ਭੋਗਪੁਰ : ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ ਤੇ ਭੋਗਪੁਰ ਨਜ਼ਦੀਕ ਡੱਲੀ ਕੋਲ ਦੋ ਕਾਰਾਂ ਦੀ ਭਿਆਨਕ ਟੱਕਰ ਵਿੱਚ 2 ਜਣਿਆਂ ਦੀ ਮੌਤ ਤੇ 2 ਜਣਿਆਂ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਸਵਿਫਟ ਕਾਰ ਸਵਾਰ ਪਤੀ-ਪਤਨੀ ਪੰਜਾਬ ਪੁਲਿਸ ਦੇ ਸਿਪਾਹੀ ਜਸਵਿੰਦਰ ਸਿੰਘ (47)ਪੁੱਤਰ ਅਮ੍ਰਿਤ ਲਾਲ ਤੇ ਉਸ ਦੀ ਪਤਨੀ ਅਧਿਆਪਕਾ ਜਸਬੀਰ ਕੌਰ (48) ਵਾਸੀ ਉੜਮੁੜ ਟਾਂਡਾ ਜਿਲਾ ਹੁਸ਼ਿਆਰਪੁਰ ਦੀ ਮੌਕੇ ‘ਤੇ ਹੀ ਦਰਦਨਾਕ ਮੌਤ ਹੋ ਗਈ, ਜਦਕਿ ਅਪੋਲੋ ਸਵਾਰ 2 ਨੌਜਵਾਨ ਅਨੰਤਦੀਪ ਸਿੰਘ ਅਤੇ ਹਕੂਮਤ ਸਿੰਘ ਵਾਸੀ ਪਿੰਡ ਸੱਤੋਵਾਲੀ ਬਲਾਕ ਭੋਗਪੁਰ ਜ਼ਿਲ੍ਹਾ ਜਲੰਧਰ ਜਖਮੀ ਹੋਣ ਕਰਕੇ ਪ੍ਰਾਇਵੇਟ ਹਸਪਤਾਲ ਵਿੱਚ ਜੇਰੇ ਇਲਾਜ ਹਨ।
ਪੰਜਾਬ ਪੁਲਿਸ ਵਿੱਚ ਬਤੋਰ ਸਿਪਾਹੀ ਸੇਵਾਵਾਂ ਨਿਭਾਅ ਰਹੇ ਜਸਵਿੰਦਰ ਸਿੰਘ ਆਪਣੀ ਪਤਨੀ ਜਸਵੀਰ ਕੌਰ ਦੇ ਰੁਟੀਨ ਚੈਕਅੱਪ ਤੇ ਦਵਾਈ ਲੈਣ ਲਈ ਆਪਣੇ ਪਿੰਡ ਟਾਂਡਾ ਉੜਮੁੜ ਤੋ ਐਸ.ਜੀ.ਐਲ. ਹਸਪਤਾਲ ਜਲੰਧਰ ਵਿਖੇ ਜਾ ਰਹੇ ਹਨ, ਜਿਥੇ ਜਲੰਧਰ ਤੋ ਭੋਗਪੁਰ ਵੱਲ ਨੂੰ ਆ ਰਹੀ ਅਪੋਲੋ ਗੱਡੀ ਦਾ ਇੰਜਣ ਖੁੱਲ੍ਹਣ ਕਰਕੇ ਦਰਦਨਾਕ ਹਾਦਸਾ ਵਾਪਰ ਗਿਆ । ਹਾਦਸੇ ਚ ਅਪੋਲੋ ਕਾਰ ਨੰਬਰ ਪੀ.ਬੀ. 09 ਐਨ 3440 ਜਲੰਧਰ ਵੱਲੋਂ ਆ ਰਹੀ ਸੀ ਕਿ ਅਚਾਨਕ ਭੋਗਪੁਰ ਨਜ਼ਦੀਕ ਡਿਵਾਇਡਰ ਟੱਪ ਕੇ ਟਾਂਡਾ ਸਾਇਡ ਤੋਂ ਆ ਰਹੀ ਸਵਿਫਟ ਕਾਰ ਨੰਬਰ ਪੀ.ਬੀ. 07 ਏ.ਜੇ. 9969 ਨਾਲ ਜਾ ਟਕਰਾਈ, ਜਿਸ ਕਾਰਨ ਸਵਿਫਟ ਕਾਰ ਵਿਚ ਸਵਾਰ ਪਤੀ-ਪਤਨੀ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦਕਿ ਦੋਵੇਂ ਨੌਜਵਾਨ ਜੇਰੇ ਇਲਾਜ ਹਨ। ਟੱਕਰ ਇੰਨੀ ਭਿਆਨਕ ਸੀ ਕਿ ਸਵਿਫ਼ਟ ਕਾਰ ਦੇ ਪਰਖੱਚੇ ਉੱਡ ਗਏ ਤੇ ਅਪੋਲੋ ਗੱਡੀ ਪਲਟੀਆਂ ਮਾਰਦੀ ਹੋਈ ਸੜਕ ਤੋ ਦੂਸਰੇ ਕਿਨਾਰੇ ਜਾ ਡਿੱਗੀ, ਜਿਸ ਲਈ ਮ੍ਰਿਤਕ ਪਤੀ ਪਤਨੀ ਤੇ ਜਖਮੀ ਨੌਜਵਾਨਾਂ ਨੂੰ ਗੱਡੀ ਵਿਚੋ ਬਾਹਰ ਕੱਢਣ ਲਈ ਸਥਾਨਕ ਨਿਵਾਸੀਆਂ ਨੂੰ ਭਾਰੀ ਜੱਦੋਜਹਿਦ ਕਰਨੀ ਪਈ। ਮ੍ਰਿਤਕ ਪਤੀ-ਪਤਨੀ ਆਪਣੇ ਪਿਛੇ ਬੇਟਾ-ਬੇਟੀ ਨੂੰ ਛੱਡ ਗਏ ਹਨ। ਥਾਣਾ ਭੋਗਪੁਰ ਵੱਲੋ ਅਪੋਲੋ ਕਾਰ ਚਾਲਕ ਨੌਜਵਾਨ ਤੇ ਮਾਮਲਾ ਦਰਜ ਕਰਕੇ ਅਗਰੇਲੀ ਕਾਰਵਾਈ ਆਰੰਭ ਕਰ ਦਿੱਤੀ ਹੈ
115 ਪ੍ਰਤੀ ਕਿਲੋਮੀਟਰ ਦੀ ਸਪੀਡ ਤੇ ਰੁਕਿਆ ਹੋਇਆ ਸੀ ਅਪੋਲੋ ਗੱਡੀ ਦਾ ਮੀਟਰ
ਹਾਦਸੇ ਵਾਲੇ ਸਥਾਨ ਤੇ ਪਹੁੰਚਣ ਤੇ ਜਦੋ ਦੇਖਿਆ ਤਾਂ ਜਲੰਧਰ ਤੋ ਭੋਗਪੁਰ ਨੂੰ ਆ ਰਹੀ ਅਪੋਲੋ ਗੱਡੀ ਜਿਸ ਵਿੱਚ ਸਵਾਰ 23 ਤੇ 16 ਸਾਲਾਂ ਨੌਜਵਾਨ ਅਨੰਤਵੀਰ ਸਿੰਘ ਤੇ ਹਕੂਮਤ ਸਿੰਘ ਚਲਾ ਰਹੇ ਸਨ, ਜਿਸ ਦਾ ਸਪੀਡ ਮੀਟਰ 115 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਤੇ ਰੁਕਿਆ ਹੋਇਆ ਸੀ, ਜਦਕਿ ਗੱਡੀ ਦਾ ਇੰਜਣ ਖੁੱਲ ਕੇ ਸੜਕ ਕਿਨਾਰੇ ਡਿੱਗ ਗਿਆ ਸੀ। ਜਦਕਿ ਸਵਿਫੱਟ ਗੱਡੀ ਚਲਾਕ ਨੇ ਹਾਦਸਾ ਟਾਲਣ ਲਈ ਪੂਰੀ ਜੱਦੋਜਹਿਦ ਕੀਤੀ, ਪ੍ਰੰਤੂ ਦੋਵੇਂ ਪਤੀ-ਪਤਨੀ ਆਪਣੀ ਜਾਨ ਨਹੀ ਬਚਾ ਸਕੇ ।