ਮਿਸੀਸਾਗਾ, 27 ਨਵੰਬਰ : ਕੋਰੋਨਾ ਮਹਾਂਮਾਰੀ ਦਾ ਨਵਾਂ ਵੈਰੀਐਂਟ ਸਾਹਮਣੇ ਆਉਣ ਮਗਰੋਂ ਕੈਨੇਡਾ ਸਰਕਾਰ ਚੌਕਸ ਹੋ ਗਈ ਐ ਤੇ ਉਸ ਨੇ ਦੱਖਣੀ ਅਫਰੀਕਾ ਸਣੇ ਕਈ ਥਾਵਾਂ ਤੋਂ ਆਉਣ ਵਾਲੀਆਂ ਫਲਾਈਟਾਂ ’ਤੇ ਪਾਬੰਦੀ ਲਗਾ ਦਿੱਤੀ ਹੈ।
ਇਸੇ ਦਰਮਿਆਨ ਉਨਟਾਰੀਓ ਦੇ ਮਿਸੀਸਾਗਾ ਸ਼ਹਿਰ ’ਚ ਗੁਰੂ ਘਰ ਸਣੇ ਦੋ ਵੱਖ-ਵੱਖ ਥਾਵਾਂ ’ਤੇ ਹੋਏ ਵਿਆਹ ਸਮਾਗਮਾਂ ’ਚ ਸ਼ਾਮਲ ਲੋਕਾਂ ’ਚ ਵੀ ਕੋਰੋਨਾ ਫੈਲਣ ਦਾ ਡਰ ਬਣਿਆ ਹੋਇਆ ਹੈ। ਇਸ ਦੇ ਚਲਦਿਆਂ ਪੀਲ ਦੇ ਸਿਹਤ ਅਧਿਕਾਰੀਆਂ ਨੇ ਇਨ੍ਹਾਂ ਵਿਆਹਾਂ ’ਚ ਸ਼ਾਮਲ ਹੋਣ ਵਾਲੇ ਲੋਕਾਂ ਨੂੰ ਸਾਵਧਾਨੀ ਵਰਤਣ ਤੇ ਕੋਰੋਨਾ ਟੈਸਟ ਕਰਾਉਣ ਦੀ ਸਲਾਹ ਦਿੱਤੀ ਐ।
ਪੀਲ ਪਬਲਿਕ ਹੈਲਥ ਅਧਿਕਾਰੀਆਂ ਨੇ ਦੱਸਿਆ ਕਿ ਪਹਿਲਾ ਵਿਆਹ ਸਮਾਗਮ 17-18 ਨਵੰਬਰ ਨੂੰ ਮਿਸੀਸਾਗਾ ਦੇ 7355 ਟੌਰਬਰਮ ਰੋਡ ’ਤੇ ਸਥਿਤ ਨੈਸ਼ਨਲ ਬੈਂਕਟ ਹਾਲ ਵਿੱਚ ਹੋਇਆ ਸੀ, ਜਿਸ ਵਿੱਚ ਕਾਫ਼ੀ ਮਹਿਮਾਨ ਸ਼ਾਮਲ ਹੋਏ ਸਨ।
ਇਸ ਤੋਂ ਇਲਾਵਾ ਦੂਜਾ ਵਿਆਹ ਸਮਾਗਮ 20 ਨਵੰਬਰ ਨੂੰ ਮਿਸੀਸਾਗਾ ਦੇ 7280 ਏਅਰਪੋਰਟ ਰੋਡ ’ਤੇ ਸਥਿਤ ਸ੍ਰੀ ਗੁਰੂ ਸਿੰਘ ਸਭਾ ਮਾਲਟਨ ਵਿਖੇ ਹੋਇਆ ਸੀ। ਇਨ੍ਹਾਂ ਦੋਹਾਂ ਵਿਆਹਾਂ ’ਚ ਸ਼ਾਮਲ ਕਈ ਲੋਕਾਂ ਦੀ ਕੋਰੋਨਾ ਰਿਪੋਰਟ ਪੌਜ਼ੀਟਿਵ ਮਿਲੀ ਹੈ। ਇਸ ਦੇ ਚਲਦਿਆਂ ਪੀਲ ਰੀਜਨ ਦੇ ਸਿਹਤ ਅਧਿਕਾਰੀਆਂ ਨੇ ਦੋਹਾਂ ਵਿਆਹਾਂ ’ਚ ਸ਼ਾਮਲ ਹੋਏ ਮਹਿਮਾਨਾਂ ਨੂੰ ਤੁਰੰਤ ਕੋਰੋਨਾ ਟੈਸਟ ਕਰਾਉਣ ਦੀ ਸਲਾਹ ਦਿੱਤੀ ਹੈ। ਭਾਵੇਂ ਉਨ੍ਹਾਂ ਨੇ ਟੀਕਾਕਰਨ ਕਰਵਾਇਆ ਹੈ ਜਾਂ ਨਹੀਂ, ਪਰ ਟੈਸਟ ਲਾਜ਼ਮੀ ਕਰ ਦਿੱਤਾ ਗਿਆ ਐ।
ਇਸ ਤੋਂ ਇਲਾਵਾ ਇਨ੍ਹਾਂ ਸਾਰੇ ਲੋਕਾਂ ਨੂੰ ਭਾਵੇਂ ਉਹ ਫੁਲੀ ਵੈਕਸੀਨੇਟਡ ਹਨ ਤੇ ਉਨ੍ਹਾਂ ਦੀ ਕੋਰੋਨਾ ਟੈਸਟ ਦੀ ਰਿਪੋਰਟ ਨੈਗਟਿਵ ਆ ਜਾਂਦੀ ਹੈ ਤਾਂ ਵੀ ਉਨ੍ਹਾਂ ਨੂੰ 30 ਨਵੰਬਰ ਤੱਕ ਏਕਾਂਤਵਾਸ ਰਹਿਣਾ ਪਏਗਾ। ਜੇਕਰ ਉਹ ਏਕਾਂਤਵਾਸ ਨਹੀਂ ਹੁੰਦੇ ਤਾਂ ਉਨ੍ਹਾਂ ਨੂੰ ਜੁਰਮਾਨਾ ਵੀ ਕੀਤਾ ਜਾ ਸਕਦਾ ਹੈ।