਰ ਰਹੀ ਹੈ। ਜਦੋਂ ਕਿ ਵੱਡਾ ਭਰਾ ਗਗਨਦੀਪ ਸਿੰਘ ਹਾਰਟੀਕਲਚਰ ਸੈਕਟਰ `ਚ ਕੰਮ ਕਰਦਾ ਹੈ ਜਦੋਂ ਕਿ ਛੋਟਾ 11ਵੀਂ ਕਲਾਸ `ਚ ਪੜ੍ਹਦਾ ਹੈ।
ਸੁਮੀਤਾ ਸਿੰਘ ਨੇ ਦੱਸਿਆ ਕਿ ਇਸ ਵੇਲੇ ਨਿਊਜ਼ੀਲੈਂਡ `ਚ ਕਲਾਈਮੇਟ ਚੇਂਜ ਅਤੇ ਹਾਊਸਿੰਗ ਕ੍ਰਾਈਸਸ ਬਹੁਤ ਹੀ ਗੰਭੀਰ ਮੱੁਦੇ ਹਨ ਅਤੇ ਯੂਨੀਵਰਸਿਟੀ ਪੜ੍ਹਾਈ ਵਾਸਤੇ ਅਜਿਹਾ ਵਿਸ਼ਾ ਪੜ੍ਹੇਗੀ, ਜਿਸਦਾ ਸਬੰਧ ਲੋਕਾਂ ਦੀ ਭਲਾਈ ਨਾਲ ਹੋਵੇ ਕਿਉਂਕਿ ਉਸਨੂੰ ਕਮਿਊਨਿਟੀ ਦੇ ਕੰਮਾਂ `ਚ ਦਿਲਚਸਪੀ ਹੈ।
ਸੁਮੀਤਾ ਦੇ ਪਿਤਾ ਰਣਜੀਤ ਸਿੰਘ ਅਤੇ ਮਾਤਾ ਰਵਿੰਦਰ ਸੈਣੀ ਨੇ ਦੱਸਿਆ ਕਿ ਸੁਮੀਤਾ ਸ਼ੁਰੂ ਤੋਂ ਹੀ ਪੜ੍ਹਾਈ `ਚ ਹੁਸਿ਼ਆਰ ਹੈ ਅਤੇ ਗਿਸਬੌਰਨ ਡਿਸਟ੍ਰਿਕ ਯੂਥ ਕੌਂਸਲ ਨਾਲ ਜੁੜੀ ਹੋਈ ਹੈ। ਉਨ੍ਹਾਂ ਮਾਣ ਮਹਿਸੂਸ ਕੀਤਾ ਕਿ ਉਨ੍ਹਾਂ ਦੀ ਧੀ ਨੇ ਯੂਥ ਐਮਪੀ ਬਣ ਕੇ ਸਮੁੱਚੇ ਪੰਜਾਬੀ ਭਾਈਚਾਰੇ ਦਾ ਨਾਂ ਉੱਚਾ ਕੀਤਾ ਹੈ ਅਤੇ ਭਵਿੱਖ `ਚ ਭਾਈਚਾਰੇ ਦੀ ਬਿਹਤਰੀ ਲਈ ਕੰਮ ਕਰੇਗੀ।
ਇਸੇ ਤਰ੍ਹਾਂ ਆਕਲੈਂਡ ਦੇ ਐਪਸਮ ਹਲਕੇ ਤੋਂ ਲੇਬਰ ਪਾਰਟੀ ਦੀ ਲਿਸਟ ਐਮਪੀ ਕੈਮਿਲਾ ਬੈਲਿਚ ਨੇ ਯੂਨੀਵਰਸਿਟੀ ਆਫ ਆਕਲੈਂਡ `ਚ ਬੈਚਲਰ ਆਫ ਕਾਮਰਸ ਦੀ ਸਟੂਡੈਂਟ ਨੂਰ ਰੰਧਾਵਾ ਨੂੰ ਚੁਣਿਆ ਹੈ। ਉਹ ਸਾਲ 2019 `ਚ ਸੈਂਟ ਕੁਥਬਰਟ ਕਾਲਜ `ਚ ਪੜ੍ਹਾਈ ਦੌਰਾਨ ਯੁਨਾਈਟਿਡ ਨੇਸ਼ਨਜ਼ ਐਸੋਸੀਏਸ਼ਨ ਆਫ ਨਿਊਜ਼ੀਲੈਂਡ ਦੇ ਸਪੀਚ ਮੁਕਾਬਲੇ ਦੌਰਾਨ ਆਕਲੈਂਡ ਚੋਂ ਜੇਤੂ ਵੀ ਰਹਿ ਚੁੱਕੀ ਹੈ। ਨੂਰ, ਸਿੱਖਿਆ, ਸਿਹਤ, ਸਮਾਜਿਕ ਬਰਾਬਰੀ ਬਹੁ-ਸੱਭਿਆਚਾਰ ਵਰਗੇ ਮੁੱਦਿਆਂ `ਚ ਦਿਲਚਸਪੀ ਰੱਖਦੀ ਹੈ।
ਜਿ਼ਕਰਯੋਗ ਹੈ ਯੂਥ ਪਾਰਲੀਮੈਂਟ ਦਾ ਦੋ ਰੋਜ਼ਾ ਸ਼ੈਸ਼ਨ ਅਗਲੇ ਸਾਲ 19 ਅਤੇ 20 ਜੁਲਾਈ ਨੂੰ ਹੋਵੇਗਾ, ਜਿਸ ਵਾਸਤੇ ਪੰਜਾਬੀ ਪਰਿਵਾਰਾਂ ਦੀਆਂ ਦੋ ਹੋਰ ਕੁੜੀਆਂ, ਬੇਅ ਆਫ ਪਲੈਂਟੀ ਹਲਕੇ ਤੋਂ ਅਮਨਦੀਪ ਕੌਰ ਅਤੇ ਟਾਕਾਨਿਨੀ ਤੋਂ ਰਵਨੀਤ ਕੌਰ ਵੀ ਚੁਣੀਆਂ ਜਾ ਚੁੱਕੀਆਂ ਹਨ।