ਅਦਾਕਾਰਾ ਕੰਗਨਾ ਰਣੌਤ ਨੇ ਅੱਜ ਕਿਹਾ ਹੈ ਕਿ ਉਸ ਨੇ ਕੋਈ ਮਾਫੀ ਨਹੀਂ ਮੰਗੀ ਹੈ। ਉਹ ਮਾਫੀ ਮੰਗੇ ਵੀ ਕਿਉਂ? ਉਹ ਖੇਤੀ ਕਾਨੂੰਨਾਂ ਦੇ ਹੱਕ ‘ਚ ਬੋਲਦੀ ਰਹੇਗੀ। ਉਨ੍ਹਾਂ ਅੱਗੇ ਕਿਹਾ ਕਿ ਮਾਫੀ ਮੰਗਣ ਬਾਰੇ ਕੋਈ ਸਬੂਤ ਹੈ ਤਾਂ ਦਿਖਾ ਦਿਓ।
ਕੰਗਨਾ ਨੇ ਕਿਹਾ ਹੈ ਕਿ ਉਸ ਦੇ ਕੋਈ ਵਿਰੋਧ ਨਹੀਂ ਹੋਇਆ। ਕੁਝ ਮੁੱਠੀ ਭਰ ਲੋਕਾਂ ਨੇ ਉਸ ਨੂੰ ਰੋਕਿਆ ਪਰ ਵੱਡੀ ਗਿਣਤੀ ਉਸ ਦੇ ਹੱਕ ਵਿਚ ਸੀ। ਦੱਸਣਯੋਗ ਹੈ ਕਿ ਕੱਲ੍ਹ ਫਿਲਮ ਅਦਾਕਾਰਾ ਕੰਗਣਾ ਰਣੌਤ ਜੋ ਕਿ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਤੇ ਬਿਆਨਾਂ ਕਾਰਨ ਹਮੇਸ਼ਾ ਵਿਵਾਦਾਂ ਅਤੇ ਮੀਡੀਆ ਦੀਆਂ ਸੁਰਖ਼ੀਆਂ ਵਿਚ ਰਹਿੰਦੀ ਹੈ, ਦੇ ਕਾਫਲੇ ਨੂੰ ਜ਼ਿਲ੍ਹਾ ਰੂਪਨਗਰ ਦੇ ਥਾਣਾ ਸ੍ਰੀ ਕੀਰਤਪੁਰ ਸਾਹਿਬ ਨਾਲ ਲੱਗਦੇ ਪਿੰਡ ਬੁੰਗਾ ਸਾਹਿਬ ਵਿਚ ਕਿਸਾਨ ਜਥੇਬੰਦੀਆਂ ਨੇ ਘੇਰ ਲਿਆ ਸੀ
ਕਰੀਬ ਦੋ ਘੰਟੇ ਤੋਂ ਵੱਧ ਸਮਾਂ ਕੰਗਣਾ ਰਣੌਤ ਦੀ ਗੱਡੀ ਦਾ ਕਿਸਾਨਾਂ ਵੱਲੋਂ ਘਿਰਾਓ ਕੀਤਾ ਗਿਆ। ਕਿਸਾਨ ਆਗੂਆਂ ਨੇ ਦਾਅਵਾ ਕੀਤਾ ਸੀ ਕਿ ਅਖੀਰ ਕੰਗਣਾ ਰਣੌਤ ਵੱਲੋਂ ਕਿਸਾਨ ਬੀਬੀਆਂ ਤੋਂ ਮੁਆਫ਼ੀ ਮੰਗੀ ਗਈ, ਜਿਸ ਮਗਰੋਂ ਕਿਸਾਨਾਂ ਨੇ ਆਪਣਾ ਘਿਰਾਓ ਖਤਮ ਕੀਤਾ ਤੇ ਅਦਾਕਾਰਾ ਦੀ ਗੱਡੀ ਤੇ ਕਾਫਲੇ ਨੂੰ ਅੱਗੇ ਜਾਣ ਦਿੱਤਾ ਗਿਆ।
ਕੰਗਣਾ ਰਣੌਤ ਆਪਣੀ ਸਕਿਓਰਿਟੀ ਸਮੇਤ ਮਨਾਲੀ (ਹਿਮਾਚਲ ਪ੍ਰਦੇਸ਼) ਤੋਂ ਚੰਡੀਗੜ੍ਹ ਵੱਲ ਜਾ ਰਹੀ ਸੀ। ਇਸ ਦੌਰਾਨ ਜਦੋਂ ਉਹ ਬਾਅਦ ਦੁਪਹਿਰ ਕਰੀਬ 2.15 ਵਜੇ ਬੁੰਗਾ ਸਾਹਿਬ ਨੇੜੇ ਪੁੱਜੀ ਤਾਂ ਉਸ ਦੇ ਕਾਫਲੇ ਨੂੰ ਘੇਰ ਲਿਆ। ਕਿਸਾਨਾਂ ਅਤੇ ਕਿਸਾਨ ਬੀਬੀਆਂ ਬਾਰੇ ਗਲਤ ਸ਼ਬਦਾਵਲੀ ਬੋਲਣ ਕਰ ਕੇ ਆਗੂ ਕੰਗਣਾ ਨੂੰ ਮੁਆਫ਼ੀ ਮੰਗਣ ਲਈ ਕਹਿ ਰਹੇ ਸਨ।