ਲਾਹੌਰ : ਪਾਕਿਸਤਾਨ ਦੇ ਪੰਜਾਬ ਸੂਬੇ ’ਚ ਸ੍ਰੀਲੰਕਾਈ ਨਾਗਰਿਕ ਦੀ ਲਿੰਚਿੰਗ ਤੇ ਲਾਸ਼ ਨੂੰ ਸਾੜਨ ਦੇ ਮਾਮਲੇ ’ਚ 800 ਤੋਂ ਜ਼ਿਆਦਾ ਲੋਕਾਂ ’ਤੇ ਅੱਤਵਾਦ ਫੈਲਾਉਣ ਦਾ ਮੁਕੱਦਮਾ ਦਰਜ ਕਰਦੇ ਹੋਏ 118 ਲੋਕਾਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਵਿਚ 13 ਪ੍ਰਮੁੱਖ ਮੁਲਜ਼ਮ ਸ਼ਾਮਲ ਹਨ। ਉਧਰ, ਸ੍ਰੀਲੰਕਾਈ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ ਨੇ ਇਸ ਜ਼ਾਲਮ ਵਾਰਦਾਤ ਦੀ ਸਖ਼ਤ ਨਿੰਦਾ ਕਰਦੇ ਹੋਏ ਉਮੀਦ ਪ੍ਰਗਟਾਈ ਕਿ ਉਨ੍ਹਾਂ ਦੇ ਪਾਕਿਸਤਾਨ ਹਮਅਹੁਦਾ ਇਮਰਾਨ ਖ਼ਾਨ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਉਣ ਦੇ ਆਪਣੇ ਵਾਅਦੇ ਨੂੰ ਪੂਰਾ ਕਰਨਗੇ। ਰਾਜਪਕਸ਼ੇ ਨੇ ਪਾਕਿਸਤਾਨ ਵਿਚ ਰਹਿ ਰਹੇ ਆਪਣੇ ਦੇਸ਼ ਦੇ ਹੋਰਨਾਂ ਨਾਗਰਿਕਾਂ ਦੀ ਸੁਰੱਖਿਆ ਦੀ ਮੰਗ ਵੀ ਕੀਤੀ।
ਕੱਟੜਪੰਥੀ ਇਸਲਾਮਿਕ ਸੰਗਠਨ ਤਹਿਰੀਕ-ਏ-ਲੱਬੈਕ ਪਾਕਿਸਤਾਨ (ਟੀਐੱਲਪੀ) ਦੇ ਸਮਰਥਕਾਂ ਨੇ ਸਿਆਲਕੋਟ ਜ਼ਿਲ੍ਹੇ ਵਿਚ ਸਥਿਤ ਇਕ ਕੱਪੜਾ ਫੈਕਟਰੀ ’ਤੇ ਸ਼ੁੱਕਰਵਾਰ ਨੂੰ ਹਮਲਾ ਬੋਲ ਦਿੱਤਾ ਸੀ। ਈਸ਼ ਨਿੰਦਾ ਦੇ ਦੋਸ਼ ਵਿਚ ਭੀੜ ਨੇ ਫੈਕਟਰੀ ਦੇ ਜਨਰਲ ਮੈਨੇਜਰ ਪਿ੍ਰਅੰਤਾ ਕੁਮਾਰਾ ਦੀ ਨਾ ਸਿਰਫ਼ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਸੀ, ਬਲਕਿ ਉਨ੍ਹਾਂ ਦੀ ਲਾਸ਼ ਨੂੰ ਸੜਕ ’ਤੇ ਰੱਖ ਕੇ ਸਾੜ ਦਿੱਤਾ ਸੀ। 40 ਵਰਿ੍ਹਆਂ ਦੇ ਕੁਮਾਰਾ ਸੱਤ ਸਾਲਾਂ ਤੋਂ ਵੀ ਜ਼ਿਆਦਾ ਸਮੇਂ ਤੋਂ ਸਪੋਰਟਸ ਵੀਅਰ ਬਣਾਉਣ ਵਾਲੀ ਰਜਕੋ ਇੰਡਸਟਰੀਜ਼ ਵਿਚ ਕੰਮ ਕਰਦੇ ਸਨ। ਪੰਜਾਬ ਦੇ ਆਈਜੀਪੀ ਰਾਓ ਸਰਦਾਰ ਅਲੀ ਖ਼ਾਨ ਤੇ ਸੂਬਾਈ ਸਰਕਾਰ ਦੇ ਬੁਲਾਰੇ ਹਸਨ ਖਾਵਰ ਨੇ ਸ਼ਨਿਚਰਵਾਰ ਨੂੰ ਮੁੱਢਲੀ ਜਾਂਚ ਰਿਪੋਰਟ ਸਾਂਝੀ ਕਰਦੇ ਹੋਏ ਕਿਹਾ, ‘ਕੁਮਾਰਾ ’ਤੇ ਉਸ ਪੋਸਟਰ ਨੂੰ ਪਾੜਨ ਅਤੇ ਕੂੜੇਦਾਨ ਵਿਚ ਪਾਉਣ ਦਾ ਦੋਸ਼ ਸੀ, ਜਿਸ ’ਤੇ ਕੁਰਾਨ ਦੀਆਂ ਕੁਝ ਆਇਤਾਂ ਲਿਖੀਆਂ ਹੋਈਆਂ ਸਨ। ਪੁਲਿਸ ਨੂੰ ਮਾਮਲੇ ਦੀ ਸੂਚਨਾ ਉਨ੍ਹਾਂ ਦੀ ਹੱਤਿਆ ਅਤੇ ਲਾਸ਼ ਨੂੰ ਸੜਕ ’ਤੇ ਸਾੜੇ ਜਾਣ ਤੋਂ ਬਾਅਦ ਮਿਲੀ।’ ਉੁਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਤੇ ਉਨ੍ਹਾਂ ਦੀ ਭੂਮਿਕਾ ਤੈਅ ਕਰਨ ਲਈ ਵੱਖ-ਵੱਖ ਐਂਗਲਾਂ ਤੋਂ ਵਾਰਦਾਤ ਦੀਆਂ 160 ਫੁਟੇਜ ਖੰਗਾਲੀਆਂ ਗਈਆਂ ਹਨ।
ਪਾਕਿਸਤਾਨ ਲਈ ਸ਼ਰਮਨਾਕ ਦਿਨ : ਇਮਰਾਨ
ਪੀਐੱਮ ਇਮਰਾਨ ਖ਼ਾਨ ਨੇ ਵਾਰਦਾਤ ਨੂੰ ਲੈ ਕੇ ਟਵੀਟ ਕੀਤਾ, ‘ਸਿਆਲਕੋਟ ਦੀ ਫੈਕਟਰੀ ਵਿਚ ਹਮਲਾ ਤੇ ਸ੍ਰੀਲੰਕਾਈ ਨਾਗਰਿਕ ਨੂੰ ਜ਼ਿੰਦਾ ਸਾੜਿਆ ਜਾਣਾ ਬੇਹੱਦ ਖ਼ੌਫ਼ਨਾਕ ਹੈ। ਇਹ ਪਾਕਿਸਤਾਨ ਲਈ ਸ਼ਰਮਨਾਕ ਦਿਨ ਹੈ। ਮੈਂ ਖ਼ੁਦ ਜਾਂਚ ਦੀ ਨਿਗਰਾਨੀ ਕਰ ਰਿਹਾ ਹਾਂ। ਦੋਸ਼ੀਆਂ ਨੂੰ ਸਖ਼ਤ ਸਜ਼ਾ ਦਿਵਾਈ ਜਾਵੇਗੀ।’