September 19, 2024

PUNJAB

INDIA NEWS

ਆਟਾ-ਦਾਲ ਸਕੀਮ ਦੇ ਲਾਭਪਾਤਰੀਆਂ ਨੂੰ ਖ਼ਰਾਬ ਕਣਕ ਵੰਡੀ

ਤਰਨ ਤਾਰਨ 

ਇਲਾਕੇ ਦੇ ਪਿੰਡ ਪਲਾਸੌਰ ਦੇ ਆਟਾ-ਦਾਲ ਸਕੀਮ ਦੇ ਲਾਭਪਾਤਰੀਆਂ ਨੂੰ ਖੁਰਾਕ ਤੇ ਸਪਲਾਈ ਵਿਭਾਗ ਵੱਲੋਂ ਵੰਡੀ ਗਈ ਕਣਕ ਖ਼ਰਾਬ ਹੋਣ ਕਰ ਕੇ ਲੋਕਾਂ ਅੰਦਰ ਵਿਭਾਗ ਅਤੇ ਸਥਾਨਕ ਪ੍ਰਸ਼ਾਸਨ ਖ਼ਿਲਾਫ਼ ਰੋਸ ਹੈ| ਇਸ ਖ਼ਰਾਬ ਕਣਕ ਦਾ ਸਟਾਕ ਖੁਰਾਕ ਤੇ ਸਪਲਾਈ ਵਿਭਾਗ ਵੱਲੋਂ ਅਜੇ ਸੋਮਵਾਰ ਨੂੰ ਹੀ ਡਿੱਪੂਆਂ ’ਤੇ ਭੇਜਿਆ ਗਿਆ ਹੈ| ਇਸ ਸਟਾਕ ਦਾ ਵਧੇਰੇ ਹਿੱਸਾ ਲਾਭਪਾਤਰੀਆਂ ਨੂੰ ਵੰਡ ਦਿੱਤਾ ਗਿਆ ਹੈ|

ਆਟਾ-ਦਾਲ ਸਕੀਮ ਦੇ ਇਕ ਲਾਭਪਾਤਰੀ ਗੁਰਪ੍ਰੀਤ ਸਿੰਘ ਅਤੇ ਉਸ ਦੀ ਪਤਨੀ ਮਨਦੀਪ ਕੌਰ ਨੇ ਵਿਭਾਗ ਵੱਲੋਂ ਉਨ੍ਹਾਂ ਨੂੰ ਦਿੱਤੀ ਗਈ ਕਣਕ ਦਿਖਾਉਂਦਿਆਂ ਦੱਸਿਆ ਕਿ ਇਸ ਕਣਕ ਵਿੱਚ ਮਿੱਟੀ-ਘੱਟਾ ਮਿਲਿਆ ਹੋਣ ਤੋਂ ਇਲਾਵਾ ਬਦਬੂ ਮਾਰ ਰਹੀ ਹੈ| ਪੁਰਾਣੀ ਹੋਣ ਕਰ ਕੇ ਕਣਕ ਪੂਰੀ ਤਰ੍ਹਾਂ ਬਦਰੰਗ ਹੋ ਚੁੱਕੀ ਹੈ| ਕਣਕ ਦੀਆਂ ਬੋਰੀਆਂ ਅਜੇ ਵੀ ਸਿਲੀਆਂ ਹਨ, ਜਿਸ ਤੋਂ ਪਤਾ ਲੱਗਦਾ ਹੈ ਕਿ ਇਨ੍ਹਾਂ ’ਤੇ ਕੁਝ ਦਿਨ ਪਹਿਲਾਂ ਹੀ ਪਾਣੀ ਪਾਇਆ ਗਿਆ ਹੋਵੇਗਾ| ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਜਿਵੇਂ ਹੀ ਇਹ ਕਣਕ ਆਪਣੇ ਪਸ਼ੂਆਂ ਨੂੰ ਪਾਈ ਤਾਂ ਉਨ੍ਹਾਂ ਨੇ ਵੀ ਨਹੀਂ ਖਾਧੀ| ਉੱਧਰ, ਪਿੰਡ ਦੇ ਡਿੱਪੂ ਹੋਲਡਰ ਵੱਲੋਂ ਜਿਸ ਵਿਅਕਤੀ ਤਰਲੋਚਨ ਸਿੰਘ ਦੇ ਘਰ ਇਹ ਕਣਕ ਰੱਖੀ ਹੋਈ ਹੈ, ਲੋਕ ਉਸ ਦੇ ਘਰ ਆ ਕੇ ਗੁੱਸੇ ਦਾ ਪ੍ਰਗਟਾਵਾ ਕਰ ਰਹੇ ਹਨ| ਪਿੰਡ ਦੇ ਸਾਬਕਾ ਸਰਪੰਚ ਗੁਰਭੇਜ ਸਿੰਘ ਨੇ ਦੋਸ਼ ਲਗਾਇਆ ਕਿ ਇਹ ਸਭ ਖੁਰਾਕ ਤੇ ਸਪਲਾਈ ਵਿਭਾਗ ਅਤੇ ਸਥਾਨਕ ਪ੍ਰਸ਼ਾਸਨ ਦੇ ਕੁਝ ਅਧਿਕਾਰੀਆਂ ਦੀ ਆਪਸੀ ਮਿਲੀਭੁਗਤ ਨਾਲ ਕੀਤਾ ਜਾ ਰਿਹਾ ਹੈ|

ਉਨ੍ਹਾਂ ਕਿਹਾ ਕਿ ਵਿਭਾਗ ਦੇ ਅਧਿਕਾਰੀਆਂ ਵੱਲੋਂ ਕਣਕ ਵੰਡਣ ਤੋਂ ਪਹਿਲਾਂ ਉਸ ਵਿੱਚ ਮਿੱਟੀ-ਘੱਟਾ ਮਿਲਾਇਆ ਜਾਂਦਾ ਹੈ ਅਤੇ ਕਣਕ ਦਾ ਭਾਰ ਜ਼ਿਆਦਾ ਕਰਨ ਲਈ ਬੋਰੀਆਂ ’ਤੇ ਪਾਣੀ ਦਾ ਛਿੜਕਾਅ ਕੀਤਾ ਜਾਂਦਾ ਹੈ| ਉਨ੍ਹਾਂ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਵੀ ਕੀਤੀ ਹੈ| ਜ਼ਿਲ੍ਹੇ ਦੇ ਕਈ ਹੋਰਨਾਂ ਪਿੰਡਾਂ ਅਤੇ ਇੱਥੋਂ ਤੱਕ ਕੇ ਤਰਨ ਤਾਰਨ ਸ਼ਹਿਰ ਦੇ ਕਈ ਵਾਰਡਾਂ ਵਿੱਚ ਇਹ ਖ਼ਰਾਬ ਕਣਕ ਵੰਡੇ ਜਾਣ ਦੀ ਸੂਚਨਾ ਮਿਲੀ ਹੈ|

ਐੱਸਡੀਐੱਮ ਰਜਨੀਸ਼ ਅਰੋੜਾ ਨੇ ਇਸ ਸਬੰਧੀ ਗੱਲ ਕਰਨ ’ਤੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਉਹ ਚੋਣ ਡਿਊਟੀ ’ਤੇ ਬਠਿੰਡਾ ਗਏ ਹੋਏ ਹਨ| ਉੱਧਰ, ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਸੁਖਜਿੰਦਰ ਸਿੰਘ ਨੇ ਕਿਹਾ ਕਿ ਕਈ ਵਾਰ ਅਜਿਹੀ ਕਣਕ ਦੀਆਂ ਕੁਝ ਬੋਰੀਆਂ ਟਰੱਕ ਵਿੱਚ ਮਜ਼ਦੂਰਾਂ ਦੀ ਗਲਤੀ ਨਾਲ ਚਲੀਆਂ ਜਾਂਦੀਆਂ ਹਨ| ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇਹ ਖ਼ਰਾਬ ਕਣਕ ਵਿਭਾਗ ਨੂੰ ਵਾਪਸ ਕਰਨ ਲਈ ਕਿਹਾ ਗਿਆ ਹੈ ਅਤੇ ਇਸ ਬਦਲੇ ਲਾਭਪਾਤਰੀਆਂ ਨੂੰ ਦੁਬਾਰਾ ਕਣਕ ਦੇ ਦਿੱਤੀ ਜਾਵੇਗੀ।