ਪੁਰਾਣੇ ਸਮਿਆਂ ਦੀ ਗੱਲ ਹੈ ਦੋ ਰਾਹਗੀਰ ਪਗਡੰਡੀ ਦੇ ਰਾਸਤੇ ਤੁਰੇ ਜਾਂਦੇ ਸਨ।ਮੰਜ਼ਿਲ ਦੂਰ ਸੀ। ਤੁਰਦਿਆਂ ਤੁਰਦਿਆਂ ਰਾਸਤੇ ਵਿੱਚ ਹੀ ਉਨ੍ਹਾਂ ਨੂੰ ਰਾਤ ਪੈ ਗਈ। ਉਪਰੋਂ ਪੋਹ ਮਾਘ ਮਹੀਨੇ ਦੀ ਕਹਿਰ ਦੀ ਠੰਡ ਉਨਾਂ ਸੋਚਿਆ ਹੁਣ ਆਪਣੇ ਤੋਂ ਹੋਰ ਜਿਆਦਾ ਨਹੀਂ ਤੁਰਿਆਂ ਜਾਣਾ ਮੰਜਿਲ ਵੀ ਦੂਰ ਹੈ ਅਤੇ ਉੱਪਰੋਂ ਸਵੇਰ ਦੇ ਤੁਰੇ ਹੋਏ ਹਾਂ।
ਸਰੀਰ ਵੀ ਥੱਕ ਚੁੱਕਾ ਏ। ਇਸ ਲਈ ਕਿਉਂ ਨਾ ਕਿਸੇ ਦਰੱਖਤ ਜਾ ਕਿਸੇ ਕੰਧ ਦਾ ਓਟ ਆਸਰਾ ਲੈ ਲਿਆ ਜਾਵੇ ਅਤੇ ਰਾਤ ਏਥੇ ਹੀ ਗੁਜ਼ਾਰ ਲਈ ਜਾਵੇ। ਦੋਹਾਂ ਰਾਹਗੀਰਾਂ ਨੇ ਇੱਕ ਦੂਜੇ ਦੀ ਹਾਂ ਵਿੱਚ ਹਾਂ ਮਿਲਾਉਂਦਿਆਂ। ਲਾਗੇ ਹੀ ਇੱਕ ਟੁੱਟੀ ਫੁੱਟੀ ਡੰਗ ਟਪਾਊ ਝੌਂਪੜੀ ਦਾ ਆਸਰਾ ਲੈ ਲਿਆ। ਰਾਤ ਲੰਘਾ ਸਵੇਰ ਵੇਲੇ ਫੇਰ ਆਪਣੀ ਮੰਜ਼ਿਲ ਵੱਲ ਜਾਣ ਦਾ ਵਿਚਾਰ ਬਣਾ ਲਿਆ। ਪਰ ਸਵੇਰ ਦੇ ਤੁਰਿਆਂ ਨੇ ਸਾਮ ਤੱਕ ਕੁੱਝ ਵੀ ਨਹੀਂ ਸੀ ਖਾਧਾ।
ਇਸ ਕਰਕੇ ਭੁੱਖ ਵੀ ਪੂਰੇ ਜੋਰ ਦੀ ਲੱਗੀ ਹੋਈ ਸੀ।ਲਾਗੇ ਕੋਈ ਵੀ ਪਿੰਡ ਨਜ਼ਰ ਨਾ ਆਇਆ ਇਸ ਕਰਕੇ ਪਾਣੀ ਦੀਆਂ ਦੋ ਦੋ ਘੁੱਟਾ ਪੀ ਮਨ ਸਮਝਾ ਲਿਆ। ਆਪਣੇ ਉੱਪਰ ਲਈਆਂ ਖੇਸੀਆਂ ਨੂੰ ਹੀ ਸਿੱਧਾ ਕਰ ਰਜਾਈ ਦਾ ਕੰਮ ਲੈਣ ਦੀ ਸੋਚੀ। ਸੰਘਣੀ ਧੁੰਦ ਠੰਢੀ ਰਾਤ ਢਿੱਡੋਂ ਭੁੱਖੇ ਰਾਤ ਲੰਘੇ ਤਾਂ ਕਿਵੇਂ ਲੰਘੇ।
ਪਹਿਲੇ ਰਾਹਗੀਰ ਨੇ ਸੋਚਿਆ ਸ਼ਾਇਦ ਮੈਨੂੰ ਹੀ ਜਿਆਦਾ ਠੰਢ ਲੱਗ ਰਹੀ ਹੈ। ਤਾਂ ਉਸ ਨੇ ਦੂਸਰੇ ਨੂੰ ਪੁੱਛਿਆ? ਭਾਈਆ ਜੀ ਮੇਰੇ ਵਾਲੇ ਪਾਸੇ ਤਾਂ ਵਾਹਵਾ ਸੀਤ ਲਹਿਰ ਏ ਐਂਧਰ ਤੇਰੇ ਵਾਲੇ ਪਾਸੇ ਠੰਢ ਕਿੰਨੀ ਕੁ ਏ। ਦੂਸਰਾ ਠੰਢ ਨਾਲ ਕੰਬਦਾ ਮੱਧਮ ਜਿਹੀ ਅਵਾਜ਼ ਵਿੱਚ ਬੋਲਿਆਂ ਬੱਸ ਭਰਾਵਾਂ ਦੋ ਕੁ ਉਂਗਲਾਂ ਘੱਟ ਏ। ਪਹਿਲੇ ਰਾਹਗੀਰ ਨੂੰ ਦੋ ਉਂਗਲਾਂ ਵਾਲੀ ਗੱਲ
ਕੁੱਝ ਸਮਝ ਨਾ ਆਈ। ਉਸ ਨੇ ਦੁਬਾਰਾ ਫਿਰ ਪੁੱਛਿਆ ਇਹ ਦੋ ਉਂਗਲਾਂ ਦਾ ਕੀ ਮਾਜਰਾ ਹੈ। ਤਾਂ ਦੂਸਰਾ ਰਾਹਗੀਰ ਕਹਿੰਦਾ ਵੀਰ ਮੇਰਿਆ ਮੈਨੂੰ ਐਨੀ ਜਿਆਦਾ ਠੰਢ ਲੱਗ ਰਹੀ ਹੈ ਕਿ। ਠੰਢ ਨਾਲ ਸੁੰਗੜ ਕੇ ਅਤੇ ਕੰਬ ਕੰਬ ਕੇ ਮੇਰੀਆਂ ਲੱਤਾਂ ਮੇਰੇ ਨੱਕ ਨਾਲ ਲੱਗਣ ਤੋਂ ਸਿਰਫ ਦੋ ਕੁ ਉਂਗਲਾਂ ਦੀ ਹੀ ਵਿੱਥੀ ਰਹਿ ਗਈ ਏ।
ਬਲਤੇਜ ਸਿੰਘ ਸੰਧੂ ਬੁਰਜ ਲੱਧਾ
ਜ਼ਿਲਾ ਬਠਿੰਡਾ