ਬਾਲਗਾਂ ਤੋਂ ਵੱਧ ਮਜ਼ਬੂਤ ਹੁੰਦੀ ਹੈ ਬੱਚਿਆਂ ਦੀ ਪ੍ਰਤੀ-ਰੱਖਿਆ ਪ੍ਰਣਾਲੀ, ਅਮਰੀਕੀ ਵਿਗਿਆਨੀਆਂ ਨੇ ਹਾਲੀਆ ਖੋਜ ’ਚ ਕੀਤਾ ਦਾਅਵਾ

ਵਾਸ਼ਿੰਗਟਨ- ਕੋਮਲ ਚਮੜੀ ਵਾਲੇ ਬੱਚਿਆਂ ਦੀ ਪ੍ਰਤੀ-ਰੱਖਿਆ ਪ੍ਰਣਾਲੀ ਬਾਲਗਾਂ ਤੋਂ ਵੱਧ ਮਜ਼ਬੂਤ ਹੁੰਦੀ ਹੈ। ਬਿਮਾਰੀਆਂ ਨਾਲ ਮੁਕਾਬਲੇ ’ਚ ਬੱਚਿਆਂ ਦੀ ਪ੍ਰਤੀ-ਰੱਖਿਆ ਪ੍ਰਣਾਲੀ ਬਾਲਗਾਂ ਨੂੰ ਮਾਤ ਦਿੰਦੀ ਹੈ। ਖੋਜਕਰਤਾਵਾਂ ਦੇ ਇਸ ਹਾਲੀਆ ਅਧਿਐਨ ਦਾ ਨਤੀਜਾ ਸਾਇੰਸ ਇਮਿਊਨੋਲਾਜੀ ਜਰਨਲ ’ਚ ਛਪਿਆ ਹੈ। ਮਾਈਕ੍ਰੋਬਾਇਓਲਾਜੀ ਤੇ ਇਮਿਊਨੋਲਾਜੀ ਦੇ ਪ੍ਰੋਫੈਸਰ ਡੋਨਾ ਫਾਰਬਰ ਤੇ ਕੋਲੰਬੀਆ ਯੂਨੀਵਰਸਿਟੀ ਵੈਗੇਲੋਸ ਕਾਲਜ ਆਫ ਫਿਜੀਸ਼ੀਅਨ ਐਂਡ ਸਰਜਨ (ਅਮਰੀਕਾ) ’ਚ ਸਰਜੀਕਲ ਸਾਇੰਸ ਦੇ ਪ੍ਰੋਫੈਸਰ ਜਾਰਜ ਐੱਚ. ਹੰਫ੍ਰੇਸ (ਦੂਜੇ) ਕਹਿੰਦੇ ਹਨ, ‘ਬੱਚਿਆਂ ਦੀ ਪ੍ਰਤੀ-ਰੱਖਿਆ ਪ੍ਰਣਾਲੀ ਦੀ ਜਦੋਂ ਬਾਲਗਾਂ ਨਾਲ ਤੁਲਨਾ ਕੀਤੀ ਜਾਂਦੀ ਹੈ ਤਾਂ ਉਸ ਨੂੰ ਕਮਜ਼ੋਰ ਤੇ ਗ਼ੈਰ-ਵਿਕਸਿਤ ਮੰਨਿਆ ਜਾਂਦਾ ਹੈ ਪਰ ਇਹ ਸੱਚ ਨਹੀਂ ਹੈ।

ਇੰਫਲੂਏਂਜਾ ਤੇ ਰੇਸਪੀਰੇਟਰੀ ਸਿੰਕਾਇਟੀਅਲ ਵਾਇਰਸ ਕਾਰਨ ਬਾਲਗਾਂ ਦੇ ਮੁਕਾਬਲੇ ਬੱਚਿਆਂ ’ਚ ਸਾਹ ਸਬੰਧੀ ਕਈ ਬਿਮਾਰੀਆਂ ਹੁੰਦੀਆਂ ਹਨ ਜਿਨ੍ਹਾਂ ਦਾ ਮੁੱਖ ਕਾਰਨ ਹੈ ਇਕ ਉਹ ਪਹਿਲੀ ਵਾਰ ਇਨ੍ਹਾਂ ਵਾਇਰਸ ਦੀ ਲਪੇਟ ’ਚ ਆਉਂਦੇ ਹਨ। ਨਵੇਂ ਅਧਿਐਨ ’ਚ ਫਾਰਬਰ ਤੇ ਉਨ੍ਹਾਂ ਦੇ ਸਹਿਯੋਗੀਆਂ ਨੇ ਬਿਮਾਰੀਆਂ ਪੈਦਾ ਕਰਨ ਵਾਲੇ ਇਕ ਨਵੇਂ ਵਾਇਰਸ ਖ਼ਿਲਾਫ਼ ਪ੍ਰਤੀ-ਰੱਖਿਆ ਪ੍ਰਣਾਲੀ ਦੀ ਪ੍ਰਤੀਕਿਰਿਆ ਤੇ ਉਸ ਨੂੰ ਖ਼ਤਮ ਕਰਨ ਦੀ ਸਮਰੱਥਾ ਦਾ ਮੁਲਾਂਕਣ ਕੀਤਾ। ਇਸ ਦੌਰਾਨ ਖੋਜਕਰਤਾਵਾਂ ਨੇ ਅਜਿਹੀ ਟੀ ਸੈੱਲਾਂ (ਪ੍ਰਤੀ-ਰੱਖਿਆ ਸੈੱਲ) ਦਾ ਸੰਗ੍ਰਹਿ ਕੀਤਾ ਜਿਨ੍ਹਾਂ ਦਾ ਬਿਮਾਰੀ ਪੈਦਾ ਕਰਨ ਵਾਲੇ ਵਾਇਰਸ ਨਾਲ ਕਦੇ ਮੁਕਾਬਲੇ ਨਹੀਂ ਹੋਇਆ ਸੀ। ਇਨ੍ਹਾਂ ਟੀ ਸੈੱਲਾਂ ਨੂੰ ਵਾਇਰਸ ਨਾਲ ਇਨਫੈਕਟਿਡ ਚੂਹੇ ’ਚ ਭੇਜਿਆ ਗਿਆ। ਇਸ ਦੌਰਾਨ ਵਾਇਰਸ ਨੂੰ ਜੜ੍ਹੋਂ ਖ਼ਤਮ ਕਰਨ ’ਚ ਬੱਚਿਆਂ ਦੇ ਟੀ ਸੈੱਲ ਬਾਲਗਾਂ ਦੇ ਮੁਕਾਬਲੇ ਕਾਫੀ ਅਸਰਦਾਰ ਸਾਬਤ ਹੋਏ। ਬੱਚਿਆਂ ਦੇ ਟੀ ਸੈੱਲ ਨਾ ਸਿਰਫ਼ ਤੇਜ਼ੀ ਨਾਲ ਇਨਫੈਕਟਿਡ ਖੇਤਰਾਂ ’ਚ ਪਹੁੰਚੇ, ਬਲਕਿ ਬਹੁਤ ਜਲਦੀ ਮਜ਼ਬੂਤ ਪ੍ਰਤੀ-ਰੱਖਿਆ ਦਾ ਨਿਰਮਾਣ ਵੀ ਕੀਤਾ।