ਚੰਡੀਗੜ੍ਹ- ਸ਼੍ਰੋਮਣੀ ਅਕਾਲੀ ਦਲ ਭਲਕੇ 14 ਦਸੰਬਰ ਨੂੰ ਆਪਣਾ 101ਵਾਂ ਸਥਾਪਨਾ ਦਿਵਸ ਮਨਾਏਗਾ। ਗੁਰਦੁਆਰਿਆਂ ਨੂੰ ਮਹੰਤਾਂ ਦੇ ਚੁੰਗਲ ਤੋਂ ਮੁਕਤ ਕਰਵਾਉਣ ਲਈ 14 ਦਸੰਬਰ 1920 ਨੂੰ ਬਣੇ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ 100 ਤੋਂ ਵੱਧ ਸਾਲਾਂ ‘ਚ ਕਈ ਉਤਰਾਅ-ਚੜ੍ਹਾਅ ਦੇਖੇ ਹਨ। ਕਈ ਵਾਰ ਪਾਰਟੀ ਟੁੱਟ ਕੇ ਮੁੜ ਇਕਜੁੱਟ ਹੋਈ ਹੈ। 1996 ‘ਚ ਵਿਚਾਰਧਾਰਕ ਤਬਦੀਲੀ ਵੀ ਆਈ। 1920 ਤੋਂ 1996 ਤਕ ਪਾਰਟੀ ਨੂੰ ਪੰਥਕ ਹਿੱਤਾਂ ਲਈ ਲੜਨ ਵਾਲੀ ਪਾਰਟੀ ਮੰਨਿਆ ਜਾਂਦਾ ਸੀ ਪਰ 1996 ‘ਚ ਮੋਗਾ ਕਾਨਫਰੰਸ ਤੋਂ ਬਾਅਦ ਪਾਰਟੀ ਨੇ ਸਿਧਾਂਤਕ ਤੌਰ ‘ਤੇ ਵੱਡੀ ਤਬਦੀਲੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਨੂੰ ਪੰਥਕ ਪਾਰਟੀ ਤੋਂ ਧਰਮ ਨਿਰਪੱਖ ਪਾਰਟੀ ‘ਚ ਬਦਲ ਦਿੱਤਾ। ਇਹ ਕੋਈ ਛੋਟੀ ਤਬਦੀਲੀ ਨਹੀਂ ਸੀ। 1978 ਤੋਂ 1995 ਤਕ ਪੰਜਾਬ ਜਿਸ ਕਾਲੇ ਦੌਰ ‘ਚੋਂ ਗੁਜ਼ਰਿਆ, ਉਸ ਵਿਚ ਜੇਕਰ ਸਭ ਤੋਂ ਵੱਧ ਕਿਸੇ ਚੀਜ਼ ਦਾ ਨੁਕਸਾਨ ਹੋਇਆ ਹੈ ਤਾਂ ਉਹ ਹਿੰਦੂਆਂ ਅਤੇ ਸਿੱਖਾਂ ਦੀ ਆਪਸੀ ਸਾਂਝ ਸੀ। ਇਨ੍ਹਾਂ 17 ਸਾਲਾਂ ਵਿਚ ਦੋਵਾਂ ਭਾਈਚਾਰਿਆਂ ‘ਚ ਆਪਸੀ ਨਫ਼ਰਤ ਵਧੀ, ਚਾਹੇ ਉਹ 1984 ਦਾ ਸਾਕਾ ਨੀਲਾ ਤਾਰਾ ਹੋਵੇ ਜਾਂ 1984 ਦਾ ਸਿੱਖ ਕਤਲੇਆਮ। ਇਨ੍ਹਾਂ ਦੋਵਾਂ ਘਟਨਾਵਾਂ ਨੇ ਇਸ ਨਫ਼ਰਤ ਨੂੰ ਹੋਰ ਵਧਾ ਦਿੱਤਾ, ਇਸੇ ਕਰਕੇ 1996 ਵਿਚ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਮੋਗਾ ਕਾਨਫਰੰਸ ਕੀਤੀ ਤਾਂ ਪੰਥਕ ਪਾਰਟੀ ਵਿੱਚੋਂ ਆਪਣੇ-ਆਪ ਨੂੰ ਧਰਮ ਨਿਰਪੱਖ ਪਾਰਟੀ ਵਜੋਂ ਸਥਾਪਤ ਕਰਨ ਦਾ ਫੈਸਲਾ ਕਰ ਕੇ ਸਭ ਤੋਂ ਵੱਡੀ ਤਬਦੀਲੀ ਕੀਤੀ ਗਈ
ਇਸ ਦੌਰਾਨ ਉਨ੍ਹਾਂ ਭਾਰਤੀ ਜਨਤਾ ਪਾਰਟੀ ਨਾਲ ਗਠਜੋੜ ਕੀਤਾ ਜੋ 2020 ਤਕ ਚੱਲਿਆ। ਜੇਕਰ ਤਿੰਨ ਖੇਤੀ ਕਾਨੂੰਨਾਂ ਦਾ ਮਸਲਾ ਨਾ ਆਇਆ ਹੁੰਦਾ ਤਾਂ ਸੰਭਵ ਹੈ ਕਿ ਇਹ ਮਾਮਲਾ ਹੋਰ ਵੀ ਅੱਗੇ ਵਧਦਾ। ਸੰਨ 1920 ‘ਚ ਜਦੋਂ ਗੁਰਦੁਆਰਿਆਂ ਨੂੰ ਮਹੰਤਾਂ ਤੋਂ ਆਜ਼ਾਦ ਕਰਵਾਉਣ ਲਈ ਟਾਸਕ ਫੋਰਸ ਬਣਾਈ ਗਈ ਤਾਂ ਇਸ ਨੂੰ ਸ਼੍ਰੋਮਣੀ ਅਕਾਲੀ ਦਲ ਕਿਹਾ ਗਿਆ, ਜਿਸ ਨੇ ਬਾਅਦ ਵਿਚ ਚੋਣਾਂ ਵੀ ਲੜੀਆਂ ਪਰ ਇਸ ਦੌਰਾਨ ਉਨ੍ਹਾਂ ਦੀ ਸਭ ਤੋਂ ਵੱਡੀ ਲੜਾਈ ਗੁਰਦੁਆਰਿਆਂ ਨੂੰ ਆਜ਼ਾਦ ਕਰਵਾਉਣ ਦੀ ਸੀ। ਇਸ ਦੇ ਲਈ ਕਈ ਮੋਰਚੇ ਲੱਗੇ।
1925 ਵਿਚ ਗੁਰਦੁਆਰਾ ਐਕਟ ਬਣਾ ਕੇ ਸਾਰੇ ਇਤਿਹਾਸਕ ਗੁਰਦੁਆਰਿਆਂ ਦੀ ਸਾਂਭ-ਸੰਭਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਿੱਤੀ ਗਈ। ਮਹਾਤਮਾ ਗਾਂਧੀ ਨੇ ਇਸ ਜਿੱਤ ਨੂੰ ਆਜ਼ਾਦੀ ਸੰਗਰਾਮ ਦੀ ਪਹਿਲੀ ਜਿੱਤ ਦੱਸਿਆ। ਸਿੱਖ ਮੁੱਦਿਆਂ ‘ਤੇ ਲੜਨ ਵਾਲਾ ਸ਼੍ਰੋਮਣੀ ਅਕਾਲੀ ਦਲ 1937 ‘ਚ ਪਹਿਲੀ ਵਾਰ ਚੋਣ ਮੈਦਾਨ ‘ਚ ਉਤਰਿਆ ਤੇ 10 ਸੀਟਾਂ ‘ਤੇ ਜਿੱਤ ਹਾਸਲ ਕੀਤੀ ਪਰ ਸਿਕੰਦਰ ਹਯਾਤ ਖਾਨ ਦੀ ਸਰਕਾਰ ਵੇਲੇ ਵਿਰੋਧੀ ਧਿਰ ‘ਚ ਬੈਠਿਆ। 1947 ਵਿਚ ਜਦੋਂ ਧਰਮ ਦੇ ਆਧਾਰ ’ਤੇ ਦੇਸ਼ ਦੀ ਵੰਡ ਹੋਈ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਤਤਕਾਲੀ ਪ੍ਰਧਾਨ ਤਾਰਾ ਸਿੰਘ ਨੇ ਇਸ ਦਾ ਵਿਰੋਧ ਕੀਤਾ। ਭਾਵੇਂ ਉਦੋਂ ਜਿਨਾਹ ਨੇ ਮਾਸਟਰ ਤਾਰਾ ਸਿੰਘ ਨੂੰ ਵੀ ਕਿਹਾ ਸੀ ਕਿ ਉਹ ਆਪਣੀ ਮਰਜ਼ੀ ਅਨੁਸਾਰ ਆਪਣੇ ਧਰਮ ਦਾ ਸੰਵਿਧਾਨ ਬਣਾ ਲੈਣ ਪਰ ਪਾਕਿਸਤਾਨ ਆ ਜਾਣ, ਪਰ ਮਾਸਟਰ ਤਾਰਾ ਸਿੰਘ ਨੇ ਅਜਿਹਾ ਨਹੀਂ ਕੀਤਾ ਤੇ ਭਾਰਤ ਨਾਲ ਰਹਿਣਾ ਕਬੂਲ ਕੀਤਾ।
ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਵੀ ਉਨ੍ਹਾਂ ਨੂੰ ਇਕ ਅਜਿਹਾ ਖੇਤਰ ਦੇਣ ਦਾ ਵਾਅਦਾ ਕੀਤਾ ਸੀ ਜਿੱਥੇ ਸਿੱਖ ਅਜ਼ਾਦੀ ਨਾਲ ਰਹਿ ਸਕਣਗੇ, ਇਸ ਨੂੰ ਨਹਿਰੂ-ਤਾਰਾ ਸਿੰਘ ਸਮਝੌਤਾ ਕਿਹਾ ਗਿਆ ਸੀ ਪਰ ਜਵਾਹਰ ਲਾਲ ਨਹਿਰੂ ਵੱਲੋਂ ਆਪਣਾ ਵਾਅਦਾ ਪੂਰਾ ਨਾ ਕਰਨ ‘ਤੇ ਸ਼੍ਰੋਮਣੀ ਅਕਾਲੀ ਦਲ ਨੇ ਮੁੜ ਸੰਘਰਸ਼ ਸ਼ੁਰੂ ਕੀਤਾ। ਇਸ ਸੰਘਰਸ਼ ਕਾਰਨ 1966 ਵਿਚ ਪੰਜਾਬ ਦੀ ਵੰਡ ਹੋਈ ਅਤੇ ਮੌਜੂਦਾ ਪੰਜਾਬ ਹੋਂਦ ਵਿੱਚ ਆਇਆ।
1975 ‘ਚ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਐਮਰਜੈਂਸੀ ਲਗਾਈ ਤਾਂ ਸਭ ਤੋਂ ਪਹਿਲਾ ਵਿਰੋਧ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤਾ ਗਿਆ। ਪ੍ਰਕਾਸ਼ ਸਿੰਘ ਬਾਦਲ, ਗੁਰਚਰਨ ਸਿੰਘ ਟੌਹੜਾ, ਜਗਦੇਵ ਸਿੰਘ ਤਲਵੰਡੀ ਆਦਿ ਸਮੇਤ ਪਾਰਟੀ ਦੇ ਕਈ ਸੀਨੀਅਰ ਆਗੂਆਂ ਨੂੰ ਗ੍ਰਿਫਤਾਰ ਕੀਤਾ ਗਿਆ। ਇੱਥੋਂ ਹੀ ਇੰਦਰਾ ਗਾਂਧੀ ਨਾਲ ਅਕਾਲੀ ਦਲ ਦੇ ਸਬੰਧ ਵਿਗੜ ਗਏ। ਇੰਦਰਾ ਗਾਂਧੀ ਨੇ ਸੱਤਾ ‘ਚ ਵਾਪਸ ਆਉਂਦੇ ਹੀ 1978 ਵਿਚ ਬਣੀ ਅਕਾਲੀ ਸਰਕਾਰ ਨੂੰ ਦੁਬਾਰਾ ਭੰਗ ਕਰ ਦਿੱਤਾ। ਅਸਲ ਵਿੱਚ ਇਸ ਲੜਾਈ ਦਾ ਕੇਂਦਰ ਦਰਿਆਵਾਂ ਦੇ ਪਾਣੀ ਦੀ ਵੰਡ ਸੀ ਅਤੇ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਨੇ ਪ੍ਰਧਾਨ ਮੰਤਰੀ ਵੱਲੋਂ ਪਾਣੀਆਂ ਦੀ ਵੰਡ ਨੂੰ ਗੈਰ-ਸੰਵਿਧਾਨਕ ਦੱਸਦਿਆਂ ਇਸ ਨੂੰ ਸੁਪਰੀਮ ਕੋਰਟ ‘ਚ ਚੁਣੌਤੀ ਦਿੱਤੀ ਸੀ ਪਰ 1980 ਵਿਚ ਜਦੋਂ ਕਾਂਗਰਸ ਦੇ ਦਰਬਾਰਾ ਸਿੰਘ ਮੁੱਖ ਮੰਤਰੀ ਬਣੇ ਤਾਂ ਇੰਦਰਾ ਗਾਂਧੀ ਨੇ ਦਬਾਅ ਪਾ ਕੇ ਕੇਸ ਵਾਪਸ ਲੈ ਲਿਆ। ਤਿੰਨੋਂ ਵਾਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣੇ।
ਅੱਜ ਸ਼੍ਰੋਮਣੀ ਅਕਾਲੀ ਦਲ ਦੀ ਕਮਾਨ ਪ੍ਰਕਾਸ਼ ਸਿੰਘ ਬਾਦਲ ਦੇ ਪੁੱਤਰ ਸੁਖਬੀਰ ਬਾਦਲ ਦੇ ਹੱਥਾਂ ‘ਚ ਹੈ। ਪਾਰਟੀ ਇਸ ਵੇਲੇ ਆਪਣੇ ਕਾਰਜਕਾਲ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਕਿਸਾਨਾਂ ਦੀ ਨਾਰਾਜ਼ਗੀ ਆਦਿ ਮੁੱਦਿਆਂ ‘ਚ ਘਿਰੀ ਹੋਈ ਹੈ। ਸੁਖਬੀਰ ਪਾਰਟੀ ਨੂੰ ਇਸ ਵਿਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੇ ਹਨ। 94 ਸਾਲਾ ਪ੍ਰਕਾਸ਼ ਸਿੰਘ ਬਾਦਲ ਅਜੇ ਵੀ ਵਿਧਾਇਕ ਹਨ ਤੇ ਉਹ ਦੇਸ਼ ਦੇ ਸਭ ਤੋਂ ਬਜ਼ੁਰਗ ਵਿਧਾਇਕ ਹਨ। ਫਰਵਰੀ 2022 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ‘ਚ ਪ੍ਰਕਾਸ਼ ਸਿੰਘ ਬਾਦਲ ਨੂੰ ਮੈਦਾਨ ਵਿੱਚ ਉਤਾਰਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਮੋਗਾ ਹਮੇਸ਼ਾ ਹੀ ਸ਼੍ਰੋਮਣੀ ਅਕਾਲੀ ਦਲ ਲਈ ਖੁਸ਼ਕਿਸਮਤ ਰਿਹਾ ਹੈ। 1997 ਦੀਆਂ ਚੋਣਾਂ ਤੋਂ ਪਹਿਲਾਂ ਦੀ 96ਵੀਂ ਕਾਨਫਰੰਸ ਹੋਵੇ ਜਾਂ 2007 ਤੋਂ ਪਹਿਲਾਂ 2006 ਵਿਚ ਹੋਈ ਮੋਗਾ ਕਾਨਫਰੰਸ। ਇਸ ਲਈ 14 ਦਸੰਬਰ ਨੂੰ ਪਾਰਟੀ 2022 ‘ਚ ਉਤਰਨ ਤੋਂ ਪਹਿਲਾਂ ਮੋਗਾ ਜ਼ਿਲ੍ਹੇ ਵਿਚ ਆਪਣਾ 101ਵਾਂ ਸਥਾਪਨਾ ਦਿਵਸ ਮਨਾਉਣ ਜਾ ਰਹੀ ਹੈ।
ਅਕਾਲੀ ਦਲ ਦੇ ਹੁਣ ਤਕ ਦੇ ਪ੍ਰਧਾਨ
- ਸਰਮੁੱਖ ਸਿੰਘ ਝਬਾਲ
- ਬਾਬਾ ਖੜਕ ਸਿੰਘ
- ਕਰਮ ਸਿੰਘ ਬੱਸੀ
- ਮਾਸਟਰ ਤਾਰਾ ਸਿੰਘ
- ਗੋਪਾਲ ਸਿੰਘ ਕੌਮੀ
- ਤਾਰਾ ਸਿੰਘ
- ਤੇਜਾ ਸਿੰਘ
- ਬਾਬੂ ਲਾਭ ਸਿੰਘ
- ਊਧਮ ਸਿੰਘ ਨਾਗੋਕੇ
- ਗਿਆਨੀ ਕਰਤਾਰ ਸਿੰਘ
- ਪ੍ਰੀਤਮ ਸਿੰਘ ਗੋਜਰਾ
- ਹੁਕਮ ਸਿੰਘ
- ਸੰਤ ਫਤਹਿ ਸਿੰਘ
- ਅੱਛਰ ਸਿੰਘ
- ਭੁਪਿੰਦਰ ਸਿੰਘ
- ਮੋਹਨ ਸਿੰਘ ਤੂਰ
- ਜਗਦੇਵ ਸਿੰਘ ਤਲਵੰਡੀ
- ਹਰਚੰਦ ਸਿੰਘ ਲੌਂਗੋਵਾਲ
- ਸੁਰਜੀਤ ਸਿੰਘ ਬਰਨਾਲਾ
- ਸਿਮਰਜੀਤ ਸਿੰਘ ਮਾਨ
- ਪ੍ਰਕਾਸ਼ ਸਿੰਘ ਬਾਦਲ
- ਸੁਖਬੀਰ ਸਿੰਘ ਬਾਦਲ