ਤਾਮਿਲਨਾਡੂ ਹੈਲੀਕਾਪਟਰ ਹਾਦਸਾ : ਗਰੁੱਪ ਕੈਪਟਨ ਵਰੁਣ ਸਿੰਘ ਵੀ ਹਾਰ ਗਏ ਜ਼ਿੰਦਗੀ ਦੀ ਜੰਗ

ਨਵੀਂ ਦਿੱਲੀ : ਤਾਮਿਲਨਾਡੂ ਦੇ ਕੂਨੂਰ ‘ਚ ਹੈਲੀਕਾਪਟਰ ਹਾਦਸੇ ‘ਚ ਬਚੇ ਇਕਲੌਤੇ ਗਰੁੱਪ ਕੈਪਟਨ ਵਰੁਣ ਸਿੰਘ ਦਾ ਦੇਹਾਂਤ ਹੋ ਗਿਆ ਹੈ। ਬੀਤੀ 8 ਦਸੰਬਰ ਨੂੰ ਕ੍ਰੈਸ਼ ਹੋਏ ਐੱਮਆਈ 7 ਵੀ5 ਹੈਲੀਕਾਪਟਰ ‘ਚ ਉਹ ਇਕਮਾਤਰ ਜੀਵਤ ਬਚੇ ਸਨ। ਉਹ ਕਮਾਂਡ ਹਸਪਤਾਲ, ਬੈਂਗਲੁਰੂ ਵਿੱਚ ਇਲਾਜ ਅਧੀਨ ਸੀ, ਜਿੱਥੇ ਉਨ੍ਹਾਂ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ ਸੀ। ਹਾਦਸੇ ਵਿੱਚ ਸੀਡੀਐਸ ਜਨਰਲ ਬਿਪਿਨ ਰਾਵਤ ਅਤੇ 12 ਹੋਰ ਲੋਕ ਮਾਰੇ ਗਏ ਸਨ। ਗਰੁੱਪ ਕੈਪਟਨ ਵਰੁਣ ਸਿੰਘ ਬੁੱਧਵਾਰ ਨੂੰ ਜ਼ਿੰਦਗੀ ਦੀ ਜੰਗ ਹਾਰ ਗਏ। ਭਾਰਤੀ ਹਵਾਈ ਫ਼ੌਜ ਨੇ ਟਵੀਟ ਕਰ ਕੇ ਇਹ ਜਾਣਕਾਰੀ ਦਿੱਤੀ ਹੈ।

ਭਾਰਤੀ ਹਵਾਈ ਫ਼ੌਜ ਨੇ ਟਵੀਟ ਕਰ ਕੇ ਕਿਹਾ ਕਿ ਇਹ ਦੱਸਦੇ ਹੋਏ ਬਹੁਤ ਦੁੱਖ ਹੋ ਰਿਹਾ ਹੈ ਕਿ ਗਰੁੱਪ ਕੈਪਟਨ ਵਰੁਣ ਸਿੰਘ ਦਾ ਅੱਜ ਇਲਾਜ ਦੌਰਾਨ ਦੇਹਾਂਤ ਹੋ ਗਿਆ ਹੈ। 8 ਦਸੰਬਰ 2021 ਨੂੰ ਹੋਏ ਹਾਦਸੇ ਦਾ ਉਹ ਇਕੱਲੇ ਜੀਵਤ ਬਚੇ ਸਨ। ਹਵਾਈ ਸੈਨਾ ਉਨ੍ਹਾਂ ਦੇ ਦੇਹਾਂਤ ‘ਤੇ ਸੰਵੇਦਨਾ ਪ੍ਰਗਟ ਕਰਦੀ ਹੈ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਮਜ਼ਬੂਤੀ ਨਾਲ ਖੜ੍ਹੀ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਗਟਾਇਆ ਦੁੱਖ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਰੁੱਪ ਕੈਪਟਨ ਵਰੁਣ ਸਿੰਘ ਦੇ ਦੇਹਾਂਤ ‘ਤੇ ਸੋਗ ਪ੍ਰਗਟ ਕੀਤਾ ਹੈ। ਪੀਐਮ ਮੋਦੀ ਨੇ ਟਵੀਟ ਕੀਤਾ ਕਿ ਗਰੁੱਪ ਕੈਪਟਨ ਵਰੁਣ ਨੇ ਮਾਣ ਨਾਲ ਦੇਸ਼ ਦੀ ਸੇਵਾ ਕੀਤੀ, ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਤੋਂ ਬਹੁਤ ਦੁਖੀ ਹਾਂ। ਉਨ੍ਹਾਂ ਦੀ ਦੇਸ਼ ਪ੍ਰਤੀ ਵਡਮੁੱਲੀ ਸੇਵਾ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕੇਗਾ। ਉਨ੍ਹਾਂ ਦੇ ਪਰਿਵਾਰ ਅਤੇ ਦੋਸਤਾਂ ਪ੍ਰਤੀ ਮੇਰੀ ਹਮਦਰਦੀ।

ਦੇਵਰੀਆ, ਯੂਪੀ ਦੇ ਰਹਿਣ ਵਾਲੇ ਸਨ ਵਰੁਣ ਸਿੰਘ

ਗਰੁੱਪ ਕੈਪਟਨ ਵਰੁਣ ਸਿੰਘ ਯੂਪੀ ਦੇ ਦੇਵਰੀਆ ਦੇ ਪਿੰਡ ਖੋਰਮਾ ਕਨਹੋਲੀ ਦੇ ਰਹਿਣ ਵਾਲੇ ਸਨ ਪਰ ਉਨ੍ਹਾਂ ਦਾ ਜਨਮ ਦਿੱਲੀ ‘ਚ ਹੋਇਆ ਸੀ। ਉਨ੍ਹਾਂ ਦੇ ਪਿਤਾ ਕ੍ਰਿਸ਼ਨ ਪ੍ਰਤਾਪ ਸਿੰਘ ਫੌਜ ਦੇ ਕਰਨਲ ਵਜੋਂ ਸੇਵਾਮੁਕਤ ਹੋਏ ਸਨ।