ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨਿਚਰਵਾਰ ਸਵੇਰੇ ਦੇਸ਼ ‘ਚ ਕੋਰੋਨਾ ਵਾਇਰਸ ‘ਤੇ ਜਨਤਕ ਸਿਹਤ ਤਿਆਰੀਆਂ ਨੂੰ ਲੈ ਕੇ ਸਰਕਾਰੀ ਅਧਿਕਾਰੀਆਂ ਨਾਲ ਬੈਠਕ ਕੀਤੀ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਕੋਰੋਨਾ ਦੀ ਤਾਜ਼ਾ ਸਥਿਤੀ ਤੇ ਟੀਕਾਕਰਨ ਵਰਗੇ ਮੁੱਦਿਆਂ ਦੀ ਸਮੀਖਿਆ ਕੀਤੀ। ਕਰੀਬ ਦੋ ਘੰਟੇ ਚੱਲੀ ਇਸ ਮੀਟਿੰਗ ਵਿਚ ਕੈਬਨਿਟ ਸਕੱਤਰ ਰਾਜੀਵ ਗਾਬਾ, ਪ੍ਰਧਾਨ ਮੰਤਰੀ ਦੇ ਪ੍ਰਮੁੱਖ ਸਕੱਤਰ ਪੀਕੇ ਮਿਸ਼ਰਾ, ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਅਤੇ ਨੀਤੀ ਆਯੋਗ ਦੇ ਮੈਂਬਰ (ਸਿਹਤ) ਡਾਕਟਰ ਵੀਕੇ ਪਾਲ ਮੌਜੂਦ ਸਨ। ਦੱਖਣੀ ਅਫਰੀਕਾ ਵਿਚ ਪਹਿਲੀ ਵਾਰ ਮਿਲੇ ਕੋਰੋਨਾ ਦੇ ਨਵੇਂ ਰੂਪ Omicron ਤੋਂ ਬਾਅਦ ਇਹ ਮੀਟਿੰਗ ਹੋਈ।
ਪੀਐਮਓ ਅਨੁਸਾਰ ਬੈਠਕ ਵਿਚ ਪ੍ਰਧਾਨ ਮੰਤਰੀ ਨੇ ਸਾਰੇ ਅੰਤਰਰਾਸ਼ਟਰੀ ਯਾਤਰੀਆਂ ਦੀ ਨਿਗਰਾਨੀ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਅਧਿਕਾਰੀਆਂ ਨੂੰ ਕੋਰੋਨਾ ਦੇ ਨਵੇਂ ਰੂਪ ਦੇ ਮੱਦੇਨਜ਼ਰ ਅੰਤਰਰਾਸ਼ਟਰੀ ਯਾਤਰਾ ਪਾਬੰਦੀਆਂ ਨੂੰ ਘੱਟ ਕਰਨ ਦੀ ਯੋਜਨਾ ਦੀ ਸਮੀਖਿਆ ਕਰਨ ਲਈ ਵੀ ਕਿਹਾ। ਪ੍ਰਧਾਨ ਮੰਤਰੀ ਨੇ ਅਧਿਕਾਰੀਆਂ ਨੂੰ ਰਾਜ ਸਰਕਾਰਾਂ ਨਾਲ ਮਿਲ ਕੇ ਕੰਮ ਕਰਨ ਦੇ ਨਿਰਦੇਸ਼ ਦਿੱਤੇ ਭਾਰਤ ਵੀ ਕੋਰਾਨਾ ਦੇ ਇਸ ਨਵੇਂ ਵੇਰੀਐਂਟ ਨੂੰ ਲੈ ਕੇ ਸਾਵਧਾਨ ਹੋ ਗਿਆ ਹੈ। ਭਾਰਤ ਨੇ ਬ੍ਰਿਟੇਨ, ਚੀਨ, ਦੱਖਣੀ ਅਫਰੀਕਾ ਅਤੇ ਬ੍ਰਾਜ਼ੀਲ ਸਮੇਤ ਕਈ ਦੇਸ਼ਾਂ ਨੂੰ ਕੋਰੋਨਾ ਦੇ ‘ਖਤਰੇ’ ਵਾਲੇ ਦੇਸ਼ਾਂ ਦੀ ਸ਼੍ਰੇਣੀ ‘ਚ ਸ਼ਾਮਲ ਕੀਤਾ ਹੈ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਹਾਂਗਕਾਂਗ ਅਤੇ ਇਜ਼ਰਾਈਲ ਨੂੰ ਵੀ ਉਨ੍ਹਾਂ ਦੇਸ਼ਾਂ ਦੀ ਸੂਚੀ ਵਿਚ ਸ਼ਾਮਲ ਕੀਤਾ ਹੈ ਜਿੱਥੋਂ ਦੇ ਯਾਤਰੀਆਂ ਨੂੰ ਭਾਰਤ ਵਿਚ ਪਹੁੰਚਣ ‘ਤੇ ਵਾਧੂ ਉਪਾਵਾਂ ਦੀ ਪਾਲਣਾ ਕਰਨ ਦੀ ਲੋੜ ਹੋਵੇਗੀ। ਜਿਨ੍ਹਾਂ ਦੇਸ਼ਾਂ ਤੋਂ ਯਾਤਰੀਆਂ ਨੂੰ ਭਾਰਤ ਪਹੁੰਚਣ ‘ਤੇ ਵਾਧੂ ਉਪਾਵਾਂ ਦੀ ਪਾਲਣਾ ਕਰਨੀ ਪਵੇਗੀ ਉਨ੍ਹਾਂ ਵਿਚ ਬ੍ਰਾਜ਼ੀਲ, ਬੰਗਲਾਦੇਸ਼, ਬੋਤਸਵਾਨਾ, ਮਾਰੀਸ਼ਸ, ਨਿਊਜ਼ੀਲੈਂਡ, ਜ਼ਿੰਬਾਬਵੇ, ਸਿੰਗਾਪੁਰ ਸ਼ਾਮਲ ਹਨ। ਦੱਸ ਦਈਏ ਕਿ WHO ਨੇ ਦੱਖਣੀ ਅਫਰੀਕਾ ਵਿਚ ਸਭ ਤੋਂ ਪਹਿਲਾਂ ਪਾਏ ਗਏ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ B.1.1.529 ਦਾ ਨਾਮ ਓਮੀਕ੍ਰਾਨ ਰੱਖਿਆ ਹੈ ਅਤੇ ਇਸ ਨੂੰ ‘ਵੈਰੀਐਂਟ ਆਫ ਕੰਸਰਨ’ ਦੀ ਸ਼੍ਰੇਣੀ ਵਿਚ ਰੱਖਿਆ ਹੈ। ਬਹੁਤ ਜ਼ਿਆਦਾ ਛੂਤ ਵਾਲੇ ਰੂਪ ਇਸ ਸ਼੍ਰੇਣੀ ਵਿਚ ਰੱਖੇ ਗਏ ਹਨ। ਡੈਲਟਾ ਵੇਰੀਐਂਟ ਨੂੰ ਵੀ ਇਸੇ ਸ਼੍ਰੇਣੀ ਵਿਚ ਰੱਖਿਆ ਗਿਆ ਸੀ। ਭਾਰਤ ਸਮੇਤ ਦੁਨੀਆ ਦੇ ਕਈ ਦੇਸ਼ ਇਸ ਨਵੇਂ ਵੇਰੀਐਂਟ ਨੂੰ ਲੈ ਕੇ ਚੌਕਸ ਹਨ, ਜਿਸ ਨੂੰ ਭਿਆਨਕ ਤਬਾਹੀ ਮਚਾਉਣ ਵਾਲੇ ਕੋਰੋਨਾ ਵਾਇਰਸ ਦੇ ਡੈਲਟਾ ਵੇਰੀਐਂਟ ਤੋਂ ਵੀ ਜ਼ਿਆਦਾ ਖਤਰਨਾਕ ਦੱਸਿਆ ਜਾ ਰਿਹਾ ਹੈ। WHO ਨੇ ਸਾਰੇ ਦੇਸ਼ਾਂ ਨੂੰ ਇਸ ਵੇਰੀਐਂਟ ‘ਤੇ ਨਿਗਰਾਨੀ ਤੇ ਕ੍ਰਮ ਵਧਾਉਣ ਲਈ ਕਿਹਾ ਹੈ ਤਾਂ ਜੋ ਇਸ ਨੂੰ ਬਿਹਤਰ ਤਰੀਕੇ ਨਾਲ ਸਮਝਿਆ ਜਾ ਸਕੇ। ਇਸ ਵੇਰੀਐਂਟ ਦੇ ਸਾਹਮਣੇ ਆਉਣ ਤੋਂ ਪਹਿਲਾਂ ਹੀ ਬ੍ਰਿਟੇਨ, ਜਰਮਨੀ ਅਤੇ ਰੂਸ ਸਮੇਤ ਯੂਰਪ ਦੇ ਕਈ ਦੇਸ਼ਾਂ ਅਤੇ ਹੋਰ ਖੇਤਰਾਂ ‘ਚ ਕੋਰੋਨਾ ਇਨਫੈਕਸ਼ਨ ਦੇ ਮਾਮਲੇ ਵੱਧ ਰਹੇ ਸਨ। ਰੂਸ ਵਿਚ ਵੀ ਇਸ ਮਹਾਮਾਰੀ ਕਾਰਨ ਰਿਕਾਰਡ ਗਿਣਤੀ ਵਿਚ ਲੋਕ ਮਰ ਰਹੇ ਹਨ। ਹੁਣ ਇਸ ਨਵੇਂ ਵੇਰੀਐਂਟ ਦੇ ਆਉਣ ਤੋਂ ਬਾਅਦ ਦੁਨੀਆ ‘ਚ ਦਹਿਸ਼ਤ ਫੈਲ ਗਈ ਹੈ।