ਮਾਨਸਾ, 11 ਜੂਨ: ਗੁਰਜੰਟ ਸਿੰਘ ਬਾਜੇਵਾਲੀਆ
ਰਾਸ਼ਟਰੀਆ ਬਾਲ ਸੁਰੱਖਿਆ ਕਾਰਿਆਕਰਮ ਰਾਹੀਂ ਸਕੂਲਾਂ ਦੇ ਬੱਚਿਆਂ ਦਾ ਸਮੇਂ ਸਮੇਂ ’ਤੇ ਚੈਕਅੱਪ ਕੀਤਾ ਜਾ ਰਿਹਾ ਹੈ, ਇਸ ਪ੍ਰੋਗਰਾਮ ਅਧੀਨ ਬੱਚਿਆਂ ਵਿੱਚ ਪਾਏ ਜਾਣ ਵਾਲੇ ਜਮਾਂਦਰੂ ਨੁਕਸ ਦੀਆਂ 31 ਕਿਸਮ ਦੀਆਂ ਬਿਮਾਰੀਆਂ ਦਾ ਇਲਾਜ਼ ਬਿਲਕੁਲ ਫਰੀ ਕਰਵਾਇਆ ਜਾਂਦਾ ਹੈ। ਇਸ ਮੌਕੇ ਜਾਣਕਾਰੀ ਸਾਂਝੀ ਕਰਦਿਆਂ ਐਮ.ਐਸ. (ਆਰਥੋ)  ਸਿਵਲ ਸਰਜਨ, ਡਾ. ਹਰਦੇਵ ਸਿੰਘ ਨੇ ਇਸ ਪ੍ਰੋਗਰਾਮ ਅਧੀਨ ਜਿੰਨ੍ਹਾਂ ਬੱਚਿਆਂ ਦਾ ਇਲਾਜ਼ ਪਹਿਲਾਂ ਹੋ ਚੁੱਕਿਆ ਹੈ, ਗਰਮੀ ਦੀਆ ਛੁੱਟੀਆਂ ਦੌਰਾਨ ਉਨ੍ਹਾਂ ਬੱਚਿਆਂ ਨੂੰ ਫੋਲੋ ਅਪ ਕਰਨ ਦੀ ਸਖ਼ਤ ਹਦਾਇਤ ਕਰਦਿਆਂ ਉਨ੍ਹਾਂ ਦੱਸਿਆ ਕਿ ਅਨੀਮੀਆ ਮੁਕਤ ਭਾਰਤ ਪ੍ਰੋਗਰਾਮ ਦੇ ਤਹਿਤ ਬੱਚਿਆਂ ਨੂੰ ਅਨੀਮੀਆ ਤੋਂ ਬਚਾਉਣ ਲਈ ਜੋ ਆਇਰਨ ਫੋਲੀਕ ਐਸਿਡ (ਵੀਫਸ) ਦੀਆਂ ਗੋਲੀਆਂ ਮੁਹੱਈਆ ਕਰਾਵਾਈਆਂ ਜਾਂਦੀਆਂ ਹਨ, ਉਨ੍ਹਾਂ ਨੂੰ ਬੱਚਿਆਂ ਤੱਕ ਛੁੱਟੀਆਂ ਵਿੱਚ ਵੀ ਪਹੁੰਚਾ ਕੇ ਖੁਆਣੀਆਂ ਯਕੀਨੀ ਬਣਾਈਆ ਜਾਣ।
ਉਨ੍ਹਾਂ ਸਮੂਹ ਟੀਮਾਂ ਨੂੰ ਰਾਸ਼ਟਰੀ ਕਿਸ਼ੋਰ ਅਵਸਥਾ ਕਾਰਿਆਕਰਮ ਪ੍ਰੋਗਰਾਮ ਅਧੀਨ ਜਾਗਰੂਕਤਾ ਕੈਂਪ ਲਗਾ ਕੇ ਕਿਸ਼ੋਰ ਅਵਸਥਾ ਵਾਲੇ ਬੱਚਿਆਂ ਦੀ ਕੌਂਸਲਿੰਗ ਕਰਨ ਲਈ ਕਿਹਾ ਤਾਂ ਜੋ ਅੱਲ੍ਹੜ ਉਮਰ ਵਿੱਚ ਉਹ ਕਿਸੇ ਵੀ ਬਿਮਾਰੀ ਜਾਂ ਨਸ਼ੇ ਦਾ ਸ਼ਿਕਾਰ ਨਾ ਹੋਣ। ਇਸ ਤੋਂ ਇਲਾਵਾ ਸਮੂਹ ਆਂਗਣਵਾੜੀ ਸੈਂਟਰਾਂ ਦੇ ਬੱਚਿਆਂ ਨਾਲ ਵੀ ਤਾਲਮੇਲ ਕਰਨ ਦੀ ਹਦਾਇਤ ਕਰਦਿਆਂ ਉਨ੍ਹਾਂ ਕਿਹਾ ਕਿ ਮਿਡ ਡੇਅ ਮੀਲ ਸਮੇਂ ਕੁੱਕ ਵਰਕਰਾਂ ਦੇ ਹਥਾਂ ਦੀ ਸਫਾਈ ਦਾ ਸਮੇਂ ਸਮੇਂ ’ਤੇ ਨਿਰੀਖਣ ਕੀਤਾ ਜਾਵੇ। ਇਸ ਤੋਂ ਇਲਾਵਾ ਸਕੂਲ ਦੀ ਕੰਧ ’ਤੇ ਤੰਬਾਕੂ ਮੁਕਤ ਖੇਤਰ, ਸੋ ਗਜ਼ ਦੇ ਏਰੀਏ ਵਿੱਚ ਤੰਬਾਕੂ ਵੇਚਣ ਦੀ ਮਨਾਹੀ ਦੇ ਬੋਰਡ ਲਗਾਏ ਜਾਣੇ ਵੀ ਯਕੀਨੀ ਬਣਾਏ।
ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਰਵਿੰਦਰ ਸਿੰਗਲਾ, ਡਾ. ਕੰਵਲਪ੍ਰੀਤ ਕੌਰ ਬਰਾੜ ਜ਼ਿਲ੍ਹਾ ਟੀਕਾਕਰਨ ਅਫ਼ਸਰ-ਕਮ-ਜ਼ਿਲ੍ਹਾ ਸਕੂਲ ਨੋਡਲ ਅਫਸਰ, ਡਾ. ਰਵਨੀਤ ਕੌਰ ਸੀਨੀਅਰ ਮੈਡੀਕਲ ਅਫ਼ਸਰ ਸਰਦੂਲਗੜ੍ਹ, ਵਿਜੇ ਕੁਮਾਰ ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ, ਅਵਤਾਰ ਸਿੰਘ ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਤੋਂ ਇਲਾਵਾ ਜਿਲੇ੍ਹ ਦੇ ਸਮੂਹ ਆਰ ਬੀ ਐਸ ਕੇ ਟੀਮਾਂ ਦੇ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ।