ਗ਼ੁਰਬਤ ’ਚੋਂ ਹੀਰਾ ਬਣ ਕੇ ਨਿਕਲੀ ਕੁਲਬੀਰ ਕੌਰ

ਸ਼ਿਵਾਲਿਕ ਦੀਆਂ ਪਹਾੜੀਆਂ ਨੇੜੇ 11ਵੀਂ ਸਦੀ ’ਚ ਵੱਸੇ ਸ਼ਹਿਰ ਰੂਪਨਗਰ (ਰੋਪੜ) ਨੇ ਹਰੇਕ ਖੇਤਰ ’ਚ ਮੱਲਾਂ ਮਾਰੀਆਂ ਹਨ। ਇਸੇ ਜ਼ਿਲ੍ਹੇ ਦੀ ਤਹਿਸੀਲ ਚਮਕੌਰ ਸਾਹਿਬ ਨਾਲ ਸਬੰਧਿਤ ਸ਼ਹਿਰ ਮੋਰਿੰਡਾ ਵਿਖੇ ਰਿਕਸ਼ਾ ਚਾਲਕ ਓਮ ਪ੍ਰਕਾਸ਼ ਦੇ ਘਰ ਮਾਤਾ ਜਸਵੰਤ ਕੌਰ ਦੀ ਕੁੱਖੋਂ 4 ਫਰਵਰੀ 1987 ਨੂੰ ਪੈਦਾ ਹੋਈ ਕੁਲਬੀਰ ਕੌਰ ਨੇ ਵੇਟਲਿਫਟਿੰਗ ਦੀ ਖੇਡ ’ਚ ਮੀਲ ਪੱਥਰ ਕਾਇਮ ਕੀਤਾ ਹੈ । ਮਾਪਿਆਂ ਨੇ ਆਪਣੀ ਇਕਲੌਤੀ ਸੰਤਾਨ ਦਾ ਨਾਂ ਰਿੰਪੀ ਰਾਣੀ ਰੱਖਿਆ ਸੀ ਪਰ ਪਿਤਾ ਓਮ ਪ੍ਰਕਾਸ਼ ਜਦੋਂ ਆਪਣੀ ਲਾਡਲੀ ਧੀ ਨੂੰ ਸਕੂਲੇ ਦਾਖ਼ਲ ਕਰਵਾਉਣ ਲਈ ਗਏ ਤਾਂ ਸਕੂਲ ਅਧਿਆਪਕਾ ਅਨੀਤਾ ਨੇ ਹਾਜ਼ਰੀ ਰਜਿਸਟਰ ’ਚ ਉਸ ਦਾ ਨਾਂ ਰਿੰਪੀ ਰਾਣੀ ਲਿਖਣ ਦੀ ਬਜਾਏ ਕੁਲਬੀਰ ਕੌਰ ਲਿਖ ਦਿੱਤਾ, ਜੋ ਉਸ ਦੇ ਪਿਤਾ ਜੀ ਨੇ ਬਿਨਾਂ ਕਿਸੇ ਪ੍ਰਤੀਕਿਰਿਆ ਤੋਂ ਸਵੀਕਾਰ ਕਰ ਲਿਆ ।

ਬਾਰ੍ਹਵੀਂ ਜਮਾਤ ’ਚ ਪੜ੍ਹਦੀ ਇਸ ਮਿਹਨਤੀ ਕੁੜੀ ਨੂੰ ਪੰਜਾਬ ਰਾਜ ਖੇਡਾਂ ਦੌਰਾਨ ਵੇਟਲਿਫਟਿੰਗ ਦੇ ਅੰਡਰ-16 ਮੁਕਾਬਲਿਆਂ ’ਚ ਸੋਨ ਤਗਮਾ ਤੇ ਕੌਮੀ ਖੇਡਾਂ ’ਚ ਚਾਂਦੀ ਤਮਗਾ ਜੇਤੂ ਬਣਨ ਦਾ ਸੁਭਾਗ ਪ੍ਰਾਪਤ ਹੋਇਆ। ਗ੍ਰੈਜੂਏਸ਼ਨ ਦੇ ਪਹਿਲੇ ਸਾਲ ਅੰਤਰ ਕਾਲਜ ਮੁਕਾਬਲਿਆਂ ਦੌਰਾਨ ਹੈਮਰ ਥਰੋਅ ’ਚ ਚਾਂਦੀ ਤਮਗਾ ਜਿੱਤਣ ਤੋਂ ਬਾਅਦ ਉਸ ਨੇ 2003 ’ਚ ਆਪਣਾ ਸਾਰਾ ਰੁਝਾਨ ਵੇਟਲਿਫਟਿੰਗ ਵੱਲ ਕਰ ਲਿਆ।

2004 ’ਚ ਸ੍ਰੀ ਅਨੰਦਪੁਰ ਸਾਹਿਬ ਵਿਖੇ ਕਰਵਾਏ ਗਏ ਅੰਤਰ ਕਾਲਜ ਮੁਕਾਬਲਿਆਂ ’ਚ ਮੋਰਿੰਡਾ ਕਾਲਜ ਦੇ ਸਾਰੇ ਭਾਰਤੋਲਕਾਂ ਨੇ ਤਗਮੇ ਜਿੱਤੇ ਪਰ ਉਸ ਨੂੰ ਬੇਰੰਗ ਹੀ ਵਾਪਿਸ ਮੁੜਨਾ ਪਿਆ । ਇਸ ਹਾਰ ਨੇ ਉਸ ਨੂੰ ਹੋਰ ਸਖ਼ਤ ਮਿਹਨਤ ਕਰਨ ਲਈ ਤਾਂ ਪ੍ਰੇਰਿਤ ਕੀਤਾ ਪਰ ਘਰ ’ਚ ਅੱਤ ਦੀ ਗ਼ਰੀਬੀ ਹੋਣ ਕਾਰਨ ਉਸ ਕੋਲ ਚੰਗੀ ਖ਼ੁਰਾਕ ਤੇ ਖੇਡ ਕਿੱਟ ਲਈ ਪੈਸੇ ਨਹੀਂ ਸਨ । ਗ਼ੁਰਬਤ ਭਰੇ ਦਿਨ ਗੁਜ਼ਾਰਨ ਵਾਲੀ ਇਸ ਮੁਟਿਆਰ ਨੇ ਫਿਰ ਵੀ ਕਦੇ ਹੌਸਲਾ ਨਹੀਂ ਹਾਰਿਆ ਸੀ । ਪੁਰਾਣੇ ਦਿਨਾਂ ਦੀਆਂ ਯਾਦਾਂ ’ਚ ਡੁੱਬੀ ਉਹ ਕਦੇ-ਕਦੇ ਭਾਵੁਕ ਹੋ ਜਾਂਦੀ ਹੈ। ਕੋਚ ਦਵਿੰਦਰ ਸ਼ਰਮਾ ਵੱਲੋਂ ਉਸ ਦੇ ਨਾਜ਼ੁਕ ਦੌਰ ’ਚ ਹਰੇਕ ਪੱਖ ਤੋਂ ਡਟ ਕੇ ਕੀਤੀ ਮਦਦ ਨੂੰ ਉਹ ਆਪਣੇ ਚਿੱਤ ’ਚ ਸਮੋਈ ਬੈਠੀ ਹੈ ।

ਸਰ ਕੀਤੀਆਂ ਵੱਡੀਆਂ ਮੰਜ਼ਲਾਂ

2012 ’ਚ ਦਿੱਲੀ ਵਿਖੇ ਹੋਈਆਂ ਸਰਬ ਭਾਰਤੀ ਪੁਲਿਸ ਖੇਡਾਂ ’ਚ ਕੁਲਬੀਰ ਕੌਰ ਨੇ ਪੰਜਾਬ ਪੁਲਿਸ ਦੀ ਟੀਮ ਵੱਲੋਂ ਜਬਰਦਸਤ ਪ੍ਰਦਰਸ਼ਨ ਕਰਦਿਆਂ ਚਾਂਦੀ ਦਾ ਤਗਮਾ ਪ੍ਰਾਪਤ ਕੀਤਾ । 2013 ’ਚ ਸੀਨੀਅਰ ਸਟੇਟ ਚੈਂਪੀਅਨਸ਼ਿਪ ’ਚ ਸੋਨ ਤਗਮਾ ਤੇ ਸੀਨੀਅਰ ਨੈਸ਼ਨਲ ਚੈਂਪੀਅਨਸ਼ਿਪ ’ਚ ਚਾਂਦੀ ਤਮਗਾ ਜਿੱਤਣ ਵਾਲੀ ਕੁਲਬੀਰ ਖੇਡਾਂ ਲਈ ਭਾਰਤੀ ਟੀਮ ਦੇ ਕੈਂਪ ’ਚ ਚੁਣੀ ਗਈ ਪਰ ਮੋਢੇ ’ਤੇ ਲੱਗੀ ਸੱਟ ਕਾਰਨ ਉਹ ਮੁਕਾਬਲਿਆਂ ਦਾ ਹਿੱਸਾ ਨਹੀਂ ਬਣ ਸਕੀ ।

2014 ’ਚ ਵੀ ਇਸ ਪ੍ਰਸਿੱਧ ਭਾਰਤੋਲਕ ਨੂੰ ਸੂਬਾਈ ਤੇ ਕੌਮੀ ਮੁਕਾਬਲਿਆਂ ’ਚ ਕ੍ਰਮਵਾਰ ਸੋਨੇ ਅਤੇ ਚਾਂਦੀ ਦੇ ਤਮਗੇ ਨਸੀਬ ਹੋਏ। ਅਗਲੇ ਸਾਲ 2015 ’ਚ ਸੂਬਾਈ ਤੇ ਕੌਮੀ ਪੱਧਰ ’ਤੇ ਚਾਂਦੀ ਦਾ ਤਮਗਾ ਜਿੱਤਣ ਵਾਲੀ ਕੁਲਬੀਰ ਆਪਣੀ ਦਮਦਾਰ ਖੇਡ ਦੀ ਬਦੌਲਤ ਪਦਉੱਨਤ ਹੋ ਕੇ ਹੈੱਡ ਕਾਂਸਟੇਬਲ ਬਣ ਗਈ ।

ਇਸੇ ਵਰ੍ਹੇ ਉਸ ਦੇ ਪਿਤਾ ਜੀ ਦੀ ਸ਼ੂਗਰ ਦੀ ਬਿਮਾਰੀ ਕਾਰਨ ਖੱਬੀ ਲੱਤ ਕੱਟੀ ਗਈ । ਇਸ ਸਦਮੇ ਕਾਰਨ ਸਾਰੇ ਪਰਿਵਾਰ ’ਤੇ ਉਦਾਸੀ ਦਾ ਆਲਮ ਛਾ ਗਿਆ । ਵੱਡੀਆਂ ਮੰਜ਼ਿਲਾਂ ਸਰ ਕਰਨ ਵਾਲੀ ਕੁਲਬੀਰ ਕੌਰ 17 ਅਪ੍ਰੈਲ 2016 ਨੂੰ ਪਿੰਡ ਥੂਹੀ ਦੇ ਵਸਨੀਕ ਮਹਿੰਦਰ ਸਿੰਘ ਅਤੇ ਕਰਮਜੀਤ ਕੌਰ ਦੇ ਲਾਡਲੇ ਸਪੂਤ ਪ੍ਰਸਿੱਧ ਕੁਮੈਂਟੇਟਰ ਕੁਲਵੀਰ ਸਿੰਘ ਨਾਲ ਵਿਆਹ ਦੇ ਬੰਧਨ ’ਚ ਬੱਝ ਗਈ । ਅਗਲੇ ਸਾਲ 9 ਫਰਵਰੀ 2017 ਨੂੰ ਪਰਮਾਤਮਾ ਨੇ ਇਸ ਖ਼ੂਬਸੂਰਤ ਜੋੜੀ ਨੂੰ ਇਕ ਪੁੱਤਰ ਦੀ ਦਾਤ ਬਖ਼ਸ਼ੀ, ਜਿਸ ਦਾ ਨਾਂ ਅਗਮਵੀਰ ਸਿੰਘ ਰੱਖਿਆ ਗਿਆ। ਰੋਜ਼ਾਨਾ ਛੇ ਘੰਟੇ ਜ਼ੋਰਦਾਰ ਅਭਿਆਸ ਕਰ ਕੇ ਪਸੀਨਾ ਵਹਾਉਣ ਵਾਲੀ ਕੁਲਬੀਰ ਆਪਣੇ ਮਾਸੂਮ ਬੇਟੇ ਅਗਮਵੀਰ ਨੂੰ ਵੀ ਮੈਦਾਨ ’ਚ ਨਾਲ ਲੈ ਕੇ ਜਾਣ ਲੱਗ ਪਈ ਤੇ ਜਦੋਂ ਉਹ ਭੁੱਖ ਨਾਲ ਰੋਣ ਲੱਗਦਾ ਤਾਂ ਆਪਣੀ ਪ੍ਰੈਕਟਿਸ ਛੱਡ ਕੇ ਉਸ ਨੂੰ ਦੁੱਧ ਪਿਲਾਉਂਦੀ ।

ਇਸੇ ਵਰ੍ਹੇ ਦੇ ਨੌਵੇਂ ਮਹੀਨੇ ਦੀ ਅੱਠ ਤਰੀਕ ਨੂੰ ਕੁਲਬੀਰ ਦੀਆਂ ਖ਼ੁਸ਼ੀਆਂ ਲਈ ਦਿਨ-ਰਾਤ ਦੁਆਵਾਂ ਕਰਨ ਵਾਲੀ ਮਾਂ ਜਸਵੰਤ ਕੌਰ ਸ਼ੂਗਰ ਦੀ ਸੰਖੇਪ ਬਿਮਾਰੀ ਤੋਂ ਬਾਅਦ ਇਸ ਦੁਨੀਆ ਤੋਂ ਰੁਖ਼ਸਤ ਹੋ ਗਈ । ਇਸ ਦੁਖਦਾਇਕ ਘਟਨਾ ਨੇ ਉਸ ਨੂੰ ਧੁਰ ਅੰਦਰ ਤਕ ਝੰਜੋੜ ਕੇ ਰੱਖ ਦਿੱਤਾ। ਮਾਂ ਦੀ ਮਮਤਾ ਤੋਂ ਸੱਖਣੀ ਹੋਈ ਕੁਲਬੀਰ ਖੇਡਾਂ ਦੀ ਦੁਨੀਆਂ ਤੋਂ ਵੀ ਦੂਰ ਰਹਿਣ ਲੱਗ ਪਈ ਤੇ ਮਾਨਸਿਕ ਪੱਖੋਂ ਬਿਲਕੁਲ ਟੁੱਟ ਚੁੱਕੀ ਸੀ । ਇਸ ਧੁਰੰਤਰ ਖਿਡਾਰਨ ਨੂੰ ਦੁੱਖ ਦੀ ਘੜੀ ’ਚ ਕੋਚ ਸੰਦੀਪ ਕੁਮਾਰ ਤੇ ਸਤਵੰਤ ਸਿੰਘ ਨੇ ਕਾਫ਼ੀ ਸਾਥ ਦਿੱਤਾ। ਸਮੁੱਚੇ ਪਰਿਵਾਰ ਤੇ ਸਵਪਨ ਸ਼ਰਮਾ (ਸੀਨੀਅਰ ਕਪਤਾਨ ਪੁਲਿਸ ਰੂਪਨਗਰ) ਤੋਂ ਮਿਲੇ ਧਰਵਾਸ ਨੇ ਉਸ ਨੂੰ 2018 ’ਚ ਪੂਨਾ ਵਿਖੇ ਹੋਈਆਂ ਸਰਬ ਭਾਰਤੀ ਪੁਲਿਸ ਖੇਡਾਂ ਲਈ ਤਿਆਰ ਕਰ ਕੇ ਜਹਾਜ਼ ਚੜ੍ਹਾ ਦਿੱਤਾ, ਜਿੱਥੇ ਉਸ ਨੇ ਮਾਨਸਿਕ ਅਤੇ ਸਰੀਰਕ ਪੱਖੋਂ ਤਕੜੀ ਹੋ ਕੇ ਖੇਡਦਿਆਂ ਪੰਜਵਾਂ ਸਥਾਨ ਪ੍ਰਾਪਤ ਕੀਤਾ ।

ਖੇਡ ਮੈਦਾਨ ’ਚ ਧੜੱਲੇਦਾਰ ਵਾਪਸੀ ਕਰਦਿਆਂ ਕੁਲਬੀਰ 2019 ’ਚ ਸੀਨੀਅਰ ਸਟੇਟ ਚੈਂਪੀਅਨਸ਼ਿਪ ’ਚ ਗੋਲਡ ਮੈਡਲ ਦੀ ਹੱਕਦਾਰ ਬਣੀ। 2019 ਤੇ 2020 ਦੀਆਂ ਸਰਬ ਭਾਰਤੀ ਪੁਲਿਸ ਖੇਡਾਂ ’ਚ ਵੀ ਇਸ ਮਸ਼ਹੂਰ ਭਾਰਤੋਲਕ ਨੇ ਕਾਂਸੀ ਦੇ ਤਗਮੇ ਜਿੱਤੇ ।

ਸਕੂਲੀ ਖੇਡਾਂ ਤੋਂ ਲੈ ਕੇ ਇੰਡੀਆ ਕੈਂਪ ਤਕ ਦਾ ਦਿ੍ਰੜ੍ਹਤਾ ਭਰਿਆ ਸਫ਼ਰ ਤੈਅ ਕਰਨ ਵਾਲੀ ਖੇਡ ਦੁਨੀਆ ਦੀ ਸਥਾਪਤ ਹਸਤਾਖਰ ਕੁਲਬੀਰ ਕੌਰ ਆਪਣੇ ਇਲਾਕੇ ਦੀਆਂ ਸਿਰਮੌਰ ਸੰਸਥਾਵਾਂ ਤੇ ਰਾਜਨੀਤਕ ਸ਼ਖ਼ਸੀਅਤਾਂ ਵੱਲੋਂ ਮਿਲਣ ਵਾਲੇ ਮਾਣ-ਸਨਮਾਨਾਂ ਤੇ ਹੱਲਾਸ਼ੇਰੀ ਤੋਂ ਆਪਣੇ ਆਪ ਨੂੰ ਅਣਗੌਲਿਆ ਹੋਇਆ ਮਹਿਸੂਸ ਕਰਦੀ ਹੈ । ਪੰਜਾਬ ਪੁਲਿਸ ਵਿਭਾਗ ਅਤੇ ਸਮੁੱਚੇ ਖੇਡ ਜਗਤ ਨੂੰ ਆਸ ਹੈ ਕਿ ਕੁਲਬੀਰ ਕੌਰ ਦੀ ਚੜ੍ਹਤ ਅਜੇ ਲੰਮਾ ਸਮਾਂ ਕਾਇਮ ਰਹੇਗੀ । ਸ਼ਾਲਾ ਖ਼ੈਰ ਕਰੇ! ਹੋਰਨਾਂ ਕੁੜੀਆਂ ਨੂੰ ਵੀ ਇਸ ਹਿੰਮਤੀ ਖਿਡਾਰਨ ਤੋਂ ਪ੍ਰੇਰਨਾ ਲੈਣ ਦੀ ਲੋੜ ਹੈ।

ਖੇਡਾਂ ਨਾਲ ਜੁੜਨ ਦੀ ਲੱਗੀ ਚਿਣਗ

ਆਰੀਆ ਗਰਲਜ਼ ਹਾਈ ਸਕੂਲ ਤੋਂ ਮੈਟਿ੍ਰਕ ਕਰਨ ਵਾਲੀ ਕੁਲਬੀਰ ਨੇ ਜਦੋਂ ਗਿਆਰਵੀਂ ਜਮਾਤ ’ਚ ਖ਼ਾਲਸਾ ਗਰਲਜ਼ ਕਾਲਜ ਮੋਰਿੰਡਾ ਵਿਖੇ ਦਾਖ਼ਲਾ ਲਿਆ ਤਾਂ ਉਸ ਨੂੰ ਖੇਡਾਂ ਨਾਲ ਜੁੜਨ ਦੀ ਚਿਣਗ ਲੱਗ ਗਈ ਤੇ ਉਸ ਨੇ ਅਥਲੈਟਿਕਸ ਦੇ ਈਵੈਂਟ ਹੈਮਰ ਥਰੋਅ ’ਚ ਜ਼ੋਰ ਅਜ਼ਮਾਇਸ਼ ਕਰਨੀ ਸ਼ੁਰੂ ਕਰ ਦਿੱਤੀ । ਕੋਚ ਛੋਟਾ ਸਿੰਘ ਦੀ ਪ੍ਰੇਰਨਾ ਸਦਕਾ ਪੰਦਰਾਂ ਕੁ ਸਾਲ ਦੀ ਕੁਲਬੀਰ ਨੇ ਪਹਿਲੇ ਸਾਲ ਹੀ ਸੂਬਾਈ ਪੱਧਰ ਦੀਆਂ ਖੇਡਾਂ ’ਚ ਚੈਂਪੀਅਨ ਬਣਨ ਦਾ ਮਾਣ ਪ੍ਰਾਪਤ ਕੀਤਾ । ਸਪੋਰਟਸ ਅਥਾਰਟੀ ਆਫ ਇੰਡੀਆ ਦੇ ਭਾਰਤੋਲਕ ਕੋਚ ਦਵਿੰਦਰ ਸ਼ਰਮਾ ਨੇ ਖ਼ਾਲਸਾ ਗਰਲਜ਼ ਕਾਲਜ ਮੋਰਿੰਡਾ ਵਿਖੇ ਕੁੜੀਆਂ ਦੀ ਵੇਟਲਿਫਟਿੰਗ ਟੀਮ ਤਿਆਰ ਕੀਤੀ ਅਤੇ ਕੁਲਬੀਰ ਦੇ ਖੇਡਾਂ ਪ੍ਰਤੀ ਜਜ਼ਬੇ ਨੂੰ ਵੇਖ ਕੇ ਉਸ ਨੂੰ ਵੀ ਟੀਮ ਦਾ ਮੈਂਬਰ ਬਣਾ ਲਿਆ ।

ਪੰਜਾਬ ਪੁਲਿਸ ’ਚ ਮਿਲੀ ਨੌਕਰੀ

2010 ’ਚ ਕੁਲਬੀਰ ਕੌਰ ਅਕਾਲ ਕਾਲਜ ਆਫ ਫਿਜ਼ੀਕਲ ਐਜੂਕੇਸ਼ਨ ਸ੍ਰੀ ਮਸਤੂਆਣਾ ਸਾਹਿਬ (ਸੰਗਰੂਰ) ਵਿਖੇ ਬੀ.ਪੀ.ਐੱਡ. ’ਚ ਪੜ੍ਹਦਿਆਂ ਅੰਤਰ ਕਾਲਜ ਮੁਕਾਬਲਿਆਂ ਦੀ ਚੈਂਪੀਅਨ ਬਣੀ । ਇਸੇ ਵਰ੍ਹੇ ਸਰਬ ਭਾਰਤੀ ਅੰਤਰ ਯੂਨੀਵਰਸਿਟੀ ਮੁਕਾਬਲਿਆਂ ਦੌਰਾਨ ਉਸ ਨੇ ਆਪਣੀ ਸ਼ਾਨਦਾਰ ਕਾਰਗੁਜ਼ਾਰੀ ਸਦਕਾ ਸੋਨ ਤਮਗਾ ਜਿੱਤਿਆ ਤੇ ਉਸ ਖੇਡ ਸਮਾਗਮ ’ਚ ਬਤੌਰ ਮੁੱਖ ਮਹਿਮਾਨ ਪਹੁੰਚੇ ਪੰਜਾਬ ਪੁਲਿਸ ਦੇ ਅਫਸਰ ਓਲੰਪੀਅਨ ਭਾਰਤੋਲਕ ਸੰਦੀਪ ਕੁਮਾਰ ਨੇ ਉਸ ਨੂੰ ਪੁਲਿਸ ਦੀ ਭਰਤੀ ( ਖੇਡ ਕੋਟਾ) ’ਚ ਫਾਰਮ ਭਰਨ ਲਈ ਉਤਸ਼ਾਹਿਤ ਕੀਤਾ । ਇਸੇ ਸਾਲ ਦੇ ਜੁਲਾਈ ਮਹੀਨੇ ’ਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਇਸ ਗੋਲਡਨ ਭਾਰਤੋਲਕ ਨੂੰ ਬਤੌਰ ਕਾਂਸਟੇਬਲ ਪੰਜਾਬ ਪੁਲਿਸ ਵਿਭਾਗ (ਖੇਡ ਕੋਟਾ) ’ਚ ਨੌਕਰੀ ਮਿਲ ਗਈ ਤੇ ਉਸ ਦਾ ਸੁਪਨਾ ਪੂਰਾ ਹੋ ਗਿਆ । ਪੁਲਿਸ ’ਚ ਭਰਤੀ ਹੋਣ ਉਪਰੰਤ ਉਸ ਨੇ ਸਭ ਤੋਂ ਪਹਿਲਾਂ ਮੀਂਹਾਂ ’ਚ ਚੋਂਦੇ ਆਪਣੇ ਕੱਚੇ ਘਰ ਨੂੰ ਇਕ ਖ਼ੂਬਸੂਰਤ ਰਹਿਣ ਬਸੇਰੇ ’ਚ ਬਦਲਣ ਦਾ ਬੀੜਾ ਚੁੱਕਿਆ । ਫਿਰ ਉਸ ਨੇ ਆਪਣੇ ਪਿਤਾ ਨੂੰ ਰਿਕਸ਼ੇ ਦੀ ਥਾਂ ਇਕ ਨਵਾਂ ਆਟੋ ਲੈ ਕੇ ਦਿੱਤਾ ।