ਹੁਣ ਯੂਏਈ ’ਚ ਸ਼ਨੀਵਾਰ-ਐਤਵਾਰ ਨੂੰ ਹੋਵੇਗਾ ਵੀਕਐਂਡ, ਹਫ਼ਤੇ ’ਚ ਸਾਢੇ ਚਾਰ ਦਿਨ ਕਰਨਾ ਹੋਵੇਗਾ ਕੰਮ

ਦੁਬਈ  : ਸੰਯੁਕਤ ਅਰਬ ਅਮੀਰਾਤ (ਯੂਏਈ) ਨੇ ਕੰਮ ਦੇ ਦਿਨਾਂ ਬਾਰੇ ਵੱਡਾ ਬਦਲਾਅ ਕੀਤਾ ਹੈ। ਇੱਥੇ ਹਫ਼ਤੇ ’ਚ ਸਾਢੇ ਚਾਰ ਦਿਨ ਕੰਮ ਦਾ ਫ਼ੈਸਲਾ ਲਿਆ ਗਿਆ ਹੈ। ਯੂਏਈ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ਹੈ, ਜਿੱਥੇ ਹਫ਼ਤੇ ’ਚ ਪੰਜ ਦਿਨ ਤੋਂ ਵੀ ਘੱਟ ਕੰਮ ਕੀਤਾ ਜਾਵੇਗਾ। ਆਲਮੀ ਪੱਧਰ ’ਤੇ ਹਫ਼ਤੇ ’ਚ ਪੰਜ ਦਿਨ ਕੰਮ ਦੀ ਵਿਵਸਥਾ ਹੈ। ਸਥਾਨਕ ਜ਼ਰੂਰਤਾਂ ਦੇ ਹਿਸਾਬ ਨਾਲ ਵੱਖ-ਵੱਖ ਹਫ਼ਤਾਵਾਰੀ ਛੁੱਟੀ ਦੇ ਨਾਲ ਹੀ ਵਧੇਰੇ ਦੇਸ਼ਾਂ ਨੇ ਇਸ ਵਿਵਸਤਾ ਨੂੰ ਲਾਗੂ ਕੀਤਾ ਹੋਇਆ ਹੈ। ਪੰਜ ਦਿਨ ਕੰਮ ਦੀ ਵਿਵਸਥਾ ’ਚ ਪੱਛਮੀ ਦੇਸ਼ਾਂ ’ਚ ਸ਼ਨਿਚਰਵਾਰ ਤੇ ਐਤਵਾਰ ਨੂੰ ਛੁੱਟੀ ਰਹਿੰਦੀ ਹੈ। ਉੱਥੇ ਹੀ ਯੂਏਈ ’ਚ ਸ਼ੁੱਕਰਵਾਰ ਤੇ ਸ਼ਨਿਚਰਵਾਰ ਨੂੰ ਛੁੱਟੀ ਰਹਿੰਦੀ ਹੈ। ਕਈ ਵੱਡੀਆਂ ਕੰਪਨੀਆਂ ਵਾਲੇ ਇਸ ਖਾਡ਼ੀ ਦੇਸ਼ ’ਚ ਐਤਵਾਰ ਨੂੰ ਛੁੱਟੀ ਨਾ ਹੋਣ ਕਾਰਨ ਕੰਪਨੀਆਂ ਨੂੰ ਹੋਰ ਦੇਸ਼ਾਂ ਨਾਲ ਕਾਰੋਬਾਰ ਤੇ ਵਿਵਸਥਾ ’ਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸ ਨੂੰ ਦੇਖਦੇ ਹੋਏ ਉੱਥੋਂ ਦੀ ਸਰਕਾਰ ਨੇ ਸ਼ਨਿਚਰਵਾਰ ਤੇ ਐਤਵਾਰ ਨੂੰ ਹਫ਼ਤਾਵਾਰੀ ਛੁੱਟੀ ਰੱਖਣ ਦਾ ਫ਼ੈਸਲਾ ਕੀਤਾ ਹੈ। ਨਾਲ ਹੀ ਸ਼ੁੱਕਰਵਾਰ ਨੂੰ ਵੀ ਅੱਧੇ ਦਿਨ ਹੀ ਕੰਮ ਹੋਵੇਗਾ। ਸ਼ੁੱਕਰਵਾਰ ਦੀ ਨਮਾਜ਼ ਨੂੰ ਧਿਆਨ ’ਚ ਰੱਖਦੇ ਹੋਏ ਦੁਪਹਿਰ 12 ਵਜੇ ਤੋਂ ਹਫ਼ਤਾਵਾਰੀ ਛੁੱਟੀ ਹੋਵੇਗੀ। ਇਸੇ ਤਰ੍ਹਾਂ ਹਫ਼ਤੇ ’ਚ ਕੁਲ ਸਾਢੇ ਚਾਰ ਦਿਨ ਕੰਮ ਹੋਵੇਗਾ। ਅਗਲੇ ਮਹੀਨੇ ਤੋਂ ਇਹ ਵਿਵਸਥਾ ਅਮਲ ’ਚ ਹੋਵੇਗੀ।