ਜੀਵਨ ਗੁਪਤਾ/ਪਰਵੀਨ ਕੁਮਾਰ
ਬਠਿੰਡਾ, 18 ਮਈ: ਸਾਬਕਾ ਕੇਂਦਰੀ ਮੰਤਰੀ ਤੇ ਬਠਿੰਡਾ ਦੇ ਐਮ ਪੀ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਅੱਜ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਕਿਸਾਨੀ ਨੂੰ ਬਚਾਉਣ, ਕਮਜ਼ੋਰ ਵਰਗਾਂ ਦੀ ਮਦਦ ਅਤੇ ਵਪਾਰ ਤੇ ਉਦਯੋਗ ਨੂੰ ਉਤਸ਼ਾਹਿਤ ਕਰਨ ਵਾਸਤੇ ਸ਼੍ਰੋਮਣੀ ਅਕਾਲੀ ਦਲ ਦੀ ਹਮਾਇਤ ਕਰੋ।

ਬਠਿੰਡਾ ਦੇ ਐਮ ਪੀ, ਜਿਹਨਾਂ ਨੇ ਭੁੱਚੋ ਮੰਡੀ ਹਲਕੇ ਵਿਚ ਭਰਵੀਂਆਂ ਜਨਤਕ ਮੀਟਿੰਗਾਂ ਨੂੰ ਸੰਬੋਧਨ ਕੀਤਾ, ਨੇ ਕਿਹਾ ਕਿ ਪਿਛਲੇ ਸੱਤ ਸਾਲਾਂ ਤੋਂ ਕਾਂਗਰਸ ਤੇ ਆਮ ਆਦਮੀ ਪਾਰਟੀ (ਆਪ) ਦੇ ਕੁਸ਼ਾਸਨ ਨੇ ਪੰਜਾਬ ਨੂੰ 20 ਸਾਲ ਪਿੱਛੇ ਧੱਕ ਦਿੱਤਾ ਹੈ। ਸਮਾਜ ਦਾ ਹਰ ਵਰਗ ਇਹਨਾਂ ਦੋ ਪਾਰਟੀਆਂ ਵੱਲੋਂ ਠੱਗਿਆ ਮਹਿਸੂਸ ਕਰ ਰਿਹਾ ਹੈ। ਕਿਸਾਨਾਂ ਨੂੰ ਕਾਂਗਰਸ ਨੇ ਕਰਜ਼ਾ ਮੁਆਫੀ ਦਾ ਲਾਅਰਾ ਲਗਾਇਆ ਸੀ ਜਦੋਂ ਕਿ ਆਪ ਨੇ ਸਾਰੀਆਂ ਫਸਲਾਂ ਐਮ ਐਸ ਪੀ ’ਤੇ ਖਰੀਦਣ ਦਾ ਲਾਅਰਾ ਲਗਾਇਆ ਸੀ।  ਦੋਵੇਂ ਵਾਅਦੇ ਹੁਣ ਤੱਕ ਪੂਰੇ ਨਹੀਂ ਹੋਏ ਅਤੇ ਅੱਜ ਹਾਲਾਤ ਇਹ ਹਨ ਕਿ ਕਿਸਾਨਾਂ ਨੂੰ ਫਸਲਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਵੀ ਨਹੀਂ ਮਿਲ ਰਿਹਾ।

ਸਰਦਾਰਨੀ ਬਾਦਲ ਨੇ ਕਿਹਾ ਕਿ ਇਸੇ ਤਰੀਕੇ ਸਾਰੀਆਂ ਸਮਾਜ ਭਲਾਈ ਸਕੀਮਾਂ ਵਿਚ ਵੀ ਕਟੌਤੀ ਕਰ ਦਿੱਤੀ ਗਈ ਹੈ। ਕਾਂਗਰਸ ਸਰਕਾਰ ਨੇ ਅਕਾਲੀ ਦਲ ਦੀ ਸਰਕਾਰ ਵੇਲੇ ਦਿੱਤੀ ਜਾਂਦੀ 30 ਕਿਲੋ ਕਣਕ ਘਟਾ ਕੇ 15 ਕਿਲੋ ਕਰ ਦਿੱਤੀ ਸੀ ਤੇ ਹੁਣ ਆਪ ਨੇ ਘਟਾ ਕੇ 5 ਕਿਲੋ ਆਟਾ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਇਸੇ ਤਰੀਕੇ ਸ਼ਗਨ ਤੇ ਲੜਕੀਆਂ ਲਈ ਮੁਫਤ ਸਾਈਕਲ ਯੋਜਨਾ ਬੰਦ ਹੀ ਕਰ ਦਿੱਤੀ ਗਈ ਹੈ ਤੇ ਬੁਢਾਪਾ ਪੈਨਸ਼ਨ ਤੇ ਆਟਾ ਦਾਲ ਸਕੀਮ ਵਿਚੋਂ ਹਜ਼ਾਰਾਂ ਲਾਭਪਾਤਰੀਆਂ ਦੇ ਨਾਂ ਕੱਟ ਦਿੱਤੇ ਗਏ ਹਨ।
ਬਠਿੰਡਾ ਦੇ ਐਮ ਪੀ ਨੇ ਕਿਹਾ ਕਿ ਵਪਾਰ ਤੇ ਉਦਯੋਗ ਵੀ ਪਿਛਲੇ ਸੱਤ ਸਾਲਾਂ ਵਿਚ ਪ੍ਰਭਾਵਤ ਹੋਏ ਹਨ। ਉਹਨਾਂ ਕਿਹਾ ਕਿ ਕਾਨੂੰਨ ਵਿਵਸਥਾ ਕੰਟਰੋਲ ਤੋਂ ਬਾਹਰ ਹੈ। ਉਹਨਾਂ ਕਿਹਾ ਕਿ ਗੈਂਗਸਟਰ ਮਨਮਰਜ਼ੀਆਂ ਚਲਾ ਰਹੇ ਹਨ। ਫਿਰੌਤੀਆਂ ਸਿਖ਼ਰਾਂ ’ਤੇ ਹਨ। ਇਸ ਕਾਰਣ ਸੂਬੇ ਵਿਚ ਕੋਈ ਨਵਾਂ ਨਿਵੇਸ਼ ਨਹੀਂ ਹੋ ਰਿਹਾ ਤੇ ਪੰਜਾਬ ਤੋਂ ਉਦਯੋਗਪਤੀ ਉੱਤਰ ਪ੍ਰਦੇਸ਼ ਤੇ ਹੋਰ ਰਾਜਾਂ ਵਿਚ ਹਿਜਰਤ ਕਰ ਰਹੇ ਹਨ। ਉਹਨਾਂ ਕਿਹਾ ਕਿ ਇਸ ਕਾਰਣ ਬੇਰੋਜ਼ਗਾਰੀ ਵਿਚ ਚੋਖਾ ਵਾਧਾ ਹੋਇਆ ਹੈ।

ਅਕਾਲੀ ਆਗੂ ਨੇ ਕਿਹਾ ਕਿ ਕਾਂਗਰਸ ਤੇ ਆਪ ਦੋਵੇਂ ਪਾਰਟੀਆਂ ਨੇ ਸੂਬੇ ਵਿਚ ਨਸ਼ਿਆਂ ਦੇ ਪਸਾਰ ਦੀ ਪੁਸ਼ਤ ਪਨਾਹੀ ਕੀਤੀ ਹੈ। ਉਹਨਾਂ ਕਿਹਾ ਕਿ ਕਾਂਗਰਸ ਨੇ ਵਾਅਦਾ ਕੀਤਾ ਸੀ ਕਿ ਚਾਰ ਹਫਤਿਆਂ ਵਿਚ ਨਸ਼ਾ ਖਤਮ ਕਰ ਦੇਵੇਗੀ ਤੇ ਆਪ ਨੇ ਕਿਹਾ ਸੀ ਕਿ 10 ਦਿਨਾਂ ਵਿਚ ਨਸ਼ਾ ਖਤਮ ਹੋ ਜਾਵੇਗਾ। ਉਹਨਾਂ ਕਿਹਾ ਕਿ ਅੱਜ ਹਾਲਾਤ ਇਹ ਹੈ ਕਿ ਪੰਜਾਬ ਵਿਚ ਨਸ਼ਿਆਂ ਦੀ ਘਰ-ਘਰ ਡਲੀਵਰੀ ਹੋ ਰਹੀ ਹੈ। ਇਸਦਾ ਕਾਰਣ ਇਹ ਹੈ ਕਿ ਆਪ ਵਿਧਾਇਕ ਨਸ਼ਾ ਸਮੱਗਰਾਂ ਤੋਂ ਮਹੀਨੇ ਲੈ ਰਹੇ ਹਨ ਅਤੇ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਨਸ਼ਾ ਮਾਫੀਆ ਖਿਲਾਫ ਕਾਰਵਾਈ ਕਰਨ ਤੋਂ ਰੋਕ ਰਹੇ ਹਨ।

ਸਰਦਾਰਨੀ ਬਾਦਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਕਾਲੀ ਦਲ ’ਤੇ ਵਿਸ਼ਵਾਸ ਪ੍ਰਗਟ ਕਰਨ ਅਤੇ ਕਿਹਾ ਕਿ ਅਸੀਂ ਤੁਹਾਨੂੰ ਭਰੋਸਾ ਦੁਆਉਂਦੇ ਹਾਂ ਕਿ ਅਸੀਂ ਨਸ਼ੇ ਵੀ ਖਤਮ ਕਰਾਂਗੇ ਤੇ ਪੰਜਾਬ ਵਿਚੋਂ ਗੈਂਗਸਟਰ ਵੀ ਖਤਮ ਕਰਾਂਗੇ। ਉਹਨਾਂ ਕਿਹਾ ਕਿ ਅਕਾਲੀ ਦਲ ਸੂਬੇ ਦੇ ਹਿੱਤਾਂ ਦੀ ਰਾਖੀ ਵਾਸਤੇ ਵਚਨਬੱਧ ਹੈ ਜਦੋਂ ਕਿ ਕੌਮੀ ਪਾਰਟੀਆਂ ਅਜਿਹਾ ਨਹੀਂ ਕਰਦੀਆਂ। ਉਹਨਾਂ ਕਿਹਾ ਕਿ ਪੰਜਾਬ ਦੇ ਚੰਗੇ ਭਵਿੱਖ ਤੇ ਆਉਣ ਵਾਲੀਆਂ ਪੀੜੀਆਂ ਦੇ ਬੇਹਤਰ ਭਵਿੱਖ ਲਈ ਤੁਸੀਂ ਆਪਣੀ ਖੇਤਰੀ ਪਾਰਟੀ ’ਤੇ ਵਿਸ਼ਵਾਸ ਕਰੋ।
ਇਸ ਮੌਕੇ ਸੀਨੀਅਰ ਆਗੂ ਬਲਕਾਰ ਸਿੰਘ ਬਰਾੜ ਵੀ ਬਠਿੰਡਾ ਦੇ ਐਮ ਪੀ ਨਾਲ ਹਾਜ਼ਰ ਸਨ।