CM ਚੰਨੀ ਦੇ ਭਾਸ਼ਣ ਦੌਰਾਨ ਰੈਲੀ ’ਚ ‘ਮੁਰਦਾਬਾਦ’ ਦੇ ਲੱਗੇ ਨਾਅਰੇ, ਪੁਲਿਸ ਨੇ ਧੱਕਾ-ਮੁੱਕੀ ਕਰ ਕੇ ਚੜ੍ਹਾਏ ਬੱਸਾਂ ’ਚ

ਮਾਨਸਾ : ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨੂੰ ਆਪਣਾ ਭਾਸ਼ਣ ਵਿਚਕਾਰ ਹੀ ਉਦੋਂ ਛੱਡਣਾ ਪਿਆ ਜਦ ਉਨ੍ਹਾਂ ਦੇ ਬੋਲਣ ਦੇ ਨਾਲ ਹੀ ਰੈਲੀ ’ਚੋਂ ਪੰਜਾਬ ਸਰਕਾਰ ’ਮੁਰਦਾਬਾਦ’ ਦੇ ਨਾਅਰੇ ਲੱਗਣੇ ਸ਼ੁਰੂ ਹੋ ਗਏ। ਹਾਲਾਂਕਿ ਬਾਅਦ ਵਿਚ ਉਨ੍ਹਾਂ ਦਾ ਭਾਸ਼ਣ ਕੁੱਝ ਸਮੇਂ ਬਾਅਦ ਦੁਆਰਾ ਸ਼ੁਰੂ ਕਰਵਾਇਆ ਗਿਆ। ਜਦ ਹੀ ਰੈਲੀ ’ਚ ਨਾਅਰੇ ਲੱਗਣੇ ਸ਼ੁਰੂ ਹੋਏ ਤਾਂ ਪੁਲਿਸ ਤੁਰੰਤ ਹਰਕਤ ’ਚ ਆਈ ਅਤੇ ‘ਮੁਰਦਾਬਾਦ’ ਦੇ ਨਾਅਰੇ ਲਗਾਉਣ ਵਾਲੇ ਈਟੀਟੀ ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ਦੇ ਮੂੰਹਾਂ ’ਤੇ ਹੱਥ ਰੱਖ ਕੇ ਉਨ੍ਹਾਂ ਨੂੰ ਬੱਸਾਂ ’ਚ ਭਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਕਈਆਂ ਦੀਆਂ ਪੱਗਾਂ ਲੱਥ ਗਈਆਂ ਅਤੇ ਕਈਆਂ ‘ਤੇ ਪੁਲਿਸ ਦੀਆਂ ਡਾਂਗਾ ਵੀ ਵਰ੍ਹੀਆਂ

ਇਸ ਦੌਰਾਨ ਆਪਣੀਆਂ ਮੰਗਾਂ ਨੂੰ ਮੰਨਵਾਉਣ ਲਈ ਨਾਅਰੇਬਾਜ਼ੀ ਕਰ ਰਹੇ ਇਨ੍ਹਾਂ ਬੇਰੁਜ਼ਗਾਰ ਅਧਿਆਪਕਾਂ ਵਲੋਂ ਆਪਣਾ ਵਿਰੋਧ ਜਾਰੀ ਰੱਖਿਆ ਗਿਆ ਅਤੇ ਪੰਡਾਲ ‘ਚ ਖਲਲ ਪੈ ਗਿਆ। ਇਸ ਤੋਂ ਇਲਾਵਾ ਰੈਲੀ ’ਚ ਅੰਦਰ ਦਾਖ਼ਲ ਨਾ ਹੋਣ ਦਿੱਤੇ ਗਏ ਬੀਐਡ ਟੈੱਟ ਪਾਸ ਯੂਨੀਅਨ ਦੇ ਆਗੂਆਂ ਵਲੋਂ ਆਪਣੀਆਂ ਮੰਗਾਂ ਦੇ ਸਬੰਧ ’ਚ ਲਗਾਤਾਰ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਭਾਵੇਂ ਕਿ ਪੁਲਿਸ ਵੱਲੋਂ ਸਵੇਰ ਤੋਂ ਹੀ ਵਿਰੋਧ ਕਰਨ ਵਾਲਿਆਂ ’ਤੇ ਨਜ਼ਰ ਰੱਖ ਕੇ ਰੈਲੀ ’ਚ ਨਹੀਂ ਆਉਣ ਦਿੱਤਾ ਜਾ ਰਿਹਾ ਸੀ ਪਰ ਫ਼ਿਰ ਵੀ ਪੰਡਾਲ ’ਚ ਇਹ ਪਹੁੰਚਣ ’ਚ ਕਾਮਯਾਬ ਹੋ ਗਏ।