ਨਜ਼ਰ ਕਮਜ਼ੋਰ ਹੋਣ ਦਾ ਪਹਿਲਾਂ ਲੱਗ ਜਾਵੇਗਾ ਪਤਾ, ਨਵੀਂ ਖੋਜ ‘ਚ ਵਿਗਿਆਨੀਆਂ ਨੇ ਦੱਸਿਆ ਕਿਵੇਂ

ਸਾਊਥੈਂਪਟਨ  : ਉਮਰ ਦੇ ਨਾਲ ਨਜ਼ਰ ਦਾ ਵਿਗੜਨਾ ਆਮ ਵਿਕਾਰ ਹੈ। ਪਰ ਜੇਕਰ ਇਸ ਦੇ ਕਾਰਨਾਂ ਦਾ ਪਤਾ ਲੱਗ ਜਾਵੇ ਤਾਂ ਰੋਕਥਾਮ ਦੇ ਯਤਨ ਆਸਾਨ ਹੋ ਸਕਦੇ ਹਨ। ਇਸੇ ਦਿਸ਼ਾ ‘ਚ ਇਕ ਨਵੇਂ ਅਧਿਐਨ ‘ਚ ਦੱਸਿਆ ਗਿਆ ਹੈ ਕਿ ਵਧਦੀ ਉਮਰ ਦੇ ਨਾਲ ਨਜ਼ਰ ਦੇ ਨੁਕਸਾਨ ਤੋਂ ਪਹਿਲਾਂ ਹੀ ਮੈਕੂਲਾ ‘ਚ ਹੋਣ ਵਾਲੇ ਖੋਰੇ ਦਾ ਪਤਾ ਲਗਾਇਆ ਜਾ ਸਕਦਾ ਹੈ। ਇਹ ਅਧਿਐਨ ਸਾਇੰਟਿਫਿਕ ਰਿਪੋਰਟਸ ਜਰਨਲ ‘ਚ ਪ੍ਰਕਾਸ਼ਿਤ ਹੋਇਆ ਹੈ।

ਦੱਸ ਦੇਈਏ ਕਿ ਮੈਕੁਲਾ ਅੱਖ ਦੇ ਰੈਟੀਨਾ ਦਾ ਇੱਕ ਹਿੱਸਾ ਹੈ ਜੋ ਸਾਫ਼ ਨਜ਼ਰ ਵਿੱਚ ਮਦਦ ਕਰਦਾ ਹੈ। ਇਸ ਦਾ ਖਾਤਮਾ ਆਮ ਤੌਰ ‘ਤੇ 50 ਸਾਲ ਦੀ ਉਮਰ ਤੋਂ ਬਾਅਦ ਸ਼ੁਰੂ ਹੋ ਜਾਂਦਾ ਹੈ। ਮਤਲਬ ਇਹ ਸੁੱਕਣਾ ਸ਼ੁਰੂ ਹੋ ਜਾਂਦਾ ਹੈ ਜਿਸ ਕਾਰਨ ਇਹ ਪਤਲਾ ਹੋ ਜਾਂਦਾ ਹੈ ਤੇ ਦੇਖਣ ‘ਚ ਧੁੰਦਲਾਪਣ ਹੁੰਦਾ ਹੈ ਜਾਂ ਅੱਖਾਂ ਦੀ ਰੌਸ਼ਨੀ ਕਮਜ਼ੋਰ ਹੋਣ ਲੱਗਦੀ ਹੈ

ਸਾਊਥੈਂਪਟਨ ਯੂਨੀਵਰਸਿਟੀ ਦੀ ਇਕ ਖੋਜ ਟੀਮ ਨੇ ਕਿੰਗਜ਼ ਕਾਲਜ ਲੰਡਨ ਤੇ ਮੂਰਫੀਲਡਜ਼ ਆਈ ਹਸਪਤਾਲ ਦੇ ਸਹਿਯੋਗੀਆਂ ਨਾਲ ਮਿਲ ਕੇ 30,000 ਮਰੀਜ਼ਾਂ ਦੇ ਅੰਕੜਿਆਂ ਦਾ ਅਧਿਐਨ ਕੀਤਾ। ਇਨ੍ਹਾਂ ਸਾਰਿਆਂ ਦਾ ਰੈਟਿਨਲ ਸਕੈਨ ਤੇ ਜੈਨੇਟਿਕ ਡਾਟਾ ਯੂਕੇ ਬਾਇਓਬੈਂਕ ‘ਚ ਸਟੋਰ ਕੀਤਾ ਗਿਆ ਸੀ। ਖੋਜਕਰਤਾਵਾਂ ਦੇ ਅਨੁਸਾਰ, ਬੁਢਾਪੇ ਕਾਰਨ ਮੈਕੁਲਰ ਡੀਜਨਰੇਸ਼ਨ (AMD) ਦੇ 34 ਅਣਪਛਾਤੇ ਰਿਸਕ ਫੈਕਟਰ ਹਨ। ਇਸ ਦੇ ਆਧਾਰ ‘ਤੇ ਖੋਜ ਟੀਮ ਨੇ ਰੈਟੀਨਾ ਦੀ ਸਥਿਤੀ ਦਾ ਤੁਲਨਾਤਮਕ ਅਧਿਐਨ ਕੀਤਾ। ਇਸ ਵਿਚ ਪਾਇਆ ਗਿਆ ਕਿ ਜਿਨ੍ਹਾਂ ਲੋਕਾਂ ਦੀਆਂ ਅੱਖਾਂ ਸਿਹਤਮੰਦ ਸਨ ਤੇ AMD ‘ਚ ਕੋਈ ਪਿਛੋਕੜ ਨਹੀਂ ਸੀ, ਪਰ ਜੇ ਉਨ੍ਹਾਂ ਵਿੱਚ ਰਿਸਕ ਫੈਕਟਰ ਵਾਲੇ ਜੀਨ ਸਨ ਤਾਂ ਉਨ੍ਹਾਂ ਦਾ ਰੈਟੀਨਾ ਪਤਲਾ ਸੀ।

ਇਸ ਅਧਿਐਨ ਦੀ ਅਗਵਾਈ ਕਰਨ ਵਾਲੇ ਯੂਨੀਵਰਸਿਟੀ ਆਫ ਸਾਊਥੈਂਪਟਨ ‘ਚ ਨੇਤਰ ਵਿਗਿਆਨ ਦੇ ਪ੍ਰੋਫੈਸਰ ਐਂਡਰਿਊ ਲੋਟੇਰੇ ਨੇ ਦੱਸਿਆ ਕਿ ਆਮ ਤੌਰ ‘ਤੇ ਏ.ਐੱਮ.ਡੀ. ਦਾ ਇਲਾਜ ਉਦੋਂ ਸ਼ੁਰੂ ਹੁੰਦਾ ਹੈ ਜਦੋਂ ਨਜ਼ਰ ਸਬੰਧੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਵੱਧ ਜਾਂਦੀਆਂ ਹਨ ਅਤੇ ਜਦੋਂ ਤਕ ਉਸ ਦੇ ਕਾਰਨਾਂ ਦਾ ਪਤਾ ਲਗਦਾ ਹੈ, ਉਦੋਂ ਤਕ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਾ ਹੁੰਦਾ ਹੈ। ਪਰ ਇਹ ਅਧਿਐਨ ਸਾਨੂੰ ਇਨ੍ਹਾਂ ਸਮੱਸਿਆਵਾਂ ਦੇ ਸਾਹਮਣੇ ਆਉਣ ਤੋਂ ਪਹਿਲਾਂ ਉਨ੍ਹਾਂ ਦੇ ਖ਼ਤਰੇ ਦਾ ਪਤਾ ਲਗਾਉਣ ‘ਚ ਮਦਦ ਮਿਲੇਗੀ। ਅਜਿਹੇ ‘ਚ ਜੇਕਰ ਸਮੇਂ ਸਿਰ ਇਲਾਜ ਸ਼ੁਰੂ ਕਰ ਦਿੱਤਾ ਜਾਵੇ ਤਾਂ ਅੱਖਾਂ ਦੀ ਰੋਸ਼ਨੀ ਨੂੰ ਬਚਾਉਣ ‘ਚ ਕਾਫੀ ਹੱਦ ਤਕ ਸਫਲਤਾ ਹਾਸਲ ਕੀਤੀ ਜਾ ਸਕਦੀ ਹੈ।

ਪੁਰਾਣੇ ਅਧਿਐਨ ਇਹ ਨਿਰਧਾਰਤ ਕਰਨ ਦੇ ਯੋਗ ਨਹੀਂ ਸਨ ਕਿ AMD ‘ਚ ਅੱਖ ਦੇ ਕਿਹੜੇ ਸੈੱਲ ਪਹਿਲਾਂ ਪ੍ਰਭਾਵਿਤ ਹੁੰਦੇ ਹਨ। ਪਰ ਬਾਇਓਬੈਂਕ ‘ਚ ਰੈਟਿਨਲ ਸਕੈਨ ਦੇ ਟੈਸਟਿੰਗ ਡੇਟਾ ਨੇ ਦਿਖਾਇਆ ਕਿ ਰੋਸ਼ਨੀ ਨੂੰ ਮਹਿਸੂਸ ਕਰਵਾਉਣ ਵਾਲੇ ਫੋਟੋਰੀਸੈਪਟਰ ਉਨ੍ਹਾਂ ਲੋਕਾਂ ‘ਚ ਪਤਲੇ ਹੋ ਜਾਂਦੇ ਹਨ ਜਿਨ੍ਹਾਂ ਵਿਚ ਰਿਸਕ ਫੈਕਟਰ ਜੀਨ ਸਨ।

ਪ੍ਰੋਫੈਸਰ ਲੋਟੇਰੇ ਨੇ ਕਿਹਾ ਕਿ ਲੋਕਾਂ ਨੂੰ ਅਜਿਹੀ ਜੀਵਨਸ਼ੈਲੀ ਪ੍ਰਤੀ ਵੀ ਸਾਵਧਾਨ ਰਹਿਣ ਦੀ ਲੋੜ ਹੈ, ਜੋ ਅੱਖਾਂ ਨੂੰ ਨੁਕਸਾਨ ਪਹੁੰਚਾਉਂਦੀ ਹੈ ਜਾਂ ਖ਼ਤਰਾ ਪੈਦਾ ਕਰਦੀ ਹੈ। ਖੁਰਾਕ, ਕਸਰਤ ਤੇ ਸਿਗਰਟਨੋਸ਼ੀ ਛੱਡਣ ਵਰਗੀਆਂ ਚੀਜ਼ਾਂ ਵੱਲ ਧਿਆਨ ਦੇਣਾ ਚਾਹੀਦਾ ਹੈ, ਜਿਸ ਨਾਲ ਬਿਮਾਰੀਆਂ ਨੂੰ ਵਧਣ ਤੋਂ ਰੋਕਿਆ ਜਾ ਸਕਦਾ ਹੈ।