ਨਵੀਂ ਦਿੱਲੀ : ਨੈਸ਼ਨਲ ਇਲਿਜ਼ੀਬਿਲਟੀ ਐਂਟਰੈਂਸ ਟੈਸਟ ਪੋਸਟ ਗ੍ਰੈਜੂਏਟ (ਨੀਟ ਪੀਜੀ) ਕਾਊਂਸਲਿੰਗ ’ਚ ਦੇਰੀ ਨੂੰ ਲੈ ਕੇ ਰੈਜੀਡੈਂਟ ਡਾਕਟਰਾਂ ਦੀ ਹੜਤਾਲ ਜਾਰੀ ਹੈ। ਹੁਣ ਸਿਹਤ ਸੇਵਾ ਡਾਇਰੈਕਟੋਰੇਟ ਨੇ ਵਿਰੋਧ ਕਰਨ ਵਾਲੇ ਡਾਕਟਰਾਂ ਨੂੰ ਅਪੀਲ ਕਰਦੇ ਹੋਏ ਹੜਤਾਲ ਬੰਦ ਕਰਨ ਲਈ ਕਿਹਾ ਹੈ। ਜਨਰਲ ਡਾਇਰੈਕਟਰ ਨੇ ਕਿਹਾ, ‘ਮੈਂ ਇਕ ਵਾਰ ਫਿਰ ਤੁਹਾਨੂੰ ਡਿਊਟੀ ’ਤੇ ਆਉਣ ਅਤੇ ਸਿਹਤ ਮੰਤਰਾਲੇ ਨੂੰ ਸਮਰਥਨ ਦੇਣ ਦੀ ਅਪੀਲ ਕਰਦਾ ਹੈ, ਜੋ ਨਿਆਂ ਅਧੀਨ ਮਾਮਲੇ ਨੂੰ ਸੁਲਝਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ।’ ਨਾਲ ਹੀ ਕਿਹਾ ਕਿ ਡਿਊਟੀ ’ਤੇ ਆਉਣ ਨਾਲ ਸਭ ਤੋਂ ਚੁਣੌਤੀਪੂਰਨ ਸਮੇਂ ’ਚ ਦੇਸ਼ ਨੂੰ ਬਹੁਤ ਮਜ਼ਬੂਤ ਸੰਦੇਸ਼ ਮਿਲੇਗਾ। ਖ਼ਾਸ ਤੌਰ ’ਤੇ ਗਰੀਬ ਤੇ ਆਮ ਲੋਕਾਂ ਲਈ ਬੇਹੱਦ ਹੀ ਸਾਰਥਕ ਕਦਮ ਹੋਵੇਗਾ
ਦੂਜੇ ਪਾਸੇ, NEET PG 2021 ਕਾਉਂਸਲਿੰਗ ਵਿੱਚ ਦੇਰੀ ਦੇ ਖਿਲਾਫ, FORDA ਨੇ ਸਪੱਸ਼ਟ ਕੀਤਾ ਹੈ ਕਿ ਜਦੋਂ ਤੱਕ ਕੋਈ ਹੱਲ ਨਹੀਂ ਨਿਕਲਦਾ ਹੜਤਾਲ ਜਾਰੀ ਰਹੇਗੀ। ਦੱਸ ਦੇਈਏ ਕਿ ਬੀਤੇ ਦਿਨ ਕੇਂਦਰੀ ਸਿਹਤ ਮੰਤਰੀ ਮਨਸੁਖ ਮੰਡਾਵੀਆ ਨਾਲ ਡਾਕਟਰਾਂ ਦੀ ਮੀਟਿੰਗ ਹੋਈ ਸੀ ਪਰ ਇਸ ਦਾ ਕੋਈ ਢੁੱਕਵਾਂ ਹੱਲ ਨਾ ਨਿਕਲਣ ਕਾਰਨ ਡਾਕਟਰਾਂ ਨੇ ਹੜਤਾਲ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ। ਫੈਡਰੇਸ਼ਨ ਫਾਰ ਰੈਜ਼ੀਡੈਂਟ ਡਾਕਟਰਜ਼ ਐਸੋਸੀਏਸ਼ਨ (ਫੋਰਡਾ) ਅਨੁਸਾਰ ਇਸ ਤੋਂ ਪਹਿਲਾਂ 27 ਨਵੰਬਰ ਨੂੰ ਡਾਕਟਰਾਂ ਦੀ ਮੀਟਿੰਗ ਹੋਈ ਸੀ, ਜਿਸ ਵਿੱਚ ਕੇਂਦਰੀ ਸਿਹਤ ਮੰਤਰੀ ਵੱਲੋਂ ਜ਼ੁਬਾਨੀ ਭਰੋਸਾ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਪ੍ਰਦਰਸ਼ਨ ਲਗਭਗ ਖਤਮ ਹੋ ਗਿਆ ਸੀ ਪਰ ਸਰਕਾਰ ਉਸ ਭਰੋਸੇ ‘ਤੇ ਖਰੀ ਨਹੀਂ ਉਤਰੀ, ਜਿਸ ਕਾਰਨ ਐਮਰਜੈਂਸੀ ਸੇਵਾ ਵੀ ਬੰਦ ਕਰ ਦਿੱਤੀ ਗਈ।