ਨਵਜੋਤ ਸਿੱਧੂ ਨੇ ਖ਼ੁਦ ਨੂੰ CM ਚਿਹਰੇ ਦੇ ਰੂਪ ‘ਚ ਕੀਤਾ ਪੇਸ਼

ਲੁਧਿਆਣਾ : ਬੇਸ਼ਕ ਕਾਂਗਰਸ ਨੇ 2022 ਵਿਧਾਨ ਸਭਾ ਚੋਣਾਂ ਲਈ ਮੁੱਖ ਮੰਤਰੀ ਚਿਹਰੇ ਦਾ ਐਲਾਨ ਨਹੀਂ ਕੀਤਾ ਹੈ ਪਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਖ਼ੁਦ ਨੂੰ ਮੁੱਖ ਮੰਤਰੀ ਦੇ ਰੂਪ ‘ਚ ਪੇਸ਼ ਕਰਨ ਤੋੰ ਪਿੱਛੇ ਨਹੀਂ ਰਹੇ। ਸਿੱਧੂ ਨੇ ਗੱਲਬਾਤ ਦੌਰਾਨ ਅਗਲੇ ਪੰਜ ਸਾਲ ਦਾ ਆਪਣਾ ‘ਵਰਕ ਪਲਾਨ’ ਵੀ ਰੱਖ ਦਿੱਤਾ ਜੋ ਸੂਬੇ ਦੇ ਮੁੱਖ ਮੰਤਰੀ ਦਾ ਕੰਮ ਹੁੰਦਾ ਹੈ, ਸੰਗਠਨ ਦੇ ਪ੍ਰਧਾਨ ਦਾ ਨਹੀਂ। ਸਿੱਧੂ ਨੇ ਇੱਥੋਂ ਤਕ ਕਹਿ ਦਿੱਤਾ ਕਿ ਉਹ ਜੋ ਕਹਿ ਰਹੇ ਹਨ, ਉਹ ਅਗਲੇ ਮੌਜੂਦਾ ਤਿੰਨ ਮਹੀਨਿਆਂ ਲਈ ਨਹੀਂ ਹਨ, ਬਲਕਿ ਇਹ 2022 ਤੋਂ ਬਾਅਦ ਦੀ ਯੋਜਨਾ ਹੈ। ਉਨ੍ਹਾਂ ਇੱਥੋਂ ਤਕ ਕਹਿ ਦਿੱਤਾ ਕਿ ਪੰਜ ਸਾਲਾਂ ‘ਚ ਪੰਜਾਬ ਬਦਲ ਦਿਆਂਗਾ। ਹਾਲਾਂਕਿ ਆਪਣੀ ਗੱਲ ਰੱਖਣ ਤੋਂ ਬਾਅਦ ਉਨ੍ਹਾਂ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਉਹ ਆਪਣੀ ਯੋਜਨਾ ਦੱਸ ਗਏ ਤਾਂ ਉਨ੍ਹਾਂ ਤੁਰੰਤ ਗੱਲ ਤੋਂ ਪਲਟਦੇ ਹੋਏ ਕਿਹਾ ਕਿ ਇਹ ਉਨ੍ਹਾਂ ਦੀ ਪਲਾਨਿੰਗ ਨਹੀਂ, ਬਲਕਿ ਰਾਹੁਲ, ਪ੍ਰਿਅੰਕਾ ਤੇ ਸੋਨੀਆ ਦੀ ਯੋਜਨਾ ਹੈ।

ਸਨਅਤਕਾਰਾਂ ਨਾਲ ਬੈਠਕ ਤੋਂ ਪਹਿਲਾਂ ਸਿੱਧੂ ਨੇ ਕਿਹਾ ਕਿ ਪੰਜਾਬ ‘ਚ ਨਵਾਂ ਨਿਵੇਸ਼ ਆਉਣ ‘ਚ ਮੁੱਖ ਅੜਿੱਕਾ ਸਿੰਗਲ ਵਿੰਡੋ ਸਿਸਟਮ ਨਾ ਹੋਣਾ ਹੈ। ਇਕ ਸਨਅਤ ਲਗਾਉਣ ਲਈ 16 ਤੋਂ 33 ਸਰਕਾਰੀ ਕਲੀਅਰੈਂਸ ਲੈਣੀ ਪੈਂਦੀ ਹੈ, ਜਿਸ ਵਿਚ ਨਿਵੇਸ਼ਕ ਹਿੱਸਾ ਖੜ੍ਹਾ ਹੁੰਦਾ ਹੈ। ਉਨ੍ਹਾਂ ਕਿਹਾ ਕਿ 2022 ਸਰਕਾਰ ਬਣਦੇ ਹੀ ਉਹ ਸਿੰਗਲ ਵਿੰਡੋ ਸਿਸਟਮ ਨੂੰ ਪ੍ਰਭਾਵੀ ਬਣਾਉਣ ਦੇ ਨਾਲ ਡਿਜੀਟਲ ਪੋਰਟਲ ਉਤਾਰਨਗੇ, ਜਿਸ ਵਿਚ ਸਨਅਤਕਾਰ ਪੋਰਟਲ ‘ਤੇ ਹੀ ਸਾਰੀਆਂ ਰਸਮਾਂ ਕਰ ਲੈਣਗੇ ਤੇ ਉਨ੍ਹਾਂ ਨੂੰ ਆਨਲਾਈਨ ਕਲੀਅਰੈਂਸ ਵੀ ਮਿਲ ਜਾਵੇਗੀ।

ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ 2007 ‘ਚ ਅਕਾਲੀ-ਭਾਜਪਾ ਸਰਕਾਰ ਬਣਨ ਤੋਂ ਬਾਅਦ ਨਿਵੇਸ਼ ਦੇ ਵੱਡੇ-ਵੱਡੇ ਵਾਅਦੇ ਕੀਤੇ ਸਨ, ਪਰ ਕੁਝ ਨਹੀਂ ਆਇਆ। ਉਨ੍ਹਾਂ ਦੀ ਸਰਕਾਰ ਨੇ ਇਕ ਲੱਖ ਕਰੋੜ ਦੇ ਨਿਵੇਸ਼ ਲਈ ਐੱਮਓਯੂ ਕੀਤੇ, ਜਿਸ ਵਿਚੋਂ 52 ਫ਼ੀਸਦ ਨਿਵੇਸ਼ ਆਪਰੇਸ਼ਨਲ ਹੋ ਗਿਆ। ਦੱਸ ਦੇਈਏ, ਨਵਜੋਤ ਸਿੰਘ ਸਿੱਧੂ ਇਨ੍ਹੀਂ ਦਿਨੀਂ ਖਾਸੇ ਸਰਗਰਮ ਹਨ। ਕਈ ਵਾਰ ਸਿੱਧੂ ਆਪਣੀ ਹੀ ਸਰਕਾਰ ‘ਤੇ ਹਮਲਾਵਰ ਨਜ਼ਰ ਆਉਂਦੇ ਹਨ। ਇਹ ਵੀ ਕਹਿੰਦੇ ਹਨ ਕਿ ਉਹ ਸੰਗਠਨ ‘ਚ ਹਨ, ਜਦਕਿ ਲੋਕਾਂ ਲਈ ਫ਼ੈਸਲੇ ਲੈਣਾ ਸਰਕਾਰ ਦਾ ਕੰਮ ਹੈ। ਅਜਿਹਾ ਕਹਿ ਕੇ ਉਹ ਆਪਣੀ ਮਜਬੂਰੀ ਦੱਸਦੇ ਹਨ ਤੇ ਖ਼ੁਦ ਨੂੰ ਸੀਐੱਮ ਦੇ ਚਹਿਰੇ ਦੇ ਰੂਪ ‘ਚ ਪੇਸ਼ ਕਰਦੇ ਹਨ।