ਚੰਡੀਗੜ੍ਹ : ਕਾਂਗਰਸ ਨੇ ਵਿਧਾਨ ਸਭਾ ਚੋਣਾਂ ਲਈ ਕੋ-ਆਰਡੀਨੇਸ਼ਨ, ਪ੍ਰਚਾਰ, ਮੈਨੀਫੈਸਟੋ ਤੇ ਸਕ੍ਰੀਨਿੰਗ ਕਮੇਟੀਆਂ ਦਾ ਗਠਨ ਕਰ ਦਿੱਤਾ ਹੈ। ਕੋ-ਆਰਡੀਨੇਸ਼ਨ ਕਮੇਟੀ ਦੀ ਕਮਾਨ ਅੰਬਿਕਾ ਸੋਨੀ, ਚੋਣ ਪ੍ਰਚਾਰ ਕਮੇਟੀ ਦੀ ਕਮਾਨ ਸੁਨੀਲ ਜਾਖੜ, ਮੈਨੀਫੈਸਟੋ ਕਮੇਟੀ ਦੀ ਕਮਾਨ ਪ੍ਰਤਾਪ ਸਿੰਘ ਬਾਜਵਾ ਤੇ ਸਕ੍ਰੀਨਿੰਗ ਕਮੇਟੀ ਦੀ ਕਮਾਨ ਅਜੈ ਮਾਕਨ ਨੂੰ ਸੌਂਪੀ ਗਈ ਹੈ। ਅਹਿਮ ਗੱਲ ਇਹ ਹੈ ਕਿ ਗਠਿਤ ਕਮੇਟੀਆਂ ‘ਚੋਂ ਚਾਰ ਆਗੂਆਂ ਦੀ ਆਪਸ ‘ਚ ਨਹੀਂ ਬਣਦੀ।
ਸੁਨੀਲ ਜਾਖੜ ਨੂੰ ਮਨਾਉਣ ਲਈ ਕਾਂਗਰਸ ਨੇ ਉਨ੍ਹਾਂ ਨੂੰ ਚੋਣ ਪ੍ਰਚਾਰ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਹੈ ਅਤੇ ਉਹ ਸਕਰੀਨਿੰਗ ਕਮੇਟੀ ਦੇ ਮੈਂਬਰ ਵੀ ਹੋਣਗੇ। ਸੂਬੇ ‘ਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਪਲਟਣ ਤੋਂ ਬਾਅਦ ਜਾਖੜ ਨਾਰਾਜ਼ ਚੱਲ ਰਹੇ ਹਨ। ਉਨ੍ਹਾਂ ਨੇ ਰਾਹੁਲ ਗਾਂਧੀ ਵੱਲੋਂ ਉਨ੍ਹਾਂ ਨੂੰ ਉਪ ਮੁੱਖ ਮੰਤਰੀ ਬਣਾਉਣ ਦੀ ਪੇਸ਼ਕਸ਼ ਨੂੰ ਵੀ ਠੁਕਰਾ ਦਿੱਤਾ ਸੀ। ਹੁਣ ਉਹ ਚੋਣ ਪ੍ਰਚਾਰ ਕਮੇਟੀ ਦੀ ਜ਼ਿੰਮੇਵਾਰੀ ਨਿਭਾਉਣਗੇ, ਇਸ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਇਸ ਦਾ ਮੁੱਖ ਕਾਰਨ ਇਹ ਹੈ ਕਿ ਤਾਲਮੇਲ ਕਮੇਟੀ ਦੀ ਜ਼ਿੰਮੇਵਾਰੀ ਅੰਬਿਕਾ ਸੋਨੀ ਨੂੰ ਦਿੱਤੀ ਗਈ ਹੈ ਅਤੇ ਉਨ੍ਹਾਂ ਤੋਂ ਜਾਖੜ ਨਾਰਾਜ਼ ਹਨ, ਕਿਉਂਕਿ ਅੰਬਿਕਾ ਸੋਨੀ ਨੇ ਹਾਈਕਮਾਂਡ ‘ਤੇ ਦਬਾਅ ਪਾਇਆ ਸੀ ਕਿ ਸਿਰਫ਼ ਦਸਤਾਰਧਾਰੀ ਹੀ ਮੁੱਖ ਮੰਤਰੀ ਹੋ ਸਕਦਾ ਹੈ। ਇਸ ਕਾਰਨ ਜਾਖੜ ਮੁੱਖ ਮੰਤਰੀ ਨਹੀਂ ਬਣ ਸਕੇ। ਹੁਣ ਸਵਾਲ ਉੱਠ ਰਹੇ ਹਨ ਕਿ ਕੀ ਉਹ ਅੰਬਿਕਾ ਨਾਲ ਐਡਜਸਟ ਕਰ ਸਕਣਗੇ
ਉੱਥੇ ਹੀ ਮੈਨੀਫੈਸਟੋ ਕਮੇਟੀ ਦੇ ਚੇਅਰਮੈਨ ਪ੍ਰਤਾਪ ਸਿੰਘ ਬਾਜਵਾ ਨਾਲ ਵੀ ਜਾਖੜ ਦੇ ਰਿਸ਼ਤੇ ਚੰਗੇ ਨਹੀਂ ਹਨ। ਪਾਰਟੀ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਦੋਵਾਂ ਆਗੂਆਂ (ਜਾਖੜ ਤੇ ਬਾਜਵਾ) ਨਾਲ ਸਬੰਧ ਚੰਗੇ ਨਹੀਂ ਹਨ। ਸਿੱਧੂ ਨੇ ਭਾਵੇਂ ਬਾਜਵਾ ਬਾਰੇ ਅਜੇ ਕੋਈ ਖਾਸ ਟਿੱਪਣੀ ਨਹੀਂ ਕੀਤੀ ਹੈ ਪਰ ਉਹ ਜਾਖੜ ਨੂੰ ਲੈ ਕੇ ਟਵਿੱਟਰ ‘ਤੇ ਸਰਗਰਮ ਰਹੇ ਹਨ।
ਨਾਲ ਹੀ ਕਮੇਟੀ ਦੀ ਸੂਚੀ ਸਾਹਮਣੇ ਆਉਣ ਤੋਂ ਬਾਅਦ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਆਪਣੇ ਗ੍ਰਹਿ ਨਗਰ ਕਾਦੀਆਂ ਤੋਂ ਵਿਧਾਨ ਸਭਾ ਚੋਣ ਲੜਨ ਦਾ ਫੈਸਲਾ ਕੀਤਾ ਹੈ ਜਦਕਿ ਉਨ੍ਹਾਂ ਦੇ ਭਰਾ ਫਤਿਹਜੰਗ ਸਿੰਘ ਬਾਜਵਾ ਕਾਦੀਆਂ ਤੋਂ ਵਿਧਾਇਕ ਹਨ। ਨਵਜੋਤ ਸਿੰਘ ਸਿੱਧੂ ਨੇ ਹਾਲ ਹੀ ਵਿੱਚ ਫਤਿਹਜੰਗ ਬਾਜਵਾ ਦੇ ਹੱਕ ‘ਚ ਕਾਦੀਆਂ ‘ਚ ਰੈਲੀ ਕੀਤੀ ਸੀ ਪਰ ਪ੍ਰਤਾਪ ਸਿੰਘ ਬਾਜਵਾ ਨੇ ਖੁਦ ਚੋਣ ਲੜਨ ਦੀ ਗੱਲ ਕਹਿ ਕੇ ਸਿੱਧੂ ਨੂੰ ਚੁਣੌਤੀ ਦਿੱਤੀ ਹੈ।
ਸਕ੍ਰੀਨਿੰਗ ਕਮੇਟੀ
ਅਜੇ ਮਾਕਨ ਨੂੰ ਚੇਅਰਮੈਨ ਬਣਾਇਆ ਗਿਆ ਹੈ। ਕੈਪਟਨ ਖਿਲਾਫ ਹੋਈ ਬਗਾਵਤ ਵੇਲੇ ਕਾਂਗਰਸ ਨੇ ਮਾਕਨ ਨੂੰ ਸੁਪਰਵਾਈਜ਼ਰ ਬਣਾ ਕੇ ਪੰਜਾਬ ਭੇਜਿਆ ਸੀ। ਉਨ੍ਹਾਂ ਤੋਂ ਇਲਾਵਾ ਰਾਹੁਲ ਗਾਂਧੀ ਦੇ ਨਜ਼ਦੀਕੀ, ਛੱਤੀਸਗੜ੍ਹ ਵਿੱਚ ਕਾਂਗਰਸ ਦੇ ਸੂਬਾ ਇੰਚਾਰਜ ਡਾ. ਚੰਦਨ ਯਾਦਵ, ਕਾਂਗਰਸ ਦੇ ਸੰਯੁਕਤ ਸਕੱਤਰ ਕ੍ਰਿਸ਼ਨਾ ਅਲਾਵਰੂ (2017 ਵਿੱਚ ਪੰਜਾਬ ਵਿੱਚ ਵੀ ਸਰਗਰਮ), ਕਾਂਗਰਸ ਦੇ ਪੰਜਾਬ ਇੰਚਾਰਜ ਹਰੀਸ਼ ਚੌਧਰੀ, ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਅਤੇ ਪੰਜਾਬ ਕਾਂਗਰਸ ਦੇ ਸਾਰੇ ਸਕੱਤਰ ਇਸ ਕਮੇਟੀ ਦੇ ਮੈਂਬਰ ਹੋਣਗੇ।
ਚੋਣ ਪ੍ਰਚਾਰ ਕਮੇਟੀ
ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਇਸ ਕਮੇਟੀ ਦੇ ਚੇਅਰਮੈਨ ਹੋਣਗੇ।
ਚੋਣ ਕੋਆਰਡੀਨੇਸ਼ਨ ਕਮੇਟੀ
ਅੰਬਿਕਾ ਸੋਨੀ ਇਸ ਕਮੇਟੀ ਦੀ ਚੇਅਰਪਰਸਨ ਹੋਵੇਗੀ।
ਮੈਨੀਫੈਸਟੋ ਕਮੇਟੀ
ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਕਮੇਟੀ ਦੇ ਚੇਅਰਮੈਨ ਹੋਣਗੇ।