ਕਾਬੁਲ : ਤਾਲਿਬਾਨ ਦੇ ਪਿੱਛੇ ਹਟਣ ਤੋਂ ਬਾਅਦ ਅਫਗਾਨਿਸਤਾਨ ਦੇ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਅਫ਼ਗਾਨਿਸਤਾਨ ‘ਚ ਅੱਤਵਾਦੀ ਹਮਲਿਆਂ ‘ਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਸਮਾਚਾਰ ਏਜੰਸੀ ਏਐਨਆਈ ਦੇ ਅਨੁਸਾਰ ਅੱਤਵਾਦੀਆਂ ਨੇ ਸ਼ੁੱਕਰਵਾਰ ਨੂੰ ਕੰਧਾਰ ਦੀ ਇਕ ਮਸਜਿਦ ‘ਚ ਧਮਾਕਾ ਕੀਤਾ, ਜਿਸ ‘ਚ ਸੱਤ ਲੋਕਾਂ ਦੀ ਮੌਤ ਹੋ ਗਈ ਤੇ 13 ਹੋਰ ਜ਼ਖਮੀ ਹੋ ਗਏ। ਅੱਤਵਾਦੀਆਂ ਨੇ ਸ਼ੀਆ ਭਾਈਚਾਰੇ ਦੇ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਇਹ ਹਮਲਾ ਕੀਤਾ ਹੈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਲੋਕ ਸ਼ੁੱਕਰਵਾਰ ਦੀ ਨਮਾਜ਼ ਅਦਾ ਕਰ ਰਹੇ ਸਨ।
ਕਈ ਜ਼ਖਮੀਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਸਥਾਨਕ ਨੇਤਾਵਾਂ ਦਾ ਕਹਿਣਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਹੋਰ ਵਧ ਸਕਦੀ ਹੈ। ਹਾਲ ਹੀ ‘ਚ ਅਫਗਾਨਿਸਤਾਨ ਦੇ ਕੁੰਦੁਜ਼ ਸ਼ਹਿਰ ‘ਚ ਇਕ ਮਸਜਿਦ ਦੇ ਅੰਦਰ ਬੰਬ ਧਮਾਕਾ ਹੋਇਆ ਜਿਸ ‘ਚ 80 ਲੋਕ ਮਾਰੇ ਗਏ ਤੇ ਬਹੁਤ ਸਾਰੇ ਜ਼ਖਮੀ ਹੋ ਗਏ। ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਸੀ। ਇਹ ਧਮਾਕਾ ਸ਼ੁੱਕਰਵਾਰ ਦੁਪਹਿਰ ਨੂੰ ਵੀ ਹੋਇਆ ਜਦੋਂ ਇਲਾਕੇ ਦੇ ਸ਼ੀਆ ਮੁਸਲਮਾਨ ਵੱਡੀ ਗਿਣਤੀ ‘ਚ ਮਸਜਿਦ ‘ਚ ਨਮਾਜ਼ ਅਦਾ ਕਰਨ ਲਈ ਇਕੱਠੇ ਹੋਏ ਸਨ। ਚਸ਼ਮਦੀਦਾਂ ਅਨੁਸਾਰ, ਉੱਚੀ ਬੰਬ ਧਮਾਕੇ ਤੋਂ ਬਾਅਦ ਮਸਜਿਦ ਧੂੰਆਂ ਧੂੰਆਂ ਹੋ ਗਈ।