90 ਫੀ ਸਦੀ ਕੈਨੇਡੀਅਨ ਫੋਰਸਿਜ਼ ਕਰਮਚਾਰੀ ਕਰਵਾ ਚੁੱਕੇ ਹਨ ਪੂਰਾ ਟੀਕਾਕਰਣ : ਫਲੈਚਰ

ਓਨਟਾਰੀਓ : ਵੈਸਟ ਕੋਸਟ ਤੋਂ ਥੰਡਰ ਬੇਅ ਤੱਕ ਟਰੇਨਿੰਗ ਤੇ ਹੋਰ ਆਪਰੇਸ਼ਨਜ਼ ਦੀ ਨਿਗਰਾਨੀ ਕਰਨ ਵਾਲੇ ਸੀਨੀਅਰ ਫੌਜੀ ਕਮਾਂਡਰ ਦਾ ਕਹਿਣਾ ਹੈ ਕਿ ਲਾਜ਼ਮੀ ਕੀਤੀ ਗਈ ਕੋਵਿਡ-19 ਵੈਕਸੀਨੇਸ਼ਨ ਦੇ ਸਬੰਧ ਵਿੱਚ ਕੈਨੇਡੀਅਨ ਫੋਰਸਿਜ਼ ਸਟਾਫ ਤੋਂ ਉਨ੍ਹਾਂ ਨੂੰ ਬਹੁਤਾ ਵਿਰੋਧ ਮਿਲਣ ਦੀ ਸੰਭਾਵਨਾ ਨਹੀਂ ਹੈ।
ਜਿ਼ਕਰਯੋਗ ਹੈ ਕਿ ਓਟਵਾ ਵੱਲੋਂ ਜਾਰੀ ਕੀਤੇ ਗਏ ਨਿਰਦੇਸ਼ਾਂ ਅਨੁਸਾਰ ਮਿਲਟਰੀ ਮੈਂਬਰਜ਼ ਸਮੇਤ ਸਾਰੇ ਫੈਡਰਲ ਕਰਮਚਾਰੀਆਂ ਦਾ ਇਸ ਮਹੀਨੇ ਦੇ ਅੰਤ ਤੱਕ ਪੂਰੀ ਤਰ੍ਹਾਂ ਵੈਕਸੀਨੇਟ ਹੋਣਾ ਜ਼ਰੂਰੀ ਹੈ। ਸਰਕਾਰ ਇਹ ਵੀ ਚਾਹੁੰਦੀ ਹੈ ਕਿ ਫੈਡਰਲ ਪੱਧਰ ਉੱਤੇ ਨਿਯੰਤਰਿਤ ਇੰਡਸਟਰੀਜ਼, ਜਿਨ੍ਹਾਂ ਵਿੱਚ ਬੈਂਕ ਤੇ ਏਅਰਲਾਈਨਜ਼ ਵੀ ਸ਼ਾਮਲ ਹਨ, ਵੀ ਇਸ ਸ਼ਰਤ ਨੂੰ ਪੂਰਾ ਕਰਨ।
ਬ੍ਰਿਗੇਡੀਅਰ ਜਨਰਲ ਬਿੱਲ ਫਲੈਚਰ, ਜੋ ਕਿ ਵੈਸਟਰਨ ਕੈਨੇਡਾ ਦੀ ਤੀਜੀ ਕੈਨੇਡੀਅਨ ਡਵੀਜ਼ਨ ਲਈ ਜਿੰ਼ਮੇਵਾਰ ਹੈ, ਕੈਨੇਡੀਅਨ ਸੈਨਿਕਾਂ ਦੀ ਟਰੇਨਿੰਗ ਤੇ ਪੈਸੇਫਿਕ ਓਸ਼ਨ ਤੋਂ ਲੈ ਕੇ ਥੰਡਰ ਬੇਅ, ਓਨਟਾਰੀਓ ਤੱਕ ਜੋ ਸਾਰੇ ਆਪਰੇਸ਼ਨਜ਼ ਦੀ ਨਿਗਰਾਨੀ ਕਰਦੇ ਹਨ।ਉਨ੍ਹਾਂ ਦੇ ਨਿਯੰਤਰਣ ਹੇਠ 12 ਹਜ਼ਾਰ ਰੈਗੂਲਰ ਤੇ ਰਿਜ਼ਰਵ ਫੋਰਸਿਜ਼ ਹਨ।
ਫਲੈਚਰ ਦਾ ਕਹਿਣਾ ਹੈ ਕਿ 90 ਫੀ ਸਦੀ ਤੋਂ ਵੱਧ ਕੈਨੇਡੀਅਨ ਮਿਲਟਰੀ ਕਰਮਚਾਰੀ ਪੂਰੀ ਵੈਕਸੀਨੇਸ਼ਨ ਕਰਵਾ ਚੁੱਕੇ ਹਨ ਤੇ ਜਿਹੜੇ ਰਹਿ ਗਏ ਹਨ ਉਨ੍ਹਾਂ ਤੋਂ ਕਿਸੇ ਤਰ੍ਹਾਂ ਦੇ ਵਿਰੋਧ ਨੂੰ ਲੈ ਕੇ ਉਹ ਚਿੰਤਤ ਨਹੀਂ ਹਨ।