ਮਾਨਸਾ ਰੈਲੀ ‘ਚ ਸਿੱਧੂ ਮੂਸੇਵਾਲਾ ਦੇ ਬੋਲਦੇ ਹੀ ਸ਼ੁਰੂ ਹੋ ਗਈ ਹੂਟਿੰਗ, ਟਕਸਾਲੀ ਕਾਂਗਰਸੀ ਬੋਲੇ- ਕਿਤੇ ਤੈਨੂੰ ਸੁਖਬੀਰ ਨੇ ਤਾਂ ਨਹੀਂ ਭੇਜਿਆ

ਮਾਨਸਾ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਾਂਗਰਸ ‘ਚ ਸ਼ਾਮਲ ਹੋਣ ਤੋਂ ਬਾਅਦ ਉਨ੍ਹਾਂ ਨੇ ਪਹਿਲੀ ਰੈਲੀ ਮਾਨਸਾ ‘ਚ ਕੀਤੀ। ਰੈਲੀ ‘ਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਇਲਾਵਾ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਵੀ ਪਹੁੰਚੇ ਪਰ ਰੈਲੀ ਦੌਰਾਨ ਜਦੋਂ ਸਿੱਧੂ ਮੂਸੇਵਾਲਾ ਭਾਸ਼ਣ ਦੇਣ ਲੱਗੇ ਤਾਂ ਪੰਡਾਲ ‘ਚ ਹੂਟਿੰਗ ਸ਼ੁਰੂ ਹੋ ਗਈ। ਅਸਲ ਵਿਚ, ਕਾਂਗਰਸ ‘ਚ ਮਾਨਸਾ ਦੇ ਕੁਝ ਟਕਸਾਲੀ ਟਿਕਟ ਦੇ ਦਾਅਵੇਦਾਰ ਹਨ ਜਿਨ੍ਹਾਂ ਦੇ ਸਮਰਥਕ ਸਿੱਧੂ ਮੂਸੇਵਾਲਾ ਨੂੰ ਪਸੰਦ ਨਹੀਂ ਕਰਦੇ।

ਮੰਚ ਤੋਂ ਵੀ ਅਜਿਹਾ ਹੀ ਹੋਇਆ, ਜਦੋਂ ਸਿੱਧੂ ਮੂਸੇਵਾਲਾ ਦਾ ਬੋਲਣ ਲਈ ਨਾਂ ਅਨਾਊਂਸ ਕੀਤਾ ਗਿਆ ਤਾਂ ਟਕਸਾਲੀ ਕਾਂਗਰਸੀ ਆਗੂਆਂ ਦੇ ਸਮਰਥਕ ਹੂਟਿੰਗ ਕਰਨ ਲੱਗੇ। ਇੱਥੋਂ ਤਕ ਕਿ ਲੋਕਾਂ ਨੇ ਤਾਂ ਇਹ ਵੀ ਬੋਲ ਦਿੱਤਾ ਕਿ ਉਨ੍ਹਾਂ ਨੂੰ ਸਿੱਧੂ ਮੂਸੇਵਾਲਾ ਨਹੀਂ ਚਾਹੀਦਾ। ਪੰਡਾਲ ‘ਚ ਅਜਿਹਾ ਹੁੰਦਾ ਦੇਖ ਟਾਰੰਸਪੋਰਟ ਮੰਤਰੀ ਰਾਜਾ ਵੜਿੰਗ ਵੀ ਭੜਕ ਗਏ। ਉਨ੍ਹਾਂ ਸਿੱਧੂ ਮੂਸੇਵਾਲਾ ਤੋਂ ਮਾਈਕ ਲੈ ਕੇ ਇਕ ਵਿਅਕਤੀ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਇਕੱਲਾ ਤੂੰ ਹੀ ਰੌਲਾ ਪਾ ਰਿਹੈਂ, ਕਿਤੇ ਤੈਨੂੰ ਸੁਖਬੀਰ ਨੇ ਤਾਂ ਨਹੀਂ ਭੇਜਿਆ। ਇਸ ਤੋਂ ਬਾਅਦ ਉਹ ਪਿੱਛੇ ਤਾਂ ਹੱਟ ਗਏ ਪਰ ਜਦੋਂ ਤਕ ਸਿੱਧੂ ਮੂਸੇਵਾਲਾ ਮੰਚ ‘ਤੇ ਭਾਸ਼ਣ ਦਿੰਦਾ ਰਿਹਾ ਹੂਟਿੰਗ ਬੰਦ ਨਹੀਂ ਹੋਈ। ਇਸ ਤੋਂ ਬਾਅਦ ਸਿੱਧੂ ਮੂਸੇਵਾਲਾ ਕੁਝ ਲਫਜ਼ ਬੋਲ ਕੇ ਬੈਠ ਗਏ।