ਵਿਦੇਸ਼ ਤੋਂ ਆਏ ਨੌਜਵਾਨ ਦੀ ਭੇਤਭਰੀ ਹਾਲਤ ’ਚ ਮੌਤ

ਗੁਰਦਾਸਪੁਰ 

ਵਿਆਹ ਕਰਵਾਉਣ ਲਈ ਵਿਦੇਸ਼ ਤੋਂ ਆਪਣੇ ਘਰ ਆਏ ਇੱਕ ਨੌਜਵਾਨ ਦੀ ਭੇਤਭਰੀ ਹਾਲਤ ਵਿੱਚ ਮੌਤ ਹੋ ਗਈ। ਪੀੜਤ ਪਰਿਵਾਰ ਨੇ ਇਸ ਨੂੰ ਹੱਤਿਆ ਕਰਾਰ ਦਿੰਦਿਆਂ ਪਿੰਡ ਦੇ ਹੀ ਕੁਝ ਨੌਜਵਾਨਾਂ ’ਤੇ ਸ਼ੱਕ ਕੀਤਾ ਜ਼ਾਹਿਰ ਹੈ।

ਮ੍ਰਿਤਕ ਨੌਜਵਾਨ ਰਘਬੀਰ ਸਿੰਘ (29) ਪੁੱਤਰ ਸੁੱਚਾ ਸਿੰਘ ਵਾਸੀ ਪਿੰਡ ਭੁੱਲੇ ਚੱਕ ਦੀ ਮਾਂ ਸਤਵਿੰਦਰ ਕੌਰ ਨੇ ਦੱਸਿਆ ਕਿ ਰਘਬੀਰ ਸਿੰਘ ਅਤੇ ਉਸ ਦਾ ਵੱਡਾ ਭਰਾ ਦੁਬਈ ਵਿੱਚ ਟਰਾਲਾ ਚਲਾਉਂਦੇ ਸਨ। ਕਰੀਬ ਅੱਠ ਮਹੀਨੇ ਪਹਿਲਾਂ ਵੀ ਰਘੁਬੀਰ ਪਿੰਡ ਆਉਣ ਮਗਰੋਂ ਵਾਪਸ ਦੁਬਈ ਗਿਆ ਸੀ ਅਤੇ ਹੁਣ 9 ਅਕਤੂਬਰ ਨੂੰ ਘਰ ਆਇਆ ਸੀ। ਉਸ ਦੇ ਵਿਆਹ ਲਈ ਕੁਝ ਦਿਨ ਤੱਕ ਲੜਕੀ ਦੇਖਣ ਜਾਣਾ ਸੀ। ਲੰਘੀ 10 ਅਕਤੂਬਰ ਸ਼ਾਮ ਨੂੰ ਰਘਬੀਰ ਸਿੰਘ ਨੇ ਦੱਸਿਆ ਕਿ ਉਹ ਕਿਸੇ ਦੋਸਤ ਦੇ ਨਾਲ ਹੈ ਅਤੇ ਕੁਝ ਦੇਰ ਤੱਕ ਘਰ ਆ ਜਾਵੇਗਾ ਪਰ ਬਾਅਦ ਵਿੱਚ ਉਸ ਦਾ ਫ਼ੋਨ ਬੰਦ ਆਉਣ ਲੱਗਾ। ਸਾਰੀ ਰਾਤ ਉਹ ਰਘਬੀਰ ਨੂੰ ਲੱਭਦੇ ਰਹੇ ਪਰ ਉਹ ਨਹੀਂ ਮਿਲਿਆ। 11 ਅਕਤੂਬਰ ਨੂੰ ਪਿੰਡ ਦੇ ਹੀ ਕਿਸੇ ਵਿਅਕਤੀ ਨੇ ਦੱਸਿਆ ਕਿ ਰਘਬੀਰ ਬੱਬੇਹਾਲੀ ਨਹਿਰ ਕੋਲ ਜ਼ਖ਼ਮੀ ਹਾਲਤ ਵਿੱਚ ਪਿਆ ਹੈ।

ਪਰਿਵਾਰਕ ਮੈਂਬਰਾਂ ਨੇ ਮੌਕੇ ’ਤੇ ਪਹੁੰਚ ਕੇ ਉਸ ਨੂੰ ਇੱਕ ਨਿੱਜੀ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਸ ਦੇ ਭਰਾ ਦਲਬੀਰ ਸਿੰਘ ਨੇ ਦੱਸਿਆ ਕਿ ਵਿਦੇਸ਼ ਤੋਂ ਆਉਣ ਵੇਲੇ ਰਘਬੀਰ ਕੋਲ 90 ਹਜ਼ਾਰ ਰੁਪਏ ਮੁੱਲ ਦਾ ਮੋਬਾਈਲ ਫ਼ੋਨ, ਇੱਕ ਸੋਨੇ ਦਾ ਕੜਾ ਅਤੇ ਵਿਦੇਸ਼ੀ ਕਰੰਸੀ ਸੀ ਪਰ ਜਦੋਂ ਉਹ ਜ਼ਖ਼ਮੀ ਮਿਲਿਆ ਤਾਂ ਉਸ ਕੋਲ ਕੁਝ ਵੀ ਨਹੀਂ ਸੀ। ਉਨ੍ਹਾਂ ਸ਼ੱਕ ਜ਼ਾਹਿਰ ਕੀਤਾ ਕਿ ਲੁੱਟ ਦੀ ਨੀਅਤ ਨਾਲ ਪਹਿਲਾਂ ਰਘਬੀਰ ਨੂੰ ਕੋਈ ਨਸ਼ਾ ਦਿੱਤਾ ਗਿਆ ਅਤੇ ਬਾਅਦ ਵਿੱਚ ਉਸ ਦੀ ਮਾਰਕੁੱਟ ਕਰ ਕੇ ਹੱਤਿਆ ਕਰ ਦਿੱਤੀ ਗਈ, ਕਿਉਂਕਿ ਰਘਬੀਰ ਸਿੰਘ ਦੀਆਂ ਦੋਵੇਂ ਲੱਤਾਂ ਟੁੱਟੀਆਂ ਹੋਈਆਂ ਸਨ। ਉੱਧਰ, ਤਿੱਬੜ ਥਾਣੇ ਦੇ ਮੁਖੀ ਹਰਵਿੰਦਰ ਸਿੰਘ ਨੇ ਦੱਸਿਆ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ, ਜੋ ਵੀ ਦੋਸ਼ੀ ਪਾਇਆ ਗਿਆ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।