ਸੇਫ ਸਕੂਲ ਵਾਹਨ ਪਾਲਿਸੀ ਦੀ ਪਾਲਣਾ ਕਰਨ ਲਈ ਸਕੂਲ ਵੈਨ ਡਰਾਇਵਰਾਂ ਅਤੇ ਕੰਡਕਟਰਾਂ ਨੂੰ ਦਿੱਤੇ ਆਦੇਸ਼


ਮਾਨਸਾ,9 ਜੁਲਾਈ: ਗੁਰਜੰਟ ਸਿੰਘ ਬਾਜੇਵਾਲੀਆ
ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ ਅਤੇ ਐੱਸ.ਐੱਸ.ਪੀ. ਡਾ. ਨਾਨਕ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ’ਤੇ ਮੀਰੀ ਪੀਰੀ ਖਾਲਸਾ ਅਕੈਡਮੀ ਕਾਹਨੇਵਾਲਾ ਵਿਖੇ ਬਾਲ ਅਧਿਕਾਰਾਂ ਅਤੇ ਟਰੈਫਿਕ ਨਿਯਮਾਂ ਸਬੰਧੀ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ।


ਪ੍ਰਿੰਸੀਪਲ ਨਵਦੀਪ ਭਾਰਦਵਾਜ ਨੇ ਦੱਸਿਆ ਕਿ ਇਹ ਸੈਮੀਨਾਰ ਟਰਾਂਸਪੋਰਟ ਵਿਭਾਗ ਅਤੇ ਬਾਲ ਸੁਰੱਖਿਆ ਦਫਤਰ ਵੱਲੋਂ ਬੱਚਿਆਂ ਦੀ ਭਲਾਈ ਲਈ ਲਗਾਇਆ ਗਿਆ ਹੈ ਤਾਂ ਜੋ ਬੱਚੇ ਟਰੈਫਿਕ ਦੇ ਨਿਯਮਾਂ ਅਤੇ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਹੋ ਸਕਣ।
  ਜ਼ਿਲ੍ਹਾ ਬਾਲ ਸੁਰੱਖਿਆ ਦੇ ਅਧਿਕਾਰੀ ਭੂਸ਼ਨ ਸਿੰਗਲਾ ਨੇ ਸਰਕਾਰ ਵੱਲੋਂ ਬੱਚਿਆਂ ਦੀ ਸੁਰੱਖਿਆ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ 18 ਸਾਲ ਤੋ ਘੱਟ ਉਮਰ ਦੇ ਲੋੜਵੰਦ ਬੱਚਿਆਂ ਲਈ  ਸਪੋਂਸਰਸ਼ਿਪ, ਫੋਸਟਰ ਕੇਅਰ ਸਕੀਮ, ਲੀਗਲੀ ਅਡਾਪਸ਼ਨ, ਬਾਲ ਵਿਆਹ, ਬਾਲ ਮਜ਼ਦੂਰੀ, ਬਾਲ ਭਿਖਿਆ, ਗੁਮਸ਼ੁਦਾ, ਲਾਵਾਰਿਸ ਅਤੇ ਬਿਨਾਂ  ਮਾਪਿਆਂ ਦੇ ਬੱਚਿਆਂ ਨੂੰ ਚਿਲਡਰਨ ਹੋਮ ਵਿੱਚ ਸ਼ਿਫਟ ਕਰਵਾਉਣ ਦੇ ਨਾਲ ਨਾਲ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਕੰਡਕਟਰ ਡਰਾਈਵਰਾਂ ਅਤੇ ਸਕੂਲ ਸਟਾਫ ਨੂੰ ਜਾਣਕਾਰੀ ਦਿੱਤੀ ਅਤੇ ਬੱਚਿਆਂ ਦੀ ਸੁਰੱਖਿਆ ਸਬੰਧੀ ਨਿਯਮਾਂ ਤੋਂ ਜਾਣੂ ਕਰਵਾਇਆ।
ਪੁਲਿਸ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਵਿਦਿਆਰਥੀਆਂ ਨੂੰ ਟਰੈਫਿਕ ਨਿਯਮਾਂ ਸੰਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਅਤੇ ਸਕੂਲੀ ਵਾਹਨਾਂ ਦੇ ਡਰਾਈਵਰ ਅਤੇ ਕੰਡਕਟਰਾਂ ਨੂੰ ਸੇਫ ਸਕੂਲ ਵਾਹਨ ਪਾਲਿਸੀ ਤੋਂ ਜਾਣੂ ਕਰਵਾਉਂਦਿਆਂ ਪਾਲਿਸੀ ਦੇ ਨਿਯਮਾਂ ਦੀ ਇੰਨ ਬਿੰਨ ਪਾਲਣਾ ਯਕੀਨੀ ਬਣਾਉਣ ਲਈ ਕਿਹਾ। ਇਸ ਮੌਕੇ ਚੈਕਿੰਗ ਦੌਰਾਨ ਜਿੰਨ੍ਹਾਂ ਸਕੂਲਾਂ ਦੀਆਂ ਬੱਸਾਂ ਵਿੱਚ ਖਾਮੀਆਂ ਪਾਈਆਂ ਗਈਆਂ ਉਨ੍ਹਾਂ ਦੇ ਚਲਾਣ ਵੀ ਕੀਤੇ ਗਏ।