ਓਮੀਕ੍ਰੋਨ ‘ਤੇ ਸਿਹਤ ਸਕੱਤਰ ਦੀ ਬੈਠਕ, ਵੇਰੀਐਂਟ ਤੋਂ ਬਚਣ ਲਈ ਸੂਬਿਆਂ ਨੂੰ ਦਿੱਤੇ 6 ਸੂਤਰੀ ਉਪਾਅ

ਨਵੀਂ ਦਿੱਲੀ : ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਓਮੀਕ੍ਰੋਨ ਦੇ ਸਾਹਮਣੇ ਆਉਣ ਤੋਂ ਬਾਅਦ ਦੁਨੀਆ ਭਰ ਵਿਚ ਹੜਕੰਪ ਮਚ ਗਿਆ ਹੈ। ਇਸ ਦਾ ਪਹਿਲਾ ਮਾਮਲਾ ਦੱਖਣੀ ਅਫਰੀਕਾ ‘ਚ ਸਾਹਮਣੇ ਆਇਆ ਸੀ, ਜਿਸ ਤੋਂ ਬਾਅਦ ਤਮਾਮ ਦੇਸ਼ਾਂ ਨੇ ਦੱਖਣੀ ਅਫਰੀਕੀ ਦੇਸ਼ਾਂ ਨੂੰ ਲੈ ਕੇ ਯਾਤਰਾ ਪਾਬੰਦੀਆਂ ਲਗਾ ਦਿੱਤੀਆਂ ਹਨ। ਉੱਥੇ ਹੀ ਭਾਰਤ ਸਰਕਾਰ ਵੀ ਅਲਰਟ ਹੋ ਗਈ ਹੈ ਤੇ ਇਸ ਤੋਂ ਬਚਣ ਲਈ ਕਦਮ ਉਠਾ ਰਹੀ ਹੈ। ਹਾਲਾਂਕਿ ਹੁਣ ਤਕ ਇਸ ਦਾ ਕੋਈ ਮਾਮਲਾ ਦੇਸ਼ ਵਿਚ ਸਾਹਮਣੇ ਨਹੀਂ ਆਇਆ ਹੈ ਪਰ ਕੇਂਦਰ ਤੋਂ ਲੈ ਕੇ ਸੂਬਿਆਂ ਤਕ ‘ਚ ਚਿੰਤਾ ਵਧ ਗਈ ਹੈ। ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਦੇਸ਼ ਦੇ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਅਧਿਕਾਰੀਆਂ ਨਾਲ ਬੈਠਕ ਕੀਤੀ। ਇਸ ਵਿਚ ਉਨ੍ਹਾਂ ਇਸ ਨਵੇਂ ਵੇਰੀਐਂਟ ਤੋਂ ਬਚਾਅ ਲਈ ਮੰਥਨ ਕੀਤਾ। ਬੈਠਕ ‘ਚ ਉਨ੍ਹਾਂ ਸੂਬਿਆਂ ਨੂੰ ਕੁਝ ਖਾਸ ਉਪਾਅ ਦੱਸੇ।

ਉਨ੍ਹਾਂ ਕਿਹਾ ਕਿ ਜੇਕਰ ਸੂਬੇ ਇਨ੍ਹਾਂ ਉਪਾਵਾਂ ਨੂੰ ਅਪਨਾਉਣਗੇ ਤਾਂ ਓਮੀਕ੍ਰੋਨ ਵੇਰੀਐਂਟ ਬਾਰੇ ਜਲਦ ਤੋਂ ਜਲਦ ਪਤਾ ਲਗਾ ਕੇ ਉਸ ਨਾਲ ਨਜਿੱਠਣ ‘ਚ ਆਸਾਨੀ ਹੋਵੇਗੀ। ਇਸ ਦੇ ਨਾਲ ਹੀ ਸੂਬਿਆਂ ਨੂੰ ਜਾਂਚ ਵਿਚ ਵਾਧਾ ਕਰਨ ਦਾ ਸੁਝਾਅ ਦਿੱਤਾ ਗਿਆ ਤਾਂ ਜੋ ਸਹੀ ਸਮੇਂ ‘ਤੇ ਇਸ ਵੇਰੀਐਂਟ ਨੂੰ ਫੜਿਆ ਜਾ ਸਕੇ ਤੇ ਕੇਸਾਂ ਦੀ ਮੈਨੇਜਮੈਂਟ ਕੀਤੀ ਜਾ ਸਕੇ।

ਸਿਹਤ ਸਕੱਤਰ ਨੇ ਸੂਬਿਆਂ ਨੂੰ ਕਿਹਾ ਕਿ ਕੰਟੇਨਮੈਂਟ ਜ਼ੋਨ ਤਿਆਰ ਕੀਤੇ ਜਾਣ ਤੇ ਹਰ ਪੱਧਰ ‘ਤੇ ਨਿਗਰਾਨੀ ਵਧਾਈ ਜਾਵੇ। ਇਸ ਤੋਂ ਇਲਾਵਾ ਸੂਬਿਆਂ ਨੂੰ ਹੌਟ-ਸਪੌਟ ਦੀ ਨਿਗਰਾਨੀ ਵੀ ਵਧਾਉਣ ਦੀ ਸਲਾਹ ਦਿੱਤੀ ਗਈ ਹੈ ਤੇ ਹੈਲਥ ਇਨਫਰਾਸਟ੍ਰਕਚਰ ਨੂੰ ਮਜ਼ਬੂਤ ਬਣਾਉਣ ਨੂੰ ਕਿਹਾ। ਇਸ ਦੌਰਾਨ ਇਕ ਵਾਰ ਫਿਰ ਤੋਂ ਟੀਕਾਕਰਨ ‘ਚ ਤੇਜ਼ੀ ਲਿਆਉਣ ‘ਤੇ ਜ਼ੋਰ ਦਿੱਤਾ ਗਿਆ।

ਇਸ ਤੋਂ ਦੋ ਦਿਨ ਪਹਿਲਾਂ ਵੀ ਸਰਕਾਰ ਵੱਲੋੰ ਇਸ ਖ਼ਤਰਨਾਕ ਵਾਇਰਸ ਸਬੰਧੀ ਨਿਗਰਾਨੀ ਵਧਾਉਣ ਦੇ ਹੁਕਮ ਦਿੱਤੇ ਗਏ ਸਨ। ਕੇਂਦਰੀ ਸਿਹਤ ਸਕੱਤਰ ਰਾਜੇਸ਼ ਬੂਸ਼ਣ ਨੇ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਪੱਤਰ ਲਿਖ ਕੇ ਰੋਕਥਾਮ ਕਰਨ, ਨਿਗਰਾਨੀ ਦੇ ਉਪਾਅ ਵਧਾਉਣ ਤੇ ਕੋਰੋਨਾ ਟੀਕਾਕਰਨ ਤੇਜ਼ ਕਰਨ ਦੇ ਹੁਕਮ ਦਿੱਤੇ ਸਨ।

ਡੈਲਟਾ ਵੇਰੀਐਂਟ ਨਾਲੋਂ ਜ਼ਿਆਦਾ ਖਤਰਨਾਕ ਹੈ ਓਮੀਕ੍ਰੋਨ

ਵਿਸ਼ਵ ਸਿਹਤ ਸੰਗਠਨ ਨੇ ਕੋਰੋਨਾ ਦੇ ਨਵੇਂ ਵੇਰੀਐਂਟ ਨੂੰ ਵੇਰੀਐਂਟ ਆਫ ਕੰਸਰਨ (VoC) ਦੀ ਸ਼੍ਰੇਣੀ ਵਿੱਚ ਰੱਖਿਆ ਹੈ। WHO ਨੇ ਇਸ ਨੂੰ Omicron ਨਾਂ ਦਿੱਤਾ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਕੋਰੋਨਾ ਦਾ ਹੁਣ ਤਕ ਦਾ ਸਭ ਤੋਂ ਪਰਿਵਰਤਨਸ਼ੀਲ ਰੂਪ ਹੈ। ਇਸ ਕਾਰਨ ਵਿਗਿਆਨੀ ਇਸ ਨੂੰ ‘ਡਰਾਉਣ ਵਾਲਾ’ ਕਹਿ ਰਹੇ ਹਨ। ਕਿਹਾ ਜਾਂਦਾ ਹੈ ਕਿ ਇਹ ਵੇਰੀਐਂਟ ਡੈਲਟਾ ਵੇਰੀਐਂਟ ਨਾਲੋਂ ਜ਼ਿਆਦਾ ਤੇਜ਼ੀ ਨਾਲ ਫੈਲਣ ਵਾਲਾ ਵੇਰੀਐਂਟ ਹੈ, ਜਿਸ ਕਾਰਨ ਭਾਰਤ ‘ਚ ਦੂਜੀ ਅਤੇ ਦੁਨੀਆ ਦੇ ਕਈ ਦੇਸ਼ਾਂ ‘ਚ ਤੀਜੀ ਲਹਿਰ ਆਈ।