ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ ਦੇ ਵਿਦਿਆਰਥੀਆਂ ਨੇ ਟਰਾਈਡੈਂਟ ਗਰੁੱਪ ਉਦਯੋਗਿਕ ਪਲਾਂਟ ਦਾ ਵਿੱਦਿਅਕ ਦੌਰਾ ਕੀਤਾ


ਬਰਨਾਲਾ,8,ਦਸੰਬਰ /ਕਰਨਪ੍ਰੀਤ ਕਰਨ

ਇਲਾਕੇ ‘ਚ ਅੰਤਰਰਾਸ਼ਟਰੀ ਪੱਧਰ ਦੀ ਪੜ੍ਹਾਈ ਮਹੁੱਈਆ ਕਰਵਾ ਰਹੀ ਸਿਰਕੱਢ ਵਿੱਦਿਅਕ ਸੰਸਥਾ ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ ਦੇ ਬੱਚਿਆਂ ਨੁੰ ਹਰ ਖੇਤਰ ਸਬੰਧੀ ਜਾਣਕਾਰੀ ਪ੍ਰਦਾਨ ਕਰਨ ਹਿਤ ਵੱਖ ਵੱਖ ਸਰਗਰਮੀਆਂ ਕਰਵਾਈਆਂ ਜਾਂਦੀਆ ਹਨ,ਉੱਥੇ ਹੀ ਬੱਚਿਆਂ ਦੇ ਵਿਵਹਾਰਕ ਤੇ ਬਹੁਪੱਖੀ ਵਿਕਾਸ ‘ਚ ਵਾਧਾ ਕਰਨ ਦੇ ਮੰਤਵ ਨਾਲ ਸਮੇਂ ਸਮੇਂ ‘ਤੇ ਵਿੱਦਿਅਕ ਦੌਰੇ ਵੀ ਕਰਵਾਏ ਜਾਂਦੇ ਹਨ। ਇਸੇ ਲੜੀ ਤਹਿਤ ਸੰਸਥਾ ਚੇਅਰਮੈਨ ਰਵਿੰਦਰਜੀਤ ਸਿੰਘ ਬਿੰਦੀ, ਪ੍ਰਧਾਨ ਬਬਲੀ ਖੀਪਲ ਦੀ ਅਗਵਾਈ ਹੇਠ ਦਸਵੀਂ ਕਲਾਸ ਦੇ ਵਿਦਿਆਰਥੀਆਂ ਨੇ ਟਰਾਈਡੈਂਟ ਗਰੁੱਪ ਦੇ ਪਿੰਡ ਧੌਲਾ ਸਥਿਤ ਉਦਯੋਗਿਕ ਪਲਾਂਟ ਦਾ ਵਿੱਦਿਅਕ ਦੌਰਾ ਕੀਤਾ ਗਿਆ। ਜਿਸ ‘ਚ ਵਿਦਿਆਰਥੀਆਂ ਨੂੰ ਧੌਲਾ ਪਲਾਂਟ ਦੇ ਮੁੱਖ ਪ੍ਰਵਕਤਾ ਨਰਿੰਦਰ ਸਿੰਘ ਨੇ ਧੌਲਾ ਪਲਾਂਟ ‘ਚ ਤਿਆਰ ਹੁੰਦੇ ਉਤਪਾਦਾਂ ਤੇ ਨਾਲ ਹੀ ਵਿਦਿਆਰਥੀਆਂ ਨੂੰ ਉਦਯੋਗ ‘ਚ ਕੰਮ ਕਰਨ ਦੇ ਤਰੀਕਿਆਂ ਸਬੰਧੀ ਜਾਣਕਾਰੀ ਦਿੱਤੀ ਕਿ ਕਿਸ ਤਰ੍ਹਾਂ ਹੇਠਲੇ ਪੱਧਰ ਤੋਂ ਲੈ ਕੇ ਉੱਪਰ ਤੱਕ ਆਪਸੀ ਤਾਲਮੇਲ ਨਾਲ ਕਰਮਚਾਰੀ ਕੰਮ ਕਰਦੇ ਹਨ। ਪਲਾਂਟ ‘ਚ ਵਿਦਿਆਰਥੀਆਂ ਨੇ ਧਾਗੇ ਤੋਂ ਲੈ ਕੇ ਤਿਆਰ ਹੁੰਦੇ ਤੋਲੀਏ ਦੇ ਉਤਪਾਦਾ ਨੂੰ ਵੇਖਿਆ, ਜਿਸ ‘ਚ ਤੋਲੀਆ (ਟਾਵਲ) ਦੇ ਯੂਨਿਟ 2 ਵਿਚਲੀਆਂ ਮਸ਼ੀਨਾਂ ਤੇ ਕਰਮਚਾਰੀਆਂ ਦੇ ਕੰਮ ਦੇ ਤੌਰ ਤਰੀਕੇ ਨੂੰ ਧਿਆਨਪੂਰਵਕ ਵੇਖਿਆ। ਇਸ ਤੋਂ ਬਾਅਦ ਪਲਾਂਟ ‘ਚ ਸਥਿਤ ਤਕਸ਼ਿਲਾ ਸਿਖਲਾਈ ਤੇ ਡਿਵੱਲਮੈਂਟ ਸੈਂਟਰ ਦਾ ਵਿਦਿਆਰਥੀਆਂ ਨੂੰ ਦੌਰਾ ਕਰਵਾਇਆ ਗਿਆ, ਜਿਸ ‘ਚ ਵਿਦਿਆਰਥੀਆਂ ਨੂੰ ਦੱਸਿਆ ਗਿਆ ਕਿ ਟਰਾਈਡੈਂਟ ਗਰੁੱਪ ਦੇ ਚੇਅਰਮੈਨ ਪਦਮਸ਼੍ਰੀ ਡਾ. ਰਾਜਿੰਦਰ ਗੁਪਤਾ ਦੀ ਅਗਵਾਈ ਹੇਠ ਇਲਾਕੇ ਤੇ ਨੇੜਲੇ ਜ਼ਿਲਿ੍ਹਆਂ ਦੇ ਯੋਗ ਤੇ ਲੋੜਵੰਦ ਨੌਜਵਾਨ ਲੜਕੇਲੜਕੀਆਂ ਨੂੰ 3 ਮਹੀਨੇ ਦੀ ਮੁਫਤ ਸਿਲਾਈ, ਪੈਕਿੰਗ, ਚੈਕਿੰਗ ਕਰਨ ਦੀ ਟਰੇਨਿੰਗ ਦਿੱਤੀ ਜਾਂਦੀ ਹੈ ਤੇ ਬਾਅਦ ‘ਚ ਪਲਾਂਟ ਵਿੱਚ ਹੀ ਭਰਤੀ ਕੀਤੀ ਜਾਂਦੀ ਹੈ। ਇਸ ਮੌਕੇ ਵਿਦਿਆਰਥੀਆਂ ਨੂੰ ਟਰਾਈਡੈਂਟ ਗਰੁੱਪ ਦੇ ਤਿਆਰ ਹੁੰਦੇ ਵੱਖ ਵੱਖ ਉਤਪਾਦਾਂ ਪੇਪਰ, ਕੈਮੀਕਲ, ਕਪੜੇ ਬਾਰੇ ਵਿਸਥਾਰ ‘ਚ ਜਾਣਕਾਰੀ ਦਿੱਤੀ ਗਈ। ਵਿਦਿਆਰਥੀ ਇਸ ਦੌਰੇ ਦੌਰਾਨ ਰੋਮਾਂਚਿਤ ਨਜ਼ਰ ਆਏ। ਸੰਸਥਾ ਚੇਅਰਮੈਨ ਰਵਿੰਦਰਜੀਤ ਸਿੰਘ ਬਿੰਦੀ ਨੇ ਕਿਹਾ ਕਿ ਭਵਿੱਖ ‘ਚ ਵੀ ਵਿਦਿਆਰਥੀਆਂ ਦੇ ਅਜਿਹੇ ਉਦਯੋਗਿਕ ਦੌਰੇ ਕਰਵਾਏ ਜਾਣਗੇ ਤਾਂ ਜੋ ਵਿਦਿਆਰਥੀ ਸਮੇਂ ਦੇ ਹਾਣੀ ਬਣ ਸਕਣ ਤੇ ਉਦਯੋਗ ਦੇ ਕੰਮ ਕਰਨ ਦੇ ਤਰੀਕੇ ਤੇ ਆਉਂਦੀਆਂ ਤਬਦੀਲੀਆਂ ਤੋਂ ਜਾਣੂੰ ਹੋਣ ਤਾਂ ਜੋ ਅੱਗੇ ਉਚੇਰੀ ਸਿੱਖਿਆ ਪ੍ਰਰਾਪਤ ਕਰਕੇ ਉਦਯੋਗਾ ‘ਚ ਨੌਕਰੀ ਪ੍ਰਰਾਪਤ ਕਰਨ ‘ਚ ਵੀ ਅਸਾਨੀ ਹੋ ਸਕੇ। ਇਸ ਮੌਕੇ ਅਧਿਆਪਕ ਤੇ ਵਿਦਿਆਰਥੀ ਹਾਜ਼ਰ ਸਨ।