ਭਾਰਤੀ ਹਾਕੀ ਦੀ ਝੋਲੀ ’ਚ ਪਏ ਐੱਫਆਈਐੱਚ ਦੇ ਅੱਠੇ ਐਵਾਰਡ

ਮਾਂਤਰੀ ਹਾਕੀ ਫੈਡਰੇਸ਼ਨ ਵੱਲੋਂ ਟੋਕੀਓ ਓਲੰਪਿਕ-2020 ਮੁਕਾਬਲੇ ਤੋਂ ਬਾਅਦ ਦੁਨੀਆ ਭਰ ਦੇ ਸਾਲ 2021 ਦੇ ਰੁਸਤਮ ਪੁਰਸ਼ ਤੇ ਮਹਿਲਾ ਹਾਕੀ ਖਿਡਾਰੀਆਂ ਤੋਂ ਇਲਾਵਾ ਅੱਵਲ ਟਰੇਨਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਹ ਪਹਿਲੀ ਵਾਰ ਹੋਇਆ ਹੈ ਕਿ ਟੋਕੀਓ ’ਚ ਤਾਂਬੇ ਦਾ ਤਗਮਾ ਜੇਤੂ ਭਾਰਤੀ ਪੁਰਸ਼ ਹਾਕੀ ਟੀਮ ਤੇ ਚੌਥਾ ਰੈਂਕ ਹਾਸਲ ਕਰਨ ਵਾਲੀ ਮਹਿਲਾ ਟੀਮ ਦੇ ਖਿਡਾਰੀਆਂ ਤੋਂ ਇਲਾਵਾ ਇਨ੍ਹਾਂ ਦੋਹਾਂ ਟੀਮਾਂ ਦੇ ਟਰੇਨਰਾਂ ਨੂੰ ਕੌਮਾਂਤਰੀ ਹਾਕੀ ਫੈਡਰੇਸ਼ਨ ਵੱਲੋਂ ਆਲਮੀ ਹਾਕੀ ਦੇ ਐਵਾਰਡ ਦੇਣ ਲਈ ਚੁਣਿਆ ਗਿਆ ਹੈ। ਇਨ੍ਹਾਂ ਖਿਡਾਰੀਆਂ ’ਚ ਭਾਰਤ ਦੇ ਹਰਮਨਪ੍ਰੀਤ ਸਿੰਘ ਤੇ ਗੁਰਜੀਤ ਕੌਰ ਨੂੰ ‘ਬੈਸਟ ਪਲੇਅਰ’, ਗੋਲ ਰਾਖੇ ਸ਼੍ਰੀਜੇਸ਼ ਤੇ ਸਵੀਤਾ ਪੂਨੀਆ ਨੂੰ ‘ਬੈਸਟ ਗੋਲਕੀਪਰਜ਼’, ਵਿਵੇਕ ਪ੍ਰਸਾਦ ਤੇ ਸ਼ਰਮੀਲਾ ਦੇਵੀ ਨੂੰ ‘ਯੰਗ ਪਲੇਅਰਜ਼’ ਤੇ ਇੰਡੀਅਨ ਪੁਰਸ਼ ਟੀਮ ਦੇ ਗ੍ਰਾਹਮ ਰੀਡ ਤੇ ਭਾਰਤੀ ਮਹਿਲਾ ਟੀਮ ਦੇ ਟਰੇਨਰ ਐੱਸ ਮਰੀਨੋ ਨੂੰ ‘ਬਿਹਤਰੀਨ ਟਰੇਨਰਜ਼’ ਦੇ ਐਵਾਰਡ ਲਈ ਚੁਣਿਆ ਗਿਆ ਹੈ।

ਕੌਮਾਂਤਰੀ ਹਾਕੀ ਫੈਡਰੇਸ਼ਨ ਵੱਲੋਂ ਟੋਕੀਓ ਓਲੰਪਿਕ ’ਚ ਤਾਂਬੇ ਦਾ ਤਗਮਾ ਜਿੱਤਣ ਵਾਲੀ ਭਾਰਤੀ ਪੁਰਸ਼ ਹਾਕੀ ਟੀਮ ਤੇ ਚੌਥਾ ਰੈਂਕ ਹਾਸਲ ਕਰਨ ਵਾਲੀ ਮਹਿਲਾ ਹਾਕੀ ਟੀਮ ਦੇ ਖਿਡਾਰੀਆਂ ਨੂੰ ਐਵਾਰਡ ਲਈ ਨਾਮਜ਼ਦ ਕੀਤੇ ਜਾਣ ’ਤੇ ਉਂਗਲ ਚੁੱਕੀ ਗਈ ਹੈ। ਬੈਲਜੀਅਮ ਦਾ ਤਰਕ ਹੈ ਕਿ ਉਨ੍ਹਾਂ ਦੀ ਟੀਮ ਵੱਲੋਂ ਟੋਕੀਓ ਓਲੰਪਿਕ ’ਚ ਗੋਲਡ ਮੈਡਲ ਜਿੱਤਣ ਸਦਕਾ ਐਵਾਰਡ ਲਈ ਨਾਮਜ਼ਦ ਜ਼ਰੂਰ ਕੀਤਾ ਗਿਆ ਸੀ ਪਰ ਇਕ ਦੇਸ਼ ਪੁਰਸ਼ ਤੇ ਮਹਿਲਾ ਹਾਕੀ ਟੀਮਾਂ ਦੇ ਸਾਰੇ ਐਵਾਰਡ ਇਕ ਦੇਸ਼ ਦੇ ਖਿਡਾਰੀਆਂ ਨੂੰ ਦੇਣੇ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਠਹਿਰਾਏ ਜਾ ਸਕਦੇ। ਬੈਲਜੀਅਮ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਹਾਕੀ ਟੀਮ ਵੱਲੋਂ ਸੋਨ ਤਗਮਾ ਹੀ ਨਹੀਂ ਜਿੱਤਿਆ ਗਿਆ ਸਗੋਂ ਉਨ੍ਹਾਂ ਦੇ ਖਿਡਾਰੀਆਂ ਵੱਲੋਂ ਨਾਕਆਊਟ ਸਟੇਜ ’ਚ ਭਾਰਤ ਨੂੰ 5-2 ਗੋਲ ਦੇ ਫ਼ਰਕ ਨਾਲ ਹਰਾਇਆ ਗਿਆ ਸੀ। ਇੱਥੇ ਹੀ ਬਸ ਨਹੀਂ, ਬੈਲਜੀਅਮ ਦਾ ਡਰੈਗ ਫਲਿਕਰ ਏ. ਹੈਂਡਰਿਕਸ ਪੂਰੇ ਟੂਰਨਾਮੈਂਟ ’ਚ 14 ਗੋਲਾਂ ਨਾਲ ‘ਟਾਪ ਸਕੋਰਰ’ ਰਿਹਾ ਹੈ ਜਦਕਿ ਭਾਰਤ ਦੇ ਹਰਮਨਪ੍ਰੀਤ ਸਿੰਘ ਵੱਲੋਂ ਪੂਰੇ ਟੂਰਨਾਮੈਂਟ ਦੇ ਸਫ਼ਰ ਚ ਕੇਵਲ 6 ਗੋਲ ਸਕੋਰ ਕੀਤੇ ਗਏ ਹਨ।