ਚੰਡੀਗੜ੍ਹ: ਕੋਰੋਨਾ ਮਹਾਮਾਰੀ ਇਕ ਵਾਰ ਫਿਰ ਜ਼ੋਰ ਫੜ੍ਹ ਰਹੀ ਹੈ। ਹੁਣ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਹੁਣ ਥੋੜ੍ਹਾ ਜਿਹਾ ਬਿਮਾਰ ਹੋਣ ਤੋਂ ਬਾਅਦ ਵੀ ਜੇ ਲੋਕਾਂ ਵਿਚ ਕੋਵਿਡ ਦੇ ਕੋਈ ਲੱਛਣ ਦਿਖਾਈ ਦਿੰਦੇ ਹਨ, ਤਾਂ ਉਹ ਹੈਲਪਲਾਈਨ ਨੰਬਰ 9779558282 ‘ਤੇ ਸੰਪਰਕ ਕਰ ਸਕਦੇ ਹਨ।
ਇਸ ਤੋਂ ਬਾਅਦ ਸਿਹਤ ਵਿਭਾਗ ਦੀ ਟੀਮ ਸੰਪਰਕ ਕਰਕੇ ਟੈਸਟ ਕਰਵਾਏਗੀ। ਸਿਹਤ ਵਿਭਾਗ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਨੂੰ ਵੀ ਇਨ੍ਹਾਂ ‘ਚੋਂ ਕੋਈ ਲੱਛਣ ਮਹਿਸੂਸ ਹੋਣ ਤਾਂ ਉਹ ਨੇੜੇ ਦੇ ਸਿਹਤ ਕੇਂਦਰ ਵਿਚ ਜਾ ਕੇ ਆਪਣੀ ਜਾਂਚ ਕਰਵਾ ਸਕਦੇ ਹਨ। ਪ੍ਰਸ਼ਾਸਨ ਨੇ ਲੋਕਾਂ ਨੂੰ ਭੀੜ ਵਾਲੀਆਂ ਥਾਵਾਂ ‘ਤੇ ਨਾ ਜਾਣ ਦੀ ਅਪੀਲ ਕੀਤੀ ਹੈ। ਮਾਸਕ ਪਾਓ, ਸਹੀ ਦੂਰੀ ਬਣਾ ਕੇ ਰੱਖੋ। ਖੁੱਲੇ ‘ਚ ਨਾ ਥੁੱਕੋ। ਕਿਤੇ ਵੀ ਬਿਨਾਂ ਕਿਸੇ ਕੰਮ ਦੇ ਜਾਣ ਤੋਂ ਬਚੋ। ਭੀੜ ਦਾ ਹਿੱਸਾ ਨਾ ਬਣੋ।
ਇਸ ਦੇ ਨਾਲ ਹੀ ਸ਼ਹਿਰ ‘ਚ ਦੱਖਣੀ ਅਫਰੀਕਾ ਦੇ ਇਕ ਵਿਅਕਤੀ ਦੇ ਕੋਰੋਨਾ ਪੀੜਤ ਪਾਏ ਜਾਣ ਤੋਂ ਬਾਅਦ ਸਿਹਤ ਵਿਭਾਗ ਦੀ ਚਿੰਤਾ ਵਧ ਗਈ ਹੈ। ਸ਼ਹਿਰ ‘ਚ ਕੋਰੋਨਾ ਦੇ ਨਵੇਂ ਰੂਪ ਓਮੀਕ੍ਰੋਨ ਦਾ ਖ਼ਤਰਾ ਮੰਡਰਾ ਰਿਹਾ ਹੈ। ਹਾਲਾਂਕਿ, ਉਕਤ ਇਨਫੈਕਟਿਡ ਵਿਅਕਤੀ ਤੇ ਉਸਦੀ ਪਤਨੀ ਤੇ ਨੌਕਰ ਦੇ ਸੈਂਪਲ ਜਾਂਚ ਲਈ ਦਿੱਲੀ ਭੇਜ ਦਿੱਤੇ ਗਏ ਹਨ। ਉਸ ਦੀ ਰਿਪੋਰਟ ਆਉਣੀ ਬਾਕੀ ਹੈ।
ਇਨਫੈਕਸ਼ਨ ਦੇ ਖਤਰੇ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਸਖਤੀ ਵਧਾ ਦਿੱਤੀ ਹੈ। ਸਥਾਪਨਾ ਸ਼ਾਖਾ ਨੇ ਸਾਰੇ ਸਕੱਤਰਾਂ ਅਤੇ ਵਿਭਾਗਾਂ ਦੇ ਮੁਖੀਆਂ ਨੂੰ ਆਦੇਸ਼ ਜਾਰੀ ਕੀਤਾ ਹੈ ਕਿ ਉਹ ਸਿਰਫ਼ ਉਨ੍ਹਾਂ ਕਰਮਚਾਰੀਆਂ ਅਤੇ ਵਿਜ਼ਿਟਰਾਂ ਦੇ ਦਾਖਲੇ ਨੂੰ ਯਕੀਨੀ ਬਣਾਉਣ ਜਿਨ੍ਹਾਂ ਨੇ 72 ਘੰਟੇ ਪਹਿਲਾਂ ਕੋਵਿਡ ਜਾਂ ਆਰਟੀਪੀਸੀਆਰ ਦੀ ਨੈਗੇਟਿਵ ਰਿਪੋਰਟ ਦੀ ਘੱਟੋ-ਘੱਟ ਇੱਕ ਟੀਕਾਕਰਨ ਖੁਰਾਕ ਪ੍ਰਾਪਤ ਕੀਤੀ ਹੋਵੇ। ਇਹ ਰਿਪੋਰਟ ਅਤੇ ਸਰਟੀਫਿਕੇਟ ਮੋਬਾਈਲ ਫੋਨ ਜਾਂ ਅਰੋਗਿਆ ਸੇਤੂ ਐਪ ‘ਤੇ ਵੀ ਦਿਖਾਇਆ ਜਾ ਸਕਦਾ ਹੈ। ਪ੍ਰਸ਼ਾਸਨ ਨੇ ਸਾਰਿਆਂ ਨੂੰ ਤੁਰੰਤ ਟੀਕਾਕਰਨ ਕਰਵਾਉਣ ਲਈ ਕਿਹਾ ਹੈ।
‘ਹੁਣ ਤਕ ਉਪਲਬਧ ਸਾਰੇ ਟੈਸਟ ਕੋਰੋਨਾ ਦੇ ਨਵੇਂ ਰੂਪਾਂ ਦਾ ਪਤਾ ਲਗਾ ਸਕਦੇ ਹਨ। ਭਾਵੇਂ ਇਹ ਰੀਅਲ ਟਾਈਮ ਪੀਸੀਆਰ ਟੈਸਟ ਹੋਵੇ ਜਾਂ ਰੈਪਿਡ ਐਂਟੀਜੇਨ ਟੈਸਟ, ਦੋਵੇਂ ਹੀ ਕੋਰੋਨਾ ਦੇ ਸਾਰੇ ਰੂਪਾਂ ਦਾ ਪਤਾ ਲਗਾ ਸਕਦੇ ਹਨ।’