ਪੰਜਾਬ ਦੇ ਡਿਪਟੀ CM ਰੰਧਾਵਾ ‘ਤੇ ਪੈਸੇ ਲੈ ਕੇ ਪੋਸਟਿੰਗ ਦੇ ਦੋਸ਼ਾਂ ਦੀ ਹੋਵੇ CBI ਜਾਂਚ- ਬਿਕਰਮ ਸਿੰਘ ਮਜੀਠੀਆ

ਚੰਡੀਗੜ੍ਹ : ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ (Bikram Singh Majithia) ਨੇ ਕੱਲ੍ਹ ਕੈਬਨਿਟ ਮੀਟਿੰਗ ‘ਚ ਇਕ ਕੈਬਨਿਟ ਮੰਤਰੀ ਵੱਲੋਂ ਗ੍ਰਹਿ ਮੰਤਰੀ ‘ਤੇ ਕਰੋੜਾਂ ਰੁਪਏ ਲੈ ਕੇ ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕਰਨ ਦੇ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ। ਮਜੀਠੀਆ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਹੱਦੀ ਸੂਬੇ ਪੰਜਾਬ ‘ਚ ਯੋਗ ਅਫ਼ਸਰਾਂ ਦੀ ਥਾਂ ਸਿਫ਼ਾਰਸ਼ੀ ਅਫ਼ਸਰਾਂ ਨੂੰ ਨਿਯੁਕਤ ਕਰਨਾ ਸੂਬੇ ਦੀ ਸੁਰੱਖਿਆ ਨਾਲ ਵੱਡਾ ਖਿਲਵਾੜ ਹੈ। ਮਜੀਠੀਆ ਨੇ ਕਿਹਾ ਕਿ ਉਹ ਇਸ ਮੁੱਦੇ ‘ਤੇ ਬਹੁਤ ਜਲਦ ਹੀ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਕਰਨਗੇ, ਇਸ ਤੋਂ ਬਾਅਦ ਚੋਣ ਜ਼ਾਬਤਾ ਲੱਗਣ ‘ਤੇ ਭਾਰਤ ਦੇ ਚੋਣ ਕਮਿਸ਼ਨ ਦੇ ਧਿਆਨ ਵਿਚ ਵੀ ਮਾਮਲਾ ਲਿਆਂਦਾ ਜਾਵੇਗਾ।

ਮਜੀਠੀਆ ਨੇ ਗੰਭੀਰ ਦੋਸ਼ ਲਾਉਂਦੇ ਹੋਏ ਕਿਹਾ ਕਿ ਪਿਛਲੇ ਸਾਲ ਦੌਰਾਨ ਸਰਹੱਦੀ ਜ਼ਿਲ੍ਹਿਆਂ ‘ਚ ਜ਼ਹਿਰੀਲੀ ਸ਼ਰਾਬ ਪੀ ਕੇ 120 ਵਿਅਕਤੀਆਂ ਦੀ ਮੌਤ ਦੇ ਮਾਮਲੇ ‘ਚ ਨੌਕਰੀ ਤੋਂ ਬਰਖ਼ਾਸਤ ਕੀਤੇ ਗਏ ਉਨ੍ਹਾਂ ਪੁਲਿਸ ਅਧਿਕਾਰੀਆਂ ਨੂੰ ਵੀ ਮੁੜ ਡਿਊਟੀ ‘ਤੇ ਲਗਾ ਦਿੱਤਾ ਗਿਆ। ਇਸੇ ਤਰ੍ਹਾਂ ਜੇਲ੍ਹਾਂ ‘ਚ ਗੰਭੀਰ ਕਿਸਮ ਦੇ ਅਪਰਾਧੀ ਸ਼ਰ੍ਹੇਆਮ ਆਪਣੇ ਜਨਮ ਦਿਨ ਮਨਾ ਰਹੇ ਹਨ। ਉਨ੍ਹਾਂ ਕਿਹਾ ਕਿ ਰਿਸ਼ਵਤਾਂ ਲੈ ਕੇ ਅਧਿਕਾਰੀਆਂ ਦੀ ਨਿਯੁਕਤੀ ਕਰਨਾ ਬਹੁਤ ਵੱਡਾ ਗੰਭੀਰ ਮਾਮਲਾ ਹੈ। ਇਸ ਦੀ ਨਿਰਪੱਖ ਜਾਂਚ ਕਰਨ ਦੀ ਬਜਾਏ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਮਜੀਠੀਆ ਨੇ ਇਹ ਵੀ ਕਿਹਾ ਕਿ ਰਿਸ਼ਵਤ ਦੇ ਪੈਸੇ ਏਆਈਸੀਸੀ ਦੇ ਦਫ਼ਤਰ ਤਕ ਜਾਂਦੇ ਹਨ।