ਨਵੀਂ ਦਿੱਲੀ/ਸੋਨੀਪਤ : ਸੰਯੁਕਤ ਕਿਸਾਨ ਮੋਰਚਾ ਵੱਲੋਂ 29 ਨਵੰਬਰ ਨੂੰ ਹੋਣ ਵਾਲਾ ਟਰੈਕਟਰ ਮਾਰਚ ਮੁਲਤਵੀ ਕਰ ਦਿੱਤਾ ਗਿਆ ਹੈ। ਮੋਰਚੇ ਦੀ ਮੀਟਿੰਗ ‘ਚ ਲਏ ਗਏ ਫੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਦਰਸ਼ਨਪਾਲ ਸਿੰਘ ਨੇ ਦੱਸਿਆ ਕਿ 29 ਨਵੰਬਰ ਨੂੰ ਸੰਸਦ ਵੱਲ ਹੋਣ ਵਾਲਾ ਟਰੈਕਟਰ ਮਾਰਚ ਮੁਲਤਵੀ ਕਰ ਦਿੱਤਾ ਗਿਆ ਹੈ। ਮੋਰਚਾ 4 ਦਸੰਬਰ ਨੂੰ ਮੁੜ ਮੀਟਿੰਗ ਕਰੇਗਾ। ਇਸ ਮੀਟਿੰਗ ‘ਚ ਕੇਂਦਰ ਸਰਕਾਰ ਦੇ ਰੁਖ਼ ਦੀ ਮੁੜ ਸਮੀਖਿਆ ਕੀਤੀ ਜਾਵੇਗੀ। ਕਿਸਾਨਾਂ ਦੇ ਘਰ ਜਾਣ ਦਾ ਫੈਸਲਾ 4 ਦਸੰਬਰ ਨੂੰ ਹੋਣ ਵਾਲੀ ਮੀਟਿੰਗ ਤੋਂ ਬਾਅਦ ਲਿਆ ਜਾਵੇਗਾ।
ਮੋਰਚਾ ਆਗੂਆਂ ਨੇ ਕੇਂਦਰ ਸਰਕਾਰ ਨੂੰ 4 ਦਸੰਬਰ ਤੱਕ ਦਾ ਅਲਟੀਮੇਟਮ ਦਿੰਦਿਆਂ ਕਿਹਾ ਕਿ ਜੇਕਰ ਮੰਗਾਂ ਮੰਨੀਆਂ ਗਈਆਂ ਤਾਂ ਕਿਸਾਨ ਘਰ ਚਲੇ ਜਾਣਗੇ। ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਅੰਦੋਲਨ ਇਸੇ ਤਰ੍ਹਾਂ ਜਾਰੀ ਰਹੇਗਾ। ਕਿਸਾਨ ਆਗੂ ਦਰਸ਼ਨਪਾਲ ਸਿੰਘ ਨੇ ਕਿਹਾ ਕਿ ਫਰੰਟ ਦੇਖਣਾ ਚਾਹੁੰਦਾ ਹੈ ਕਿ ਕੇਂਦਰ ਸਰਕਾਰ ਸੰਸਦ ‘ਚ ਕੀਤਾ ਆਪਣਾ ਵਾਅਦਾ ਪੂਰਾ ਕਰਦੀ ਹੈ ਜਾਂ ਨਹੀਂ। ਰਾਕੇਸ਼ ਟਿਕੈਤ ਇਸ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਏ।
ਪ੍ਰੈੱਸ ਕਾਨਫਰੰਸ ਦੌਰਾਨ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਾਹੀਦਾ ਹੈ ਕਿ ਉਹ ਸੂਬਾ ਸਰਕਾਰਾਂ ਤੇ ਰੇਲਵੇ ਨੂੰ ਧਰਨੇ ਦੌਰਾਨ ਕਿਸਾਨਾਂ ‘ਤੇ ਦਰਜ ਕੀਤੇ ਕੇਸ ਵਾਪਸ ਲੈਣ ਦੇ ਨਿਰਦੇਸ਼ ਦੇਣ। ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਜਵੀਰ ਸਿੰਘ ਜਾਦੌਣ ਨੇ ਕਿਹਾ ਕਿ ਜਦੋਂ ਤਕ ਕੇਂਦਰ ਸਰਕਾਰ ਘੱਟੋ-ਘੱਟ ਸਮਰਥਨ ਮੁੱਲ, ਧਰਨੇ ਦੌਰਾਨ ਕਿਸਾਨਾਂ ਦੀਆਂ ਮੌਤਾਂ ਤੇ ਲਖੀਮਪੁਰ ਹਿੰਸਾ ਦੇ ਮੁੱਦੇ ‘ਤੇ ਮੋਰਚੇ ਨਾਲ ਗੱਲਬਾਤ ਨਹੀਂ ਕਰਦੀ ਉਦੋਂ ਤਕ ਅੰਦੋਲਨ ਜਾਰੀ ਰਹੇਗਾ। ਸਰਕਾਰ ਨੇ ਹੁਣ ਤਕ ਜੋ ਵੀ ਐਲਾਨ ਕੀਤੇ ਹਨ, ਉਨ੍ਹਾਂ ਤੋਂ ਸੰਯੁਕਤ ਕਿਸਾਨ ਮੋਰਚਾ ਸੰਤੁਸ਼ਟ ਨਹੀਂ ਹੈ।
ਦਿੱਲੀ ਪੁਲਿਸ ਨੇ ਲਿਆ ਸੁੱਖ ਦਾ ਸਾਹ
ਸੋਮਵਾਰ ਨੂੰ ਸੰਸਦ ਵੱਲ ਟ੍ਰੈਕਟਰ ਮਾਰਚ ਮੁਲਤਵੀ ਕਰ ਦਿੱਤੇ ਜਾਣ ਕਾਰਨ ਦਿੱਲੀ ਪੁਲਿਸ ਨੇ ਸੁੱਖ ਦਾ ਸਾਹ ਲਿਆ। ਦਰਅਸਲ, ਸੰਸਦ ਦਾ ਸਰਦ ਰੁੱਤ ਸੈਸ਼ਨ 29 ਨਵੰਬਰ ਯਾਨੀ ਸੋਮਵਾਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਇਹ ਸੈਸ਼ਨ 23 ਦਸੰਬਰ ਤਕ ਚੱਲੇਗਾ। ਦਿੱਲੀ ਪੁਲਿਸ ਦੀ ਸਭ ਤੋਂ ਵੱਡੀ ਚੁਣੌਤੀ ਅੰਦੋਲਨਕਾਰੀਆਂ ਦੇ ਟਰੈਕਟਰ ਮਾਰਚ ਨੂੰ ਰੋਕਣਾ ਸੀ।