ਇਸਲਾਮਾਬਾਦ : ਇਮਰਾਨ ਖ਼ਾਨ ਸਰਕਾਰ ’ਤੇ ਵਾਅਦਾ ਖ਼ਿਲਾਫ਼ੀ ਦਾ ਦੋਸ਼ ਲਾਉਂਦੇ ਹੋਏ ਤਹਿਰੀਕ-ਏ-ਤਾਲਿਬਾਨ (ਟੀਟੀਪੀ) ਨੇ ਕਿਹਾ ਕਿ ਉਹ ਪਾਕਿਸਤਾਨ ਸਰਕਾਰ ਨਾਲ ਮਹੀਨਾ ਭਰ ਦੀ ਜੰਗਬੰਦੀ ਨੂੰ ਅੱਗੇ ਨਹੀਂ ਵਧਾਏਗਾ। ਟੀਟੀਪੀ ਨੇਤਾ ਮੁਫ਼ਤੀ ਨੂੁਰ ਵਲੀ ਮਹਿਸੂਦ ਨੇ ਜੰਗਬੰਦੀ ਨੂੰ ਖ਼ਤਮ ਕਰਨ ਦਾ ਐਲਾਨ ਕੀਤਾ ਤੇ ਆਪਣੇ ਲੜਾਕਿਆਂ ਨੂੰ ਮੁੜ ਤੋਂ ਹਮਲਾ ਕਰਨ ਲਈ ਕਿਹਾ। ਤਹਿਰੀਕ ਦੇ ਇਸ ਫ਼ੈਸਲੇ ਨਾਲ ਪਾਕਿਸਤਾਨ ’ਚ ਸ਼ਾਂਤੀ ਬਹਾਲੀ ਨੂੰ ਗੰਭੀਰ ਖ਼ਤਰਾ ਪੈਦਾ ਹੋ ਗਿਆ ਹੈ।
ਸਮਾਚਾਰ ਪੱਤਰ ਡਾਨ ਨੇ ਕਿਹਾ ਕਿ ਟੀਟੀਪੀ ਤੇ ਪਾਕਿਸਤਾਨ ਸਰਕਾਰ ਨਾਲ ਕਈ ਦੌਰ ਦੀ ਗੱਲਬਾਤ ਹੋਈ ਸੀ। ਦੋਵਾਂ ਦਰਮਿਆਨ ਗੱਲਬਾਤ ਕਰਵਾਉਣ ’ਚ ਅਫ਼ਗਾਨਿਸਤਾਨ ਦੀ ਸੱਤਾ ’ਚ ਕਾਬਿਜ਼ ਤਾਲਿਬਾਨ ਵਿਚੋਲਗੀ ਦੀ ਭੂਮਿਕਾ ਨਿਭਾ ਰਿਹਾ ਸੀ। ਗੱਲਬਾਤ ’ਚ ਟੀਟੀਪੀ ਜੰਗਬੰਦੀ ਨੂੰ ਰਾਜ਼ੀ ਹੋਇਆ ਸੀ। ਇਸ ਸਬੰਧੀ 25 ਅਕਤੂਬਰ, 2021 ਨੂੰ ਪਾਕਿਸਤਾਨ ਸਰਕਾਰ ਤੇ ਟੀਟੀਪੀ ਦਰਮਿਆਨ ਛੇ ਸੂਤਰੀ ਸਮਝੌਤਾ ਵੀ ਹੋਇਆ। ਇਹ ਸਮਝੌਤਾ ਅਫ਼ਗਾਨਿਸਤਾਨ ਦੇ ਖੋਸਤ ਸੂਬੇ ’ਚ ਦੋਵਾਂ ਦਰਮਿਆਨ ਆਹਮੋ ਸਾਹਮਣੇ ਦੀ ਬੈਠਕ ’ਚ ਹੋਇਆ। ਸ਼ਾਂਤੀ ਵਾਰਤਾ ਦੀ ਇਹ ਗੱਲਬਾਤ ਕਰੀਬ ਦੋ ਹਫ਼ਤੇ ਤਕ ਚੱਲੀ। ਡਾਨ ਨੇ ਕਿਹਾ ਕਿ ਟੀਟੀਪੀ ਨੇ ਕੁਝ ਆਪਣੀਆਂ ਸ਼ਰਤਾਂ ਲਗਾਈਆਂ ਹਨ ਜਿਨ੍ਹਾਂ ’ਚ ਸ਼ਰਈ ਕਾਨੂੰਨ ਲਾਗੂ ਕਰਨ ਦੀ ਗੱਲ ਕਹੀ ਗਈ ਹੈ। ਹੁਣ ਜੰਗਬੰਦੀ ਨਾ ਵਧਾਉਣ ਦੇ ਟੀਟੀਪੀ ਦੇ ਫ਼ੈਸਲੇ ਨਾਲ ਤਾਲਿਬਾਨ ਦੀ ਮਦਦ ਨਾਲ ਪਾਕਿਸਤਾਨ ’ਚ ਹਿੰਸਾ ਤੇ ਅੱਤਵਾਦੀ ਹਮਲਿਆਂ ’ਚ ਵਾਧੇ ਦਾ ਖ਼ਤਰਾ ਵਧ ਗਿਆ ਹੈ