ਨਵੀਂ ਦਿੱਲੀ: ਰਾਜ ਸਭਾ ਤੋਂ ਵਿਰੋਧੀ ਧਿਰ ਦੇ 12 ਸੰਸਦ ਮੈਂਬਰਾਂ ਨੂੰ ਮੁਅੱਤਲ ਕਰਨ ਦੇ ਮੁੱਦੇ ‘ਤੇ ਸੰਸਦ ‘ਚ ਹੰਗਾਮਾ ਹੋ ਗਿਆ ਹੈ। ਵਿਰੋਧੀ ਧਿਰ ਦੇ ਹੰਗਾਮੇ ਕਾਰਨ ਰਾਜ ਸਭਾ ਦੀ ਕਾਰਵਾਈ ਇਕ ਵਾਰ ਫਿਰ ਦੁਪਹਿਰ 3 ਵਜੇ ਤਕ ਮੁਲਤਵੀ ਕਰ ਦਿੱਤੀ ਗਈ ਹੈ। ਇਸ ਨਾਲ ਹੀ ਵਿਰੋਧੀ ਧਿਰ ਦੇ ਆਗੂ ਮੁਅੱਤਲੀ ਰੱਦ ਕਰਨ ਦੀ ਮੰਗ ਨੂੰ ਲੈ ਕੇ ਸੰਸਦ ਕੰਪਲੈਕਸ ‘ਚ ਮਹਾਤਮਾ ਗਾਂਧੀ ਦੀ ਮੂਰਤੀ ਦੇ ਸਾਹਮਣੇ ਪ੍ਰਦਰਸ਼ਨ ਕਰ ਰਹੇ ਹਨ।
ਇਸ ਧਰਨੇ ‘ਚ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਵੀ ਸ਼ਾਮਲ ਹੋਏ। ਦੱਸਣਯੋਗ ਹੈ ਕਿ ਵਿਰੋਧੀ ਪਾਰਟੀਆਂ ਸੰਸਦ ਮੈਂਬਰਾਂ ਦੀ ਮੁਅੱਤਲੀ ਵਾਪਸ ਲੈਣ ‘ਤੇ ਅੜੀਆਂ ਹੋਈਆਂ ਹਨ। ਉਸ ਦੀ ਦਲੀਲ ਹੈ ਕਿ ਪਿਛਲੇ ਸੈਸ਼ਨ ਵਿਚ ਵਾਪਰੀ ਘਟਨਾ ਲਈ ਇਸ ਸੈਸ਼ਨ ਵਿਚ ਕੀਤੀ ਗਈ ਮੁਅੱਤਲੀ ਕਾਨੂੰਨੀ ਨਹੀਂ ਹੈ, ਜਦਕਿ ਸੱਤਾਧਾਰੀ ਧਿਰ ਨੇ ਸਪੱਸ਼ਟ ਕੀਤਾ ਹੈ ਕਿ ਜੇ ਮੁਅੱਤਲ ਸੰਸਦ ਮੈਂਬਰ ਮੁਆਫ਼ੀ ਮੰਗ ਲੈਣ ਤਾਂ ਸਭ ਕੁਝ ਠੀਕ ਹੋ ਜਾਵੇਗਾ। ਇਸ ਨਾਲ ਹੀ ਅੱਜ ਲੋਕ ਸਭਾ ‘ਚ ਕੋਰੋਨਾ ਦੇ ਨਵੇਂ ਰੂਪ ਓਮੀਕ੍ਰੋਨ ‘ਤੇ ਚਰਚਾ ਹੋਵੇਗੀ।
ਰਾਜ ਸਭਾ ਦੀ ਕਾਰਵਾਈ ਇਕ ਦਿਨ ਲਈ ਮੁਲਤਵੀ
12 ਸੰਸਦ ਮੈਂਬਰਾਂ ਮੁਅੱਤਲ ਨੂੰ ਰੱਦ ਕਰਨ ਸਮੇਤ ਵੱਖ-ਵੱਖ ਮੁੱਦਿਆਂ ‘ਤੇ ਵਿਰੋਧੀ ਆਗੂਆਂ ਦੇ ਹੰਗਾਮੇ ਦੌਰਾਨ ਰਾਜ ਸਭਾ ਦੀ ਕਾਰਵਾਈ ਬੁੱਧਵਾਰ ਨੂੰ ਇਕ ਦਿਨ ਲਈ ਮੁਲਤਵੀ ਕਰ ਦਿੱਤੀ ਗਈ ਹੈ।
ਮ੍ਰਿਤਕ ਕਿਸਾਨਾਂ ਨੂੰ ਮੁਆਵਜਾ ਦੇਵੇ ਸਰਕਾਰ : ਖੜਗੇ
ਕਾਂਗਰਸੀ ਆਗੂ ਮਲਿਕਾਰਜੁਨ ਖੜਗੇ ਨੇ ਸਰਕਾਰ ਨੂੰ ਸਵਾਲ ਕੀਤਾ ਕਿ ਕੀ ਸਰਕਾਰ ਨੂੰ ਸਰਹੱਦ ‘ਤੇ ਕਿਸਾਨਾਂ ਦੀਆਂ ਮੌਤਾਂ ਦੀ ਜਾਣਕਾਰੀ ਨਹੀਂ ਹੈ। ਜੇ ਸਰਕਾਰ ਕੋਲ 700 ਲੋਕਾਂ ਦਾ ਅੰਕੜਾ ਨਹੀਂ ਹੈ ਤਾਂ ਸਰਕਾਰ ਕੋਰੋਨਾ ਨਾਲ ਮਰਨ ਵਾਲਿਆਂ ਦਾ ਅੰਕੜਾ ਕਿੱਥੋਂ ਲੈ ਗਈ। ਸਰਕਾਰ ਨੂੰ ਮਰਦਮਸ਼ੁਮਾਰੀ ਦੇ ਆਧਾਰ ‘ਤੇ ਗਿਣਤੀ ਕਰ ਕੇ ਮ੍ਰਿਤਕ ਕਿਸਾਨਾਂ ਨੂੰ ਮੁਆਵਜ਼ਾ ਦੇਣਾ ਚਾਹੀਦਾ ਹੈ।
ਰਾਜ ਸਭਾ ‘ਚ ਡੈਮ ਸੁਰੱਖਿਆ ਬਿੱਲ, 2019 ਪੇਸ਼
ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਐੱਸ ਸ਼ੇਖਾਵਤ ਨੇ ਸਦਨ ਵਿਚ ਵਿਰੋਧੀ ਸੰਸਦ ਮੈਂਬਰਾਂ ਦੀ ਨਾਅਰੇਬਾਜ਼ੀ ਦੌਰਾਨ ਰਾਜ ਸਭਾ ਵਿਚ ਡੈਮ ਸੁਰੱਖਿਆ ਬਿੱਲ, 2019 ਪੇਸ਼ ਕੀਤਾ। ਵਿਰੋਧੀ ਸੰਸਦ ਮੈਂਬਰਾਂ ਦੀ ਨਾਅਰੇਬਾਜ਼ੀ ਤੋਂ ਬਾਅਦ ਰਾਜ ਸਭਾ ਦੀ ਕਾਰਵਾਈ 3 ਵਜੇ ਤਕ ਲਈ ਮੁਲਤਵੀ ਕੀਤੀ ਗਈ ਹੈ।
2021 ‘ਚ 165 ਅੱਦਵਾਦੀ ਮਾਰੇ ਗਏ
ਰਾਜ ਸਭਾ ਵਿਚ, ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਦੱਸਿਆ ਕਿ ਅਕਤੂਬਰ 2020 ਤੋਂ ਅਕਤੂਬਰ 2021 ਤਕ, ਵੱਖ-ਵੱਖ ਕਾਰਵਾਈਆਂ ਦੌਰਾਨ ਸੁਰੱਖਿਆ ਬਲਾਂ ਦੇ 32 ਜਵਾਨ ਤੇ ਜੰਮੂ-ਕਸ਼ਮੀਰ ਪੁਲਿਸ ਦੇ 19 ਜਵਾਨ ਸ਼ਹੀਦ ਹੋਏ ਹਨ। ਦਸੰਬਰ 2020 ਤੋਂ 26 ਨਵੰਬਰ 2021 ਤੱਕ 14 ਅੱਤਵਾਦੀ ਫੜੇ ਗਏ ਤੇ 165 ਅੱਤਵਾਦੀ ਮਾਰੇ ਗਏ।
ਭਾਰਤ ‘ਚ ਰਹਿੰਦੇ ਹਨ 4,557 ਅਫਗਾਨ ਨਾਗਰਿਕ
ਰਾਜ ਸਭਾ ਵਿਚ ਇੱਕ ਸਵਾਲ ਦੇ ਲਿਖਤੀ ਜਵਾਬ ਵਿਚ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਦੱਸਿਆ ਕਿ ਮੌਜੂਦਾ ਸਮੇਂ ਵਿਚ 4,557 ਅਫਗਾਨ ਨਾਗਰਿਕ ਆਪਣੇ ਵੀਜ਼ੇ ਦੀ ਮਿਆਦ ਵਧਾਉਣ ਤੋਂ ਬਾਅਦ ਸਟੇਅ ਵੀਜ਼ੇ ‘ਤੇ ਭਾਰਤ ਵਿੱਚ ਰਹਿ ਰਹੇ ਹਨ। 24 ਨਵੰਬਰ ਤੱਕ 200 ‘ਈ-ਐਮਰਜੈਂਸੀ ਐਕਸ-ਵਰਾਇਟੀ ਵੀਜ਼ੇ’ ਜਾਰੀ ਕੀਤੇ ਗਏ ਹਨ।
ਦੇਸ਼ ਦੀਆਂ ਜੇਲ੍ਹਾਂ ‘ਚ ਸਮਰੱਥਾ ਤੋਂ ਵੱਧ ਕੈਦੀ ਬੰਦ
ਗ੍ਰਹਿ ਮੰਤਰਾਲੇ ਨੇ ਰਾਜ ਸਭਾ ‘ਚ ਇਕ ਸਵਾਲ ਦੇ ਲਿਖਤੀ ਜਵਾਬ ‘ਚ ਕਿਹਾ ਕਿ ਜੰਮੂ-ਕਸ਼ਮੀਰ ‘ਚ 2018 ਤੋਂ ਬਾਅਦ ਘੁਸਪੈਠ ਤੇ ਅੱਤਵਾਦੀ ਹਮਲਿਆਂ ਦੀਆਂ ਘਟਨਾਵਾਂ ‘ਚ ਕਾਫੀ ਕਮੀ ਆਈ ਹੈ। ਕਸ਼ਮੀਰ ਵਿੱਚ ਰਹਿੰਦੇ ਲਗਭਗ 115 ਕਸ਼ਮੀਰੀ ਪੰਡਿਤ ਪਰਿਵਾਰ ਅਕਤੂਬਰ 2021 ਵਿੱਚ ਜੰਮੂ ਚਲੇ ਗਏ। ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (ਐੱਨ. ਸੀ. ਆਰ. ਬੀ.) ਮੁਤਾਬਕ ਦੇਸ਼ ਦੀਆਂ ਜੇਲਾਂ ‘ਚ 4,03,739 ਦੀ ਸਮਰੱਥਾ ਦੇ ਮੁਕਾਬਲੇ 4,78,600 ਕੈਦੀ ਬੰਦ ਹਨ।
ਅੱਤਵਾਦੀ ਹਿੰਸਾ ‘ਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ 1 ਲੱਖ ਐਕਸ-ਗ੍ਰੇਸ਼ੀਆ
ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਰਾਜ ਸਭਾ ‘ਚ ਦੱਸਿਆ ਕਿ ਜੰਮੂ-ਕਸ਼ਮੀਰ ਸਰਕਾਰ ਦੀ ਮੌਜੂਦਾ ਯੋਜਨਾ ਦੇ ਤਹਿਤ, ਐਕਸ-ਗ੍ਰੇਸ਼ੀਆ ਰਾਸ਼ੀ ਇਸ ਤੋਂ ਇਲਾਵਾ ਕੇਂਦਰੀ ਸਕੀਮ ਤਹਿਤ 5 ਲੱਖ ਰੁਪਏ ਦਿੱਤੇ ਜਾਂਦੇ ਹਨ।
ਘੁਸਪੈਠ ਦੀਆਂ ਘਟਨਾਵਾਂ ‘ਚ ਮਹੱਤਵਪੂਰਨ ਕਮੀ
ਗ੍ਰਹਿ ਮੰਤਰਾਲੇ ਨੇ ਰਾਜ ਸਭਾ ‘ਚ ਇਕ ਸਵਾਲ ਦੇ ਲਿਖਤੀ ਜਵਾਬ ‘ਚ ਕਿਹਾ ਕਿ ਜੰਮੂ-ਕਸ਼ਮੀਰ ‘ਚ 2018 ਤੋਂ ਬਾਅਦ ਘੁਸਪੈਠ ਅਤੇ ਅੱਤਵਾਦੀ ਹਮਲਿਆਂ ਦੀਆਂ ਘਟਨਾਵਾਂ ‘ਚ ਕਾਫੀ ਕਮੀ ਆਈ ਹੈ। 2018 ਵਿੱਚ ਘੁਸਪੈਠ ਦੀਆਂ ਕੁੱਲ 143 ਘਟਨਾਵਾਂ ਵਾਪਰੀਆਂ। ਇਸ ਸਾਲ (ਨਵੰਬਰ ਤੱਕ) ਘੁਸਪੈਠ ਦੀਆਂ ਸਿਰਫ਼ 28 ਘਟਨਾਵਾਂ ਹੀ ਦਰਜ ਹੋਈਆਂ ਹਨ। 2018 ਵਿੱਚ ਕੁੱਲ 417 ਅੱਤਵਾਦੀ ਘਟਨਾਵਾਂ ਦਰਜ ਕੀਤੀਆਂ ਗਈਆਂ। ਇਸ ਸਾਲ (21 ਨਵੰਬਰ ਤੱਕ) ਕੁੱਲ 244 ਅੱਤਵਾਦੀ ਘਟਨਾਵਾਂ ਦਰਜ ਕੀਤੀਆਂ ਗਈਆਂ ਹਨ।
ਤ੍ਰਿਪੁਰਾ ਹਿੰਸਾ ‘ਤੇ ਸਰਕਾਰ ਦਾ ਬਿਆਨ
ਤ੍ਰਿਪੁਰਾ ਹਿੰਸਾ ‘ਤੇ ਰਾਜ ਸਭਾ ‘ਚ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਕਿਹਾ ਕਿ ਘੱਟ ਗਿਣਤੀਆਂ ਵਿਰੁੱਧ ਨਫਰਤ ਭਰੇ ਭਾਸ਼ਣ ਅਤੇ ਅਫਵਾਹਾਂ ਫੈਲਾਉਣ ਲਈ ਕਿਸੇ ਖਾਸ ਸਮੂਹ ਦੀ ਪਛਾਣ ਨਹੀਂ ਕੀਤੀ ਗਈ ਹੈ। ਅਫਵਾਹਾਂ/ਫਿਰਕੂ ਨਫਰਤ ਫੈਲਾਉਣ ਵਾਲੀਆਂ ਸੋਸ਼ਲ ਮੀਡੀਆ ਪੋਸਟਾਂ ਦੇ ਸਬੰਧ ਵਿੱਚ 6 ਕੇਸ ਦਰਜ ਕੀਤੇ ਗਏ ਹਨ। ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ, ਤ੍ਰਿਪੁਰਾ ਸਰਕਾਰ ਨੇ ਪ੍ਰਭਾਵਿਤ ਖੇਤਰਾਂ ਵਿੱਚ ਭਾਰੀ ਪੁਲਿਸ ਬਲ ਤਾਇਨਾਤ ਕੀਤਾ ਹੈ। ਸਾਰੇ ਧਾਰਮਿਕ ਸਥਾਨਾਂ ਨੂੰ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ।
ਫਿਰ ਮੁਲਤਵੀ
ਵਿਰੋਧੀ ਧਿਰ ਦੇ ਆਗੂ ਮਲਿਕਾਰਜੁਨ ਖੜਗੇ ਨੇ ਰਾਜ ਸਭਾ ਵਿਚ 12 ਸੰਸਦ ਮੈਂਬਰਾਂ ਦੀ ਮੁਅੱਤਲੀ ਦਾ ਮੁੱਦਾ ਚੁੱਕਿਆ। ਵਿਰੋਧੀ ਧਿਰ ਦੇ ਭਾਰੀ ਹੰਗਾਮੇ ਕਾਰਨ ਰਾਜ ਸਭਾ ਦੀ ਕਾਰਵਾਈ ਦੁਪਹਿਰ 2 ਵਜੇ ਤਕ ਲਈ ਮੁਲਤਵੀ ਕਰ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਸਦਨ ਦੀ ਕਾਰਵਾਈ ਦੁਪਹਿਰ 12 ਵਜੇ ਤਕ ਮੁਲਤਵੀ ਕਰ ਦਿੱਤੀ ਗਈ ਸੀ।
ਗਾਂਧੀ ਜੀ ਦੀ ਮੂਰਤੀ ਸਾਹਮਣੇ ਬੈਠਣਾ ਹਾਸੋਹੀਣਾ
ਮੁਅੱਤਲ ਕੀਤੇ ਗਏ ਮੈਂਬਰਾਂ ਦੇ ਵਿਰੋਧ ਬਾਰੇ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਕਿ ਮਹਾਤਮਾ ਗਾਂਧੀ ਦੇ ਬੁੱਤ ਅੱਗੇ ਬੈਠਣਾ ਹਾਸੋਹੀਣਾ ਹੈ। ਮੈਂ ਉਨ੍ਹਾਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਘੱਟੋ-ਘੱਟ ਆਪਣਾ ਪਛਤਾਵਾ ਜ਼ਰੂਰ ਜ਼ਾਹਰ ਕਰੇ… ਅਸੀਂ ਅੱਜ ਲੋਕ ਸਭਾ ਚਲਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ। ਦੇਖਦੇ ਹਾਂ ਕਿ ਵਿਰੋਧੀ ਧਿਰ ਦਾ ਰਵੱਈਆ ਕੀ ਹੈ।
ਮੁਅੱਤਲ ਨੂੰ ਲੈ ਕੇ ਵਿਰੋਧੀ ਪਾਰਟੀਆਂ ਦਾ ਵਿਰੋਧ ਪ੍ਰਦਰਸ਼ਨ
ਰਾਜ ਸਭਾ ਦੇ 12 ਵਿਰੋਧੀ ਸੰਸਦ ਮੈਂਬਰਾਂ ਨੂੰ ਮੁਅੱਤਲੀ ਰੱਦ ਕਰਨ ਦੀ ਮੰਗ ਨੂੰ ਲੈ ਕੇ ਵਿਰੋਧੀ ਆਗੂ ਸੰਸਦ ਵਿਚ ਮਹਾਤਮਾ ਗਾਂਧੀ ਦੀ ਮੂਤਰੀ ਦੇ ਸਾਹਮਣੇ ਵਿਰੋਧ ਕਰ ਰਹੇ ਹਨ।
ਮਹਿੰਗਾਈ ਦੇ ਮੁੱਦੇ ‘ਤੇ ਮੁਲਤਵੀ ਮਤਾ
ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਸੰਸਦ ਦੇ ਸਰਦ ਰੁੱਤ ਸੈਸ਼ਨ ਦੇ ਤੀਜੇ ਦਿਨ ‘ਮਹਿੰਗਾਈ ਦੀ ਉੱਚੀ ਦਰ, ਐੱਲਪੀਜੀ ਸਿਲੰਡਰ ਦੀਆਂ ਕੀਮਤਾਂ ਵਿਚ ਵਾਧੇ’ ਨੂੰ ਲੈ ਕੇ ਲੋਕ ਸਭਾ ਵਿੱਚ ਮੁਲਤਵੀ ਪ੍ਰਸਤਾਵ ਨੋਟਿਸ ਦਿੱਤਾ ਹੈ। ਕਾਂਗਰਸ ਦੇ ਰਾਜ ਸਭਾ ਮੈਂਬਰ ਸ਼ਕਤੀ ਸਿੰਘ ਗੋਹਿਲ ਨੇ ‘ਅਨਾਜ, ਖਾਣ ਵਾਲੇ ਤੇਲ, ਪੈਟਰੋਲ-ਡੀਜ਼ਲ ਤੇ ਰਸੋਈ ਗੈਸ ਵਰਗੀਆਂ ਜ਼ਰੂਰੀ ਵਸਤਾਂ ਦੀਆਂ ਵਧੀਆਂ ਕੀਮਤਾਂ’ ਦੇ ਮੁੱਦੇ ‘ਤੇ ਸਦਨ ਦੀ ਕਾਰਵਾਈ ਮੁਲਤਵੀ ਕਰਨ ਦਾ ਨੋਟਿਸ ਦਿੱਤਾ ਹੈ।
ਕੋਰੋਨਾ ਨਾਲ ਹੋਈਆਂ ਮੌਤਾਂ ਦੀ ਅਸਲ ਗਿਣਤੀ ‘ਤੇ ਚਰਚਾ ਦੀ ਮੰਗ
ਕਾਂਗਰਸ ਦੇ ਸੰਸਦ ਮੈਂਬਰ ਮਾਨਿਕਮ ਟੈਗੋਰ ਨੇ ‘ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਦੀ ਅਸਲ ਗਿਣਤੀ ‘ਤੇ ਚਰਚਾ ਕਰਨ ਤੇ ਗਰੀਬਾਂ ਨੂੰ 4-4 ਲੱਖ ਰੁਪਏ ਮਿਲਣ ਨੂੰ ਯਕੀਨੀ ਬਣਾਉਣ ਲਈ ਸਰਕਾਰ ਨੂੰ ਨਿਰਦੇਸ਼ ਦੇਣ ਲਈ’ ਲੋਕ ਸਭਾ ਵਿਚ ਮੁਲਤਵੀ ਪ੍ਰਸਤਾਵ ਨੋਟਿਸ ਦਿੱਤਾ।
ਲੋਕ ਸਭਾ ‘ਚ ਪੇਸ਼ ਹੋਵੇਗਾ ਪ੍ਰਜਨਨ ਤਕਨਾਲੋਜੀ (ਰੈਗੂਲੇਸ਼ਨ) ਬਿੱਲ
ਸਿਹਤ ਮੰਤਰੀ ਡਾ: ਮਨਸੁਖ ਮਾਂਡਵੀਆ ਅੱਜ ਲੋਕ ਸਭਾ ਵਿੱਚ ਅਸਿਸਟਡ ਰੀਪ੍ਰੋਡਕਟਿਵ ਟੈਕਨਾਲੋਜੀ (ਰੈਗੂਲੇਸ਼ਨ) ਬਿੱਲ, 2020 ਪੇਸ਼ ਕਰਨਗੇ। ਇਹ ਬਿੱਲ ਸਹਾਇਕ ਪ੍ਰਜਨਨ ਤਕਨਾਲੋਜੀ ਕਲੀਨਿਕਾਂ ਦੇ ਨਿਯਮ ਅਤੇ ਨਿਗਰਾਨੀ, ਦੁਰਵਿਵਹਾਰ ਦੀ ਰੋਕਥਾਮ, ਪ੍ਰਜਨਨ ਤਕਨਾਲੋਜੀ ਸੇਵਾਵਾਂ ਦੇ ਸੁਰੱਖਿਅਤ ਤੇ ਨੈਤਿਕ ਅਭਿਆਸ ਲਈ ਹੈ।