ਕੈਨੇਡਾ ‘ਚ ਵੀ ਪਹੁੰਚਿਆ ਓਮੀਕ੍ਰੋਨ ਵੇਰੀਐਂਟ

ਓਟਾਵਾ : ਕੈਨੇਡਾ ਵਿਚ ਵੀ ਸਿਹਤ ਵਿਭਾਗ ਨੇ ਕੋਰੋਨਾ ਵਾਇਰਸ ਦੇ ਨਵੇਂ ਰੂਪ ਓਮੀਕ੍ਰੋਨ ਦੇ ਪਹਿਲੇ ਮਰੀਜ਼ ਦੀ ਪੁਸ਼ਟੀ ਕੀਤੀ ਹੈ। ਇਸ ਦੌਰਾਨ ਕੈਨੇਡਾ ਨੇ ਆਪਣੇ ਖਤਰੇ ਨੂੰ ਦੇਖਦੇ ਹੋਏ ਮਿਸਰ, ਨਾਈਜੀਰੀਆ ਤੇ ਮਲਾਵੀ ਨੂੰ ਵੀ ਉਨ੍ਹਾਂ ਦੇਸ਼ਾਂ ਦੀ ਸੂਚੀ ‘ਚ ਸ਼ਾਮਲ ਕਰ ਲਿਆ ਹੈ, ਜਿੱਥੋਂ ਉਹ ਪਹਿਲਾਂ ਹੀ ਯਾਤਰਾ ‘ਤੇ ਪਾਬੰਦੀ ਲਗਾ ਚੁੱਕਾ ਹੈ। ਤੁਹਾਨੂੰ ਦੱਸ ਦੇਈਏ ਕਿ ਦੱਖਣੀ ਅਫਰੀਕਾ ‘ਚ Omicron ਵੇਰੀਐਂਟ ਦੀ ਪੁਸ਼ਟੀ ਨਵੰਬਰ ਦੀ ਸ਼ੁਰੂਆਤ ‘ਚ ਹੀ ਹੋਈ ਸੀ।

ਉਦੋਂ ਤੋਂ ਹੁਣ ਤਕ ਇਹ ਦੁਨੀਆ ਦੇ ਦਸ ਦੇਸ਼ਾਂ ਵਿਚ ਫੈਲ ਚੁੱਕਾ ਹੈ। ਅਫਰੀਕਾ ਦੇ ਕਈ ਦੇਸ਼ਾਂ ‘ਚ ਇਸ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਕਈ ਦੇਸ਼ਾਂ ਨੇ ਇੱਥੋਂ ਦੇ ਦੇਸ਼ਾਂ ‘ਚ ਯਾਤਰਾ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਵੇਰੀਐਂਟ ਦੇ ਖਤਰੇ ਨੂੰ ਦੇਖਦੇ ਹੋਏ ਇਜ਼ਰਾਈਲ ਨੇ ਆਪਣੀਆਂ ਸਰਹੱਦਾਂ ਨੂੰ ਸੀਲ ਕਰਨ ਵਰਗਾ ਵੱਡਾ ਫੈਸਲਾ ਲਿਆ ਹੈ। ਆਸਟ੍ਰੇਲੀਆ ਨੇ ਵੀ ਕੁਝ ਦਿਨ ਪਹਿਲਾਂ ਲੋੜ ਪੈਣ ‘ਤੇ ਅਜਿਹਾ ਹੀ ਫੈਸਲਾ ਲੈਣ ਦੀ ਗੱਲ ਕੀਤੀ ਸੀ।

ਇਸ ਦੌਰਾਨ ਵਿਸ਼ਵ ਸਿਹਤ ਸੰਗਠਨ ਦੁਆਰਾ ਓਮੀਕ੍ਰੋਨ ਦੇ ਮਾਮਲਿਆਂ ਦੇ ਸੰਪਰਕ ਵਿਚ ਆਉਣ ਵਾਲੇ ਦੇਸ਼ਾਂ ‘ਤੇ ਯਾਤਰਾ ਪਾਬੰਦੀ ਵਰਗੀਆਂ ਪਾਬੰਦੀਆਂ ਨਾ ਲਗਾਉਣ, ਬਲਕਿ ਹੋਰ ਸਾਵਧਾਨੀ ਦੇ ਉਪਾਅ ਕਰਨ ਦੀ ਅਪੀਲ ਕੀਤੀ ਗਈ ਹੈ। ਹਾਲਾਂਕਿ ਹੁਣ ਤਕ ਸੰਸਥਾ ਦੇ ਮੁਖੀ ਵੱਲੋਂ ਕੀਤੀ ਜਾ ਰਹੀ ਇਸ ਅਪੀਲ ਦਾ ਕੋਈ ਅਸਰ ਨਜ਼ਰ ਨਹੀਂ ਆ ਰਿਹਾ ਹੈ। ਕੈਨੇਡਾ ਦੇ ਅਲਬਰਟਾ ਵਿਚ ਇਹ ਪਹਿਲਾ ਮਾਮਲਾ ਸਾਹਮਣੇ ਆਇਆ ਹੈ।

ਇੱਥੋਂ ਦੀ ਚੀਫ਼ ਮੈਡੀਕਲ ਅਫ਼ਸਰ ਦੀਨਾ ਹਿੰਗਸ਼ਾ ਮੁਤਾਬਕ ਦੇਸ਼ ਵਿਚ ਓਮੀਕ੍ਰੋਨ ਦਾ ਪਹਿਲਾ ਮਰੀਜ਼ ਸਾਹਮਣੇ ਆਇਆ ਹੈ। ਉਸ ਅਨੁਸਾਰ ਇਹ ਮਰੀਜ਼ ਨਾਈਜੀਰੀਆ ਤੇ ਨੀਦਰਲੈਂਡ ਤੋਂ ਉੱਥੇ ਆਇਆ ਹੈ। ਉਨ੍ਹਾਂ ਨੇ ਇੱਕ ਪ੍ਰੈਸ ਕਾਨਫਰੰਸ ਵਿਚ ਕਿਹਾ ਕਿ ਇਸ ਵਿਅਕਤੀ ਨੂੰ ਦੇਸ਼ ਵਿਚ ਆਉਣ ਤੋਂ ਬਾਅਦ ਕੁਆਰੰਟੀਨ ਨਹੀਂ ਕੀਤਾ ਗਿਆ ਸੀ। ਉਸ ਦੇ ਟੈਸਟ ਤੋਂ ਉਸ ਦੇ ਪਾਜ਼ੀਟਿਵ ਪਾਏ ਜਾਣ ਦੀ ਪੁਸ਼ਟੀ ਹੋਈ ਹੈ। ਇਸ ਮਰੀਜ਼ ਨੂੰ ਲੱਛਣ ਰਹਿਤ ਦੱਸਿਆ ਜਾਂਦਾ ਹੈ। ਧਿਆਨ ਯੋਗ ਹੈ ਕਿ ਓਮੀਕ੍ਰੋਨ ਨੂੰ ਲੈ ਕੇ ਦੁਨੀਆ ‘ਚ ਲਗਾਤਾਰ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਇਹ ਬਹੁਤ ਖਤਰਨਾਕ ਦੱਸਿਆ ਜਾ ਰਿਹਾ ਹੈ।