ਇਸਲਾਮਾਬਾਦ : ਪਾਕਿਸਤਾਨ ‘ਚ 2014 ਤੋਂ ਇਸਲਾਮਿਕ ਕੱਟੜਪੰਥੀਆਂ ਵੱਲੋਂ ਸਿੱਖਾਂ ਨੂੰ ਤਸੀਹੇ ਦੇਣ ਦੇ ਮਾਮਲੇ ਵੱਧ ਗਏ ਹਨ। ਇਸ ਕਾਰਨ ਪਾਕਿਸਤਾਨ ‘ਚ ਸਿੱਖ ਭਾਈਚਾਰੇ ਦੇ ਲੋਕਾਂ ‘ਚ ਆਪਣੇ ਭਵਿੱਖ ਨੂੰ ਲੈ ਕੇ ਅਨਿਸ਼ਚਿਤਤਾ ਵੱਧ ਗਈ ਹੈ ਤੇ ਪਹਿਲਾਂ ਤੋਂ ਘੱਟਗਿਣਤੀ ਸਿੱਖਾਂ ਦੀ ਆਬਾਦੀ ਤੇਜ਼ੀ ਨਾਲ ਘਟੀ ਹੈ। ਹਾਲੀਆ 30 ਸਤੰਬਰ ਨੂੰ ਯੂਨਾਨੀ ਦਵਾਖ਼ਾਨਾ ਚਲਾਉਣ ਵਾਲੇ ਇਕ ਸਿੱਖ ਸਤਨਾਮ ਸਿੰਘ ਦੀ ਖੈਬਰ ਪਖਤੂਨਖਵਾ ਦੇ ਪਿਸ਼ਾਵਰ ਸਥਿਤ ਦਵਾਖ਼ਾਨੇ ‘ਚ ਵੜ ਕੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਬਾਅਦ ‘ਚ ਇਸ ਹੱਤਿਆ ਦੀ ਜ਼ਿੰਮੇਵਾਰੀ ਅੱਤਵਾਦੀ ਜਥੇਬੰਦੀ ਆਈਐੱਸ (ਦਾਏਸ਼) ਨੇ ਲਈ ਸੀ। ਪਿਛਲੇ ਸਾਲ ਜਨਵਰੀ ‘ਚ ਮਲੇਸ਼ੀਆ ‘ਚ ਰਹਿਣ ਵਾਲੇ ਰਵਿੰਦਰ ਸਿੰਘ ਨੂੰ ਵਿਆਹ ਕਰਨ ਲਈ ਪਾਕਿਸਤਾਨ ਵਾਪਸ ਪਰਤਣ ‘ਤੇ ਜਾਨੋਂ ਮਾਰ ਦਿੱਤਾ ਗਿਆ ਸੀ। ਉਸ ਦੀ ਹੱਤਿਆ ਵੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ ਦੇ ਸੂਬੇ ਖੈਬਰ ਪਖਤੂਨਖਵਾ ਦੇ ਮਰਦਾਨ ਸ਼ਹਿਰ ‘ਚ ਹੋਈ ਸੀ।
ਡੇਲੀ ਸਿੱਖ ਅਖ਼ਬਾਰ ਦੀ ਰਿਪੋਰਟ ਮੁਤਾਬਕ, ਸਿੱਖ ਅਧਿਕਾਰਾਂ ਦੇ ਹਮਾਇਤੀ ਲੋਕ ਕਹਿੰਦੇ ਹਨ ਕਿ 2002 ਤੋਂ ਪਾਕਿਸਤਾਨ ‘ਚ ਸਿੱਖਾਂ ਦੀ ਆਬਾਦੀ ਹੈਰਾਨੀਜਨਕ ਤਰੀਕੇ ਨਾਲ ਲਗਾਤਾਰ ਘੱਟ ਹੁੰਦੀ ਜਾ ਰਹੀ ਹੈ ਕਿਉਂਕਿ ਉੱਥੇ ਲਗਾਤਾਰ ਜ਼ਬਰਦਸਤੀ ਧਰਮ ਪਰਿਵਰਤਨ ਤੇ ਸਿੱਖਾਂ ਖ਼ਿਲਾਫ਼ ਹਿੰਸਾ ਜਾਰੀ ਹੈ। ਇਨ੍ਹਾਂ ਮੁੱਦਿਆਂ ‘ਤੇ ਸਿੱਖਾਂ ਨੂੰ ਕੋਈ ਵੀ ਕਾਨੂੰਨੀ ਸੁਰੱਖਿਆ ਨਹੀਂ ਦਿੱਤੀ ਗਈ।
ਲਾਹੌਰ ਦੇ ਜੀਸੀ ਕਾਲਜ ਯੂਨੀਵਰਸਿਟੀ ਦੇ ਪ੍ਰਰੋਫੈਸਰ ਤੇ ਘੱਟਗਿਣਤੀ ਮਨੁੱਖੀ ਅਧਿਕਾਰਾਂ ਦੇ ਵਰਕਰ ਪ੍ਰਰੋ. ਕਲਿਆਣ ਸਿੰਘ ਨੇ ਕਿਹਾ ਕਿ ਸਿੱਖਾਂ ਦੀ ਆਬਾਦੀ ਪਾਕਿਸਤਾਨ ‘ਚ ਬਹੁਤ ਤੇਜ਼ੀ ਨਾਲ ਘਟੀ ਹੈ ਤੇ ਇਸ ਦਾ ਸਭ ਤੋਂ ਵੱਡਾ ਕਾਰਨ ਸਿੱਖਾਂ ਦਾ ਜ਼ਬਰਦਸਤੀ ਧਰਮ ਪਰਿਵਰਤਨ ਕਰਵਾਉਣਾ ਹੈ।
ਪਾਕਿਸਤਾਨ ਦੇ ਰਾਸ਼ਟਰੀ ਡਾਟਾਬੇਸ ਤੇ ਰਜਿਸਟ੍ਰੇਸ਼ਨ ਅਥਾਰਟੀ (ਨਾਡਰਾ) ਮੁਤਾਬਕ, ਪਾਕਿਸਤਾਨ ‘ਚ ਰਜਿਸਟਰਡ ਸਿੱਖਾਂ ਦੀ ਗਿਣਤੀ ਸਿਰਫ਼ 6,146 ਹੈ ਜਦਕਿ ਐੱਨਜੀਓ ਸਿੱਖ ਰਿਸੋਰਸਿਜ਼ ਤੇ ਸਟੱਡੀ ਸੈਂਟਰ ਵੱਲੋਂ ਕਰਵਾਈ ਗਈ ਮਰਦਮਸ਼ੁਮਾਰੀ ਮੁਤਾਬਕ ਪਾਕਿਸਤਾਨ ‘ਚ ਹਾਲੇ ਵੀ ਲਗਪਗ 50 ਹਜ਼ਾਰ ਸਿੱਖ ਜ਼ਿੰਦਾ ਹਨ, ਜਦਕਿ ਅਮਰੀਕੀ ਵਿਦੇਸ਼ ਵਿਭਾਗ ਦੇ ਦਾਅਵੇ ਮੁਤਾਬਕ ਪਾਕਿਸਤਾਨ ‘ਚ ਸਿਰਫ਼ 20 ਹਜ਼ਾਰ ਸਿੱਖ ਰਹਿੰਦੇ ਹਨ। ਹਾਲਾਂਕਿ ਸਾਲ 2017 ਦੀ ਪਾਕਿਸਤਾਨੀ ਮਰਦਮਸ਼ੁਮਾਰੀ ‘ਚ ਸਿੱਖਾਂ ਨੂੰ ਸ਼ਾਮਲ ਨਹੀਂ ਕੀਤਾ ਗਿਆ ਸੀ। ਇਸ ਲਈ ਇਸ ਬਾਰੇ ਕੋਈ ਪੁਖਤਾ ਜਾਣਕਾਰੀ ਮੁਹੱਈਆ ਨਹੀਂ ਹੈ। ਸਿੱਖ ਭਾਈਚਾਰੇ ਦੇ ਜ਼ਿਆਦਾਤਰ ਲੋਕ ਖੈਬਰ ਪਖਤੂਨਖਵਾ, ਸਿੰਧ ਤੇ ਪੰਜਾਬ ‘ਚ ਰਹਿੰਦੇ ਹਨ।
ਡੇਲੀ ਸਿੱਖ ਦੇ ਮੁਤਾਬਕ ਇਕ ਸਿੱਖ ਨਿਊਜ਼ ਐਂਕਰ ਹਰਮੀਤ ਸਿੰਘ ਨੇ ਕਿਹਾ ਕਿ ਦੇਸ਼ ‘ਚ ਸਿੱਖ ਭਾਈਚਾਰੇ ਨੂੰ ਇਕ ਹੋਰ ਕਿਸਮ ਦੀ ਹਿੰਸਾ ਦਾ ਵੀ ਸ਼ਿਕਾਰ ਹੋਣਾ ਪੈਂਦਾ ਹੈ। ਲਗਾਤਾਰ ਧਮਕੀ ਭਰੇ ਫੋਨ ਆਉਣ ‘ਤੇ ਪੁਲਿਸ ਤੋਂ ਕੋਈ ਮਦਦ ਨਹੀਂ ਮਿਲਣ ਤੋਂ ਬਾਅਦ ਮੇਰੇ ਕੋਲ ਵੀ ਪਾਕਿਸਤਾਨ ਨੂੰ ਛੱਡ ਕੇ ਜਾਣ ਤੋਂ ਇਲਾਵਾ ਕੋਈ ਦੂਜਾ ਰਸਤਾ ਨਹੀਂ ਹੈ।
2009 ‘ਚ ਤਾਲਿਬਾਨ ਨੇ ਓਰਕਜਾਈ ‘ਚ 11 ਸਿੱਖ ਪਰਿਵਾਰਾਂ ਦੇ ਘਰ ਤਬਾਹ ਕਰ ਦਿੱਤੇ ਗਏ ਸਨ। ਉਹ ਉਨ੍ਹਾਂ ਤੋਂ ਜਜ਼ੀਆ ਕਰ ਦੀ ਵਸੂਲੀ ਕਰਨਾ ਚਾਹੁੰਦੇ ਸਨ। ਜਜ਼ੀਆ ਕਰ ਨਾ ਚੁਕਾਉਣ ‘ਤੇ 2010 ‘ਚ ਜਸਪਾਲ ਸਿੰਘ ਨਾਂ ਦੇ ਇਕ ਵਿਅਕਤੀ ਦਾ ਸਿਰ ਕਲਮ ਕਰ ਦਿੱਤਾ ਗਿਆ ਸੀ।